Close
Menu

ਸਰਦ ਰੁੱਤ ਇਜਲਾਸ: ਦੂਜਾ ਦਿਨ ਰਾਫ਼ੇਲ, ਅਯੁੱਧਿਆ ਅਤੇ ਕਾਵੇਰੀ ਦੇ ਰੌਲੇ ਦੀ ਭੇਟ ਚੜ੍ਹਿਆ

-- 13 December,2018

ਨਵੀਂ ਦਿੱਲੀ, 13 ਦਸੰਬਰ
ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਅੱਜ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਵੱਲੋਂ ਰਾਫ਼ੇਲ ਕਰਾਰ, ਰਾਮ ਮੰਦਿਰ ਤੇ ਕਾਵੇਰੀ ਨਦੀ ਦੇ ਪਾਣੀ ਨੂੰ ਲੈ ਕੇ ਪਾਏ ਰੌਲੇ-ਰੱਪੇ ਕਰਕੇ ਕੋਈ ਬਹੁਤਾ ਸੰਸਦੀ ਕੰਮਕਾਜ ਨਹੀਂ ਹੋ ਸਕਿਆ। ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਦੋਵਾਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਚੇਤੇ ਰਹੇ ਕਿ ਇਜਲਾਸ ਦੇ ਪਹਿਲੇ ਦਿਨ ਵੀ ਵਿੱਛੜੇ ਆਗੂਆਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਦੋਵੇਂ ਸਦਨਾਂ ਨੂੰ ਦਿਨ ਭਰ ਲਈ ਮੁਲਤਵੀ ਕਰ ਦਿਤਾ ਗਿਆ ਸੀ। ਇਸ ਦੌਰਾਨ ਅੱਜ ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਪਾਏ ਰੌਲੇ-ਰੱਪੇ ਦਰਮਿਆਨ ਹੀ ਦਿਮਾਗੀ ਰੋਗਾਂ (ਔਟਿਜ਼ਮ, ਸੈਰੀਬ੍ਰਲ ਪੈਲਸੀ, ਮੈਂਟਲ ਰਿਟਾਰਡੇਸ਼ਨ ਤੇ ਮਲਟੀਪਲ ਡਿਸਐਬਿਲਟੀਜ਼) ਨਾਲ ਪੀੜਤ ਮਰੀਜ਼ਾਂ ਦੀ ਭਲਾਈ ਲਈ ਕੌਮੀ ਟਰੱਸਟ ਬਣਾਉਣ ਸਬੰਧੀ ਸੋਧ ਬਿੱਲ ਨੂੰ ਪਾਸ ਕਰ ਦਿੱਤਾ।
ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਅੱਜ ਲੋਕ ਸਭਾ ਵਿੱਚ ਜਿਉਂ ਹੀ ਸਦਨ ਜੁੜਿਆ ਤਾਂ ਕਾਂਗਰਸ, ਸ਼ਿਵ ਸੈਨਾ, ਟੀਡੀਪੀ ਤੇ ਏਆਈਏਡੀਐਮਕੇ ਦੇ ਮੈਂਬਰ ਹੱਥਾਂ ਵਿੱਚ ਤਖ਼ਤੀਆਂ ਚੁੱਕੀ ਸਦਨ ਦੇ ਐਨ ਵਿਚਾਲੇ ਆ ਗਏ ਤੇ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨ ਲੱਗੇ। ਇਸ ਤੋਂ ਪਹਿਲਾਂ ਪ੍ਰਸ਼ਨ ਕਾਲ ਦੌਰਾਨ ਵੀ ਸ਼ੋਕ ਸੁਨੇਹਿਆਂ ਦੇ ਹਵਾਲੇ ਮਗਰੋਂ ਇਹੀ ਕੁਝ ਵੇਖਣ ਨੂੰ ਮਿਲਿਆ। ਕਾਂਗਰਸੀ ਸੰਸਦ ਮੈਂਬਰਾਂ ਨੇ ਜਿੱਥੇ ਰਾਫ਼ੇਲ ਖਰੀਦ ਕਰਾਰ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਾਏ ਜਾਣ ਦੀ ਮੰਗ ਕੀਤੀ, ਉਥੇ ਸ਼ਿਵ ਸੈਨਾ ਦੇ ਮੈਂਬਰਾਂ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਫੌਰੀ ਉਸਾਰੀ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਅੰਨਾ ਡੀਐਮਕੇ ਨਾਲ ਸਬੰਧਤ ਮੈਂਬਰਾਂ ਨੇ ਕਾਵੇਰੀ ਨਦੀ ਦਾ ਮੁੱਦਾ ਚੁਕਦਿਆਂ ਤਾਮਿਲ ਨਾਡੂ ਦੇ ਕਿਸਾਨਾਂ ਲਈ ਨਿਆਂ ਮੰਗਿਆ। ਟੀਡੀਪੀ ਮੈਂਬਰਾਂ ਨੇ ਵਿਸ਼ਾਖਾਪਟਨਮ ਵਿੱਚ ਰੇਲਵੇ ਜ਼ੋਨ ਦੀ ਮੰਗ ਲਈ ਨਾਅਰੇ ਲਾਏ। ਸਪੀਕਰ ਸੁਮਿੱਤਰਾ ਮਹਾਜਨ ਨੇ ਨਾਅਰੇਬਾਜ਼ੀ ਕਰਦੇ ਮੈਂਬਰਾਂ ਨੂੰ ਬਥੇਰਾ ਸਮਝਾਇਆ, ਪਰ ਉਹ ਨਹੀਂ ਮੰਨੇ। ਆਖਿਰ ਨੂੰ ਸਪੀਕਰ ਨੇ ਸਦਨ ਨੂੰ ਦਿਨ ਭਰ ਲਈ ਮੁਅੱਤਲ ਕਰ ਦਿੱਤਾ। ਉਧਰ ਰਾਜ ਸਭਾ ਨੂੰ ਅੱਜ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਦੋ ਵਾਰ ਮੁਲਤਵੀ ਕੀਤਾ ਗਿਆ। ਉਪਰਲੇ ਸਦਨ ਵਿੱਚ ਅੰਨਾ ਡੀਐਮਕੇ ਤੇ ਡੀਐਮਕੇ ਦੇ ਸੰਸਦ ਮੈਂਬਰਾਂ ਨ ਕਾਵੇਰੀ ਜਲ ਵਿਵਾਦ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਚੇਅਰਮੈਨ ਵੈਂਕੱਈਆ ਨਾਇਡੂ ਨੇ ਹੋਰਨਾਂ ਮੈਂਬਰਾਂ ਵੱਲੋਂ ਦਿੱਤੇ ਨੋਟਿਸਾਂ ਦਾ ਵਾਸਤਾ ਪਾ ਕੇ ਉਨ੍ਹਾਂ ਨੂੰ ਸੀਟਾਂ ’ਤੇ ਬੈਠਣ ਦੀ ਅਪੀਲ ਕੀਤੀ, ਪਰ ਉਹ ਆਪਣੀ ਗੱਲ ਤੇ ਬਜ਼ਿੱਦ ਰਹੇ ਤੇ ਸਦਨ ਨੂੰ ਮੁਲਤਵੀ ਕਰਨਾ ਪਿਆ। ਸਦਨ ਜਦੋਂ ਦੋ ਵਜੇ ਮੁੜ ਜੁੜਿਆ ਤਾਂ ਰਾਜ ਸਭਾ ਨੇ ਰੌਲੇ ਰੱਪੇ ਵਿੱਚ ਹੀ ਦਿਮਾਗੀ ਰੋਗਾਂ ਦੀ ਭਲਾਈ ਨਾਲ ਸਬੰਧਤ ਕੌਮੀ ਟਰੱਸਟ ਬਣਾਉਣ ਨਾਲ ਸਬੰਧਿਤ ਸੋਧ ਬਿੱਲ ਨੂੰ ਪਾਸ ਕਰ ਦਿੱਤਾ। ਸਮਾਜਿਕ ਨਿਆਂ ਬਾਰੇ ਮੰਤਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ ਬਿੱਲ ਵਿਚਲੀਆਂ ਨਵੀਆਂ ਸੋਧਾਂ ਨਾਲ ਬੋਰਡ ਦੇ ਚੇਅਰਪਰਸਨ ਦੀ ਨਿਯੁਕਤੀ ਨਾਲ ਸਬੰਧਤ ਅਮਲ ਸੁਖਾਲਾ ਹੋ ਜਾਵੇਗਾ। ਬਿੱਲ ਪਾਸ ਹੁੰਦਿਆਂ ਹੀ ਉਪਰਲੇ ਸਦਨ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ।

Facebook Comment
Project by : XtremeStudioz