Close
Menu

ਸਪਾ ਦੀ ਰੈਲੀ ਵਿੱਚ ਇਕੋ ਮੰਚ ਉੱਤੇ ਨਜ਼ਰ ਆਏ ਮੁਲਾਇਮ ਤੇ ਅਖਿਲੇਸ਼

-- 24 September,2018

ਨਵੀਂ ਦਿੱਲੀ, ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਐਤਵਾਰ ਨੂੰ ਇਥੇ ਇਕ ਰੈਲੀ ਦੌਰਾਨ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨਾਲ ਨਜ਼ਰ ਆਏ। ਉਨ੍ਹਾਂ ਦਾ ਅਖਿਲੇਸ਼ ਨਾਲ ਮੰਚ ਸਾਂਝਾ ਕਰਨਾ ਸ਼ਿਵਪਾਲ ਯਾਦਵ ਲਈ ਵੱਡਾ ਧੱਕਾ ਹੈ। ਸ਼ਿਵਪਾਲ ਨੇ ਆਪਣੀ ਵੱਖਰੀ ਜਥੇਬੰਦੀ ਬਣਾ ਲਈ ਹੈ। ਸ਼ਿਵਪਾਲ ਯਾਦਵ ਨੇ ਸਮਾਜਵਾਦੀ ਸੈਕੂਲਰ ਮੋਰਚਾ ਬਣਾਉਣ ਬਾਅਦ ਦਾਅਵਾ ਕੀਤਾ ਸੀ ਕਿ ਉਸ ਨੂੰ ਮੁਲਾਇਮ ਸਿੰਘ ਯਾਦਵ ਦਾ ਆਸ਼ੀਰਵਾਦ ਹੈ।
ਇਥੇ ਜੰਤਰ ਮੰਤਰ ’ਤੇ ਸਾਈਕਲ ਰੈਲੀ ਦੀ ਸਮਾਪਤੀ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁਲਾਇਮ ਸਿੰਘ ਯਾਦਵ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਬਣੇ ਅਤੇ ਦਿੱਲੀ ਰਾਜਨੀਤੀ ਵਿੱਚ ਇਸ ਦੀ ਹਿੱਸੇਦਾਰੀ ਰਹੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਭਿ੍ਸ਼ਟਾਚਾਰ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁਲਕ ਵਿੱਚ ਕਿਸਾਨ ਅਤੇ ਨੌਜਵਾਨ ਉਦੋਂ ਹੀ ਮਜ਼ਬੂਤ ਹੋਣਗੇ ਜਦੋਂ ਸਪਾ ਮਜ਼ਬੂਤ ਹੋਵੇਗੀ।
ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਮੁਲਕ ਵਿੱਚ ਦੋ ਕਰੋੜ ਲੋਕ ਬੇਰੁਜ਼ਗਾਰ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਸੀ ਕਿ ਇਨ੍ਹਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਅਤੇ ਹਰ ਇਕ ਨੂੰ 15 ਲੱਖ ਰੁਪਏ ਦੇਣ ਦਾ ਕੀ ਬਣਿਆ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਝੂਠ ਦੇ ਆਧਾਰ ’ਤੇ ਸਰਕਾਰ ਬਣਾਈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ, ਜੋ ਕਹਿੰਦੀ ਹੈ ਉਹੀ ਕਰਦੀ ਹੈ। ਉਨ੍ਹਾਂ ਅਖਿਲੇਸ਼ ਯਾਦਵ ਨੂੰ ਵੱਖ ਵੱਖ ਕਮੇਟੀਆਂ ਵਿੱਚ ਔਰਤਾਂ ਨੂੰ ਵੀ ਸ਼ਾਮਲ ਕਰਨ ਲਈ ਕਿਹਾ।
ਦੂਜੇ ਪਾਸੇ ਅਖਿਲੇਸ਼ ਯਾਦਵ ਨੇ ਉੱਤਰਪ੍ਰਦੇਸ਼ ਵਿੱਚ ਜਾਤੀ ਆਧਾਰਤ ਮਰਦਮਸ਼ੁਮਾਰੀ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਤੋਂ ਬਿਨਾਂ ਸੂਬੇ ਵਿੱਚ ਸਮਾਜਿਕ ਨਿਆਂ ਸੰਭਵ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੇ ਹਸਪਤਾਲਾਂ ਵਿੱਚ ਜਾਤ ਦੇ ਆਧਾਰ ’ਤੇ ਇਲਾਜ ਹੁੰਦਾ ਹੈ। ਪੁਲੀਸ ਵੀ ਸ਼ਿਕਾਇਤਕਰਤਾ ਦੀ ਜਾਤ ਦੇ ਆਧਾਰ ’ਤੇ ਕਾਰਵਾਈ ਕਰਦੀ ਹੈ। ਰਾਫਾਲ ਡੀਲ ਬਾਰੇ ਅਖਿਲੇਸ਼ ਨੇ ਸਾਂਝੀ ਸੰਸਦ ਕਮੇਟੀ ਵੱਲੋਂ ਜਾਂਚ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਚਾਈ ਸਾਹਮਣੇ ਨਹੀਂ ਆ ਸਕਦੀ।

Facebook Comment
Project by : XtremeStudioz