Close
Menu

ਸਰਕਾਰ ਫਰਵਰੀ ਦੀਆਂ ਤਨਖ਼ਾਹਾਂ ਵੀ ਕਿਸ਼ਤਾਂ ਵਿਚ ਦੇਣ ਦੀ ਤਾਕ ’ਚ

-- 21 February,2018

ਚੰਡੀਗੜ੍ਹ, ਪੰਜਾਬ ਸਰਕਾਰ ਦਾ ਵਿੱਤੀ ਸੰਕਟ ਤੋਂ ਖਹਿੜਾ ਛੁੱਟਦਾ ਨਹੀਂ ਜਾਪਦਾ। ਇਸ ਕਾਰਨ ਫਰਵਰੀ ਦੀਆਂ ਤਨਖ਼ਾਹਾਂ ਵੀ ਪਿਛਲੇ ਮਹੀਨੇ ਵਾਂਗ ਕਿਸ਼ਤਾਂ ਵਿਚ ਦਿੱਤੇ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੁਲਾਜ਼ਮਾਂ, ਅਧਿਕਾਰੀਆਂ ਅਤੇ ਸੇਵਾਮੁਕਤ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਦੇ ਬਿੱਲ ਸਮੂਹ ਖ਼ਜ਼ਾਨਾ ਦਫਤਰਾਂ ਵਿਚ ਕਈ ਮਹੀਨਿਆਂ ਤੋਂ ਲਟਕੇ ਹੋਣ ਕਾਰਨ ਸਰਕਾਰ ਉਪਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਤੇ ਮੁਲਾਜ਼ਮਾਂ ਵਿੱਚ ਬੇਚੈਨੀ ਵਧ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ  ਸੂਬੇ ਦੇ ਸਮੂਹ ਖ਼ਜ਼ਾਨਾ ਅਫਸਰਾਂ ਨੂੰ ਹਦਾਇਤ ਦਿੱਤੀ ਹੈ ਕਿ ਸਾਰੇ ਡੀਡੀਓਜ਼ ਕੋਲੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਤਨਖ਼ਾਹਾਂ ਦੇ ਬਿੱਲ ਗਰੁੱਪ ਏ, ਬੀ, ਸੀ ਅਤੇ ਡੀ ਤਹਿਤ (ਗਰੁੱਪਵਾਰ) ਵੱਖ-ਵੱਖ ਲਏ ਜਾਣ। ਨਾਲ ਹੀ ਇਕ ਪ੍ਰਫਾਰਮਾ ਭੇਜ ਕੇ ਹਰੇਕ ਮੁਲਾਜ਼ਮ ਦੀ ਤਨਖ਼ਾਹ ਦੇ ਪੂਰੇ ਵੇਰਵੇ ਵੀ ਹਾਸਲ ਕਰਨ ਦੇ ਹੁਕਮ ਦਿੱਤੇ ਹਨ। ਇਸ ਪ੍ਰਫਾਰਮੇ ਵਿਚ ਕੁੱਲ ਤਨਖ਼ਾਹ, ਕਟੌਤੀਆਂ ਤੇ ਕੱਟ ਕਟਾ ਕੇ ਮਿਲਦੀ ਤਨਖ਼ਾਹ ਦੇ ਪੂਰੇ ਵੇਰਵੇ ਮੰਗੇ ਗਏ ਹਨ, ਜਿਸ ਕਾਰਨ ਮੁਲਾਜ਼ਮਾਂ ਵਿਚ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਹੈ।
ਦੱਸਣਯੋਗ ਹੈ ਕਿ ਸਰਕਾਰ ਨੇ ਜ਼ੁਬਾਨੀ ਹੁਕਮਾਂ ਰਾਹੀਂ ਜਨਵਰੀ ਮਹੀਨੇ ਦੀਆਂ ਤਨਖ਼ਾਹਾਂ ਦੇ ਬਿੱਲ ਵੀ ਰਿਵਾਇਤੀ ਢੰਗ ਦੀ ਥਾਂ ਮੁਲਾਜ਼ਮਾਂ ਦੇ ਗਰੁੱਪਾਂ ਮੁਤਾਬਕ ਮੰਗੇ ਸਨ ਤੇ ਤਨਖ਼ਾਹਾਂ ਵੀ ਚੌਥੇ ਦਰਜੇ ਤੋਂ ਸ਼ੁਰੂ ਕਰ ਕੇ ਗੁਰੱਪਵਾਰ ਕਿਸ਼ਤਾਂ ਵਿਚ ਦਿੱਤੀਆਂ ਹਨ। ਇਸ ਵਾਰ ਵੀ ਇਹੋ ਤਰੀਕਾ ਅਪਣਾਏ ਜਾਣ ਤੋਂ ਸੰਕੇਤ ਮਿਲੇ ਹਨ ਕਿ ਸਰਕਾਰ ਫਰਵਰੀ ਦੀ ਤਨਖ਼ਾਹ ਵੀ ਕਿਸ਼ਤਾਂ ਵਿਚ ਦੇ ਸਕਦੀ ਹੈ। ਦੂਜੇ ਪਾਸੇ ਇਸ ਕਾਰਨ ਕੈਪਟਨ ਸਰਕਾਰ ’ਤੇ ਚੁਫੇਰਿਓਂ ਹਮਲੇ ਵੀ ਹੋ ਰਹੇ ਹਨ ਪਰ ਇਸ ਦੇ ਬਾਵਜੂਦ ਵਿਭਾਗ ਪਹਿਲੀ ਮਾਰਚ ਨੂੰ ਸਾਰੀਆਂ ਤਨਖ਼ਾਹਾਂ ਰਿਲੀਜ਼ ਕਰਨ ਦੇ ਸਮਰੱਥ ਨਹੀਂ ਜਾਪ ਰਿਹਾ।

ਮੁਲਾਜ਼ਮ ਭਲਕੇ ਕਰਨਗੇ ਮੁਜ਼ਾਹਰਾ
ਤਨਖ਼ਾਹਾਂ ਦੇ ਮੁੱਦੇ ’ਤੇ ਪੰਜਾਬ ਅਤੇ ਯੂਟੀ ਦੇ ਮੁਲਾਜ਼ਮਾਂ ਦੀ ਐਕਸ਼ਨ ਕਮੇਟੀ ਨੇ 21 ਫਰਵਰੀ ਨੂੰ ਵਿਕਾਸ ਭਵਨ, ਮੁਹਾਲੀ ਮੂਹਰੇ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਹੈ। ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਿਰਾਂ ਉਪਰੋਂ ਪਾਣੀ ਲੰਘ ਚੁੱਕਾ ਹੈ। ਉਨ੍ਹਾਂ ਦੀਆਂ ਕੈਪਟਨ ਸਰਕਾਰ ਤੋਂ ਆਸਾਂ ਟੁੱਟਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਕੋਲ ਸੜਕਾਂ ’ਤੇ ਨਿਕਲਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ।

Facebook Comment
Project by : XtremeStudioz