Close
Menu

‘ਸਖੀ ਸੈਂਟਰ’ ਵਿੱਚ ਆਈ ਬੰਗਾਲਣ ਸਖੀ ਨੇ ਪਾਈਆਂ ਭਾਜੜਾਂ

-- 21 July,2017

ਬਠਿੰਡਾ, ਬਠਿੰਡਾ ਦੇ ‘ਸਖੀ ਸੈਂਟਰ’ ’ਚ ਆਈ ਬੰਗਾਲਣ ਮਹਿਮਾਨ ਨੇ ਅਫ਼ਸਰਾਂ ਨੂੰ ਭਾਜੜਾਂ ਪਾ ਦਿੱਤੀਆਂ ਹਨ। ਕੋਈ ਅਫ਼ਸਰ ਜਾਂ ਮੁਲਾਜ਼ਮ ਇਸ ਬੰਗਾਲਣ ਦੀ ਬੋਲੀ ਸਮਝਣੋਂ ਬੇਵੱਸ ਹੈ। ਇਸ ਬੰਗਾਲਣ ਦਾ ਥਹੁ ਟਿਕਾਣਾ ਵੀ ਪਤਾ ਨਹੀਂ ਲੱਗ ਰਿਹਾ ਹੈ। ਕੇਂਦਰੀ ਸਕੀਮ ਨਾਲ ਬਣੇ ‘ਸਖੀ ਸੈਂਟਰ’ ’ਚ ਦੋ ਦਿਨ ਪਹਿਲਾਂ ਇਹ ਬੰਗਾਲਣ ਔਰਤ ਆਈ ਹੈ ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਹੁਣ ਨਾਰੀ ਨਿਕੇਤਨ ਭੇਜਣ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਇਹ ਬੰਗਾਲਣ ਦੋ ਦਿਨ ਪਹਿਲਾ ਰਾਤ ਨੂੰ ਸੜਕ ’ਤੇ ਘੁੰਮ ਰਹੀ ਸੀ ਅਤੇ ਉਸ ’ਤੇ ਅਚਾਨਕ ਇੱਕ ਏਐਸਆਈ ਦੀ ਨਜ਼ਰ ਪੈ ਗਈ। ਉਸ ਵਕਤ ਇਹ ਔਰਤ ਅਜੀਬੋ ਗਰੀਬ ਹਰਕਤਾਂ ਕਰ ਰਹੀ ਸੀ। ‘ਸਖੀ ਸੈਂਟਰ’ ’ਚ ਜਦੋਂ ਪ੍ਰਬੰਧਕਾਂ ਕੋਲ ਇਹ ਬੰਗਾਲਣ ਔਰਤ ਪੁੱਜੀ ਤਾਂ ਉਸ ਦੀ ਦਿਮਾਗੀ ਹਾਲਤ ਠੀਕ ਨਾ ਜਾਪੀ। ਪ੍ਰਸ਼ਾਸਨ ਤਰਫ਼ੋਂ ਥਾਣਾ ਕੈਨਾਲ ਦੀ ਪੁਲੀਸ ਨੂੰ ਹਦਾਇਤ ਮਿਲਣ ਮਗਰੋਂ ਉਹ ਬੰਗਾਲਣ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਇਲਾਜ ਵਾਸਤੇ ਲੈ ਕੇ ਗਏ। ਸੂਤਰ ਦੱਸਦੇ ਹਨ ਕਿ ਉਥੇ ਡਾਕਟਰਾਂ ਨੇ ਮਹਿਲਾ ਦੀ ਦਿਮਾਗੀ ਹਾਲਤ ਦਰੁੱਸਤ ਪਾਈ ਜਿਸ ਕਰ ਕੇ ਬੰਗਾਲਣ ਨੂੰ ਮੁੜ ਸਖੀ ਸੈਂਟਰ ਲਿਆਂਦਾ ਗਿਆ। ਸੂਤਰਾਂ ਮੁਤਾਬਕ ਪ੍ਰਸ਼ਾਸਨ ਨੇ ਜ਼ਿਲ੍ਹਾ ਪੁਲੀਸ ਨੂੰ ਸਖੀ ਸੈਂਟਰ ਵਿੱਚ ਪੁਲੀਸ ਪਹਿਰਾ ਲਾਉਣ ਦੀ ਮੰਗ ਕੀਤੀ ਤਾਂ ਉਦੋਂ ਤੋਂ ਹੀ ਦੋ ਮਹਿਲਾ ਸਿਪਾਹੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਜਦੋਂ ਪ੍ਰਸ਼ਾਸਨ ਨੇ ਮਹਿਲਾ ਨੂੰ ਨਾਰੀ ਨਿਕੇਤਨ ਛੱਡਣ ਦਾ ਫ਼ੈਸਲਾ ਕੀਤਾ ਤਾਂ ਪਹਿਲਾਂ ਵਾਹਨ ਅਤੇ ਮਗਰੋਂ ਤੇਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਜਦੋਂ ਪੁਲੀਸ ਨੂੰ ਇਸ ਮਹਿਲਾ ਨੂੰ ਜਲੰਧਰ ਛੱਡਣ ਵਾਸਤੇ ਆਖਿਆ ਗਿਆ ਤਾਂ ਵਾਹਨ ਵਿਚ ਤੇਲ ਪਾਉਣ ਤੋਂ ਪੁਲੀਸ ਨੇ ਆਨਾ-ਕਾਨੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਬੰਗਾਲਣ ਦੀ ਭਾਸ਼ਾ ਸਮਝਣ ਲਈ ਬਹੁਤੇ ਸਾਰੇ ਲੋਕਾਂ ਤੱਕ ਪਹੁੰਚ ਵੀ ਕੀਤੀ ਪ੍ਰੰਤੂ ਸਾਰੀਆਂ ਕੋਸ਼ਿਸ਼ਾਂ ਬੇਅਰਥ ਰਹੀਆਂ। ਪੁਲੀਸ ਨੇ ਬੰਗਾਲੀ ਔਰਤ ਬਾਰੇ ਚਾਰੇ ਪਾਸੇ ਸੂਚਨਾ ਭੇਜੀ ਹੈ ਤਾਂ ਜੋ ਉਸ ਦਾ ਕੋਈ ਜਾਣਕਾਰ ਮਿਲ ਸਕੇ।

Facebook Comment
Project by : XtremeStudioz