Close
Menu

ਸਰਦ ਰੁੱਤ ਇਜਲਾਸ: ਮੋਦੀ ਨੇ ਮੰਗਿਆ ਸਹਿਯੋਗ; ਕਾਂਗਰਸ ਦਾ ਮੁਆਫ਼ੀ ’ਤੇ ਜ਼ੋਰ

-- 15 December,2017

ਨਵੀਂ ਦਿੱਲੀ, 15 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਲਕ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਉਸਾਰੂ ਬਣਾਉਣ ਲਈ ਵਿਰੋਧੀ ਧਿਰ ਤੋਂ ਸਹਿਯੋਗ ਮੰਗਿਆ, ਜਦੋਂ ਕਿ ਕਾਂਗਰਸ ਨੇ ਗੁਜਰਾਤ ਚੋਣ ਮੁਹਿੰਮ ਦੌਰਾਨ ਡਾ. ਮਨਮੋਹਨ ਸਿੰਘ ਉਤੇ ਹਮਲੇ ਲਈ ਪ੍ਰਧਾਨ ਮੰਤਰੀ ਤੋਂ ਮੁਆਫ਼ੀ ਮੰਗਣ ਉਤੇ ਜ਼ੋਰ ਦਿੱਤਾ। ਸੈਸ਼ਨ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੋ ਵਾਰ ਕਰਵਾਉਣ ਦੀ ਮੰਗ ਦੁਹਰਾਈ। ਦੂਜੇ ਪਾਸੇ ਕਾਂਗਰਸ ਨੇ ਵੀ ਸੈਸ਼ਨ ਦੌਰਾਨ ਸਰਕਾਰ ਨੂੰ ਮੁੱਖ ਮੁੱਦਿਆਂ ਉਤੇ ਘੇਰਨ ਲਈ ਸਾਂਝੀ ਰਣਨੀਤੀ ਘੜਨ ਵਾਸਤੇ ਵਿਰੋਧੀ ਪਾਰਟੀਆਂ ਨਾਲ ਮੀਟਿੰਗ ਕੀਤੀ।
ਸਰਬ ਪਾਰਟੀ ਮੀਟਿੰਗ ਵਿੱਚ ਸ੍ਰੀ ਮੋਦੀ ਦੀਆਂ ਟਿੱਪਣੀਆਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੀਆਂ ਪਾਰਟੀਆਂ ਨੂੰ ਪੱਖਪਾਤੀ ਸਿਆਸਤ ਤੋਂ ਉਪਰ ਉੱਠ ਕੇ ਚੋਣਾਂ ਇਕੋ ਵੇਲੇ ਕਰਵਾਉਣ ਦੀ ਤਜਵੀਜ਼ ਦੀ ਹਮਾਇਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਵਿਚਾਰ ਹੈ ਕਿ ਦੇਸ਼ ਭਰ ਵਿੱਚ ਚੋਣ ਚੱਕਰ ਬਿਨਾਂ ਰੁਕੇ ਲਗਾਤਾਰ ਚੱਲਣ ਕਾਰਨ ਸਰਕਾਰੀ ਕੰਮਾਂ ਵਿੱਚ ਅੜਿੱਕਾ ਆਉਂਦਾ ਹੈ ਕਿਉਂਕਿ ਇਕ ਤਾਂ ਚੋਣ ਜ਼ਾਬਤਾ ਲੱਗ ਜਾਂਦਾ ਹੈ ਅਤੇ ਦੂਜਾ ਅਧਿਕਾਰੀਆਂ ਦੀਆਂ ਡਿਊਟੀਆਂ ਚੋਣਾਂ ਵਿੱਚ ਲੱਗ ਜਾਂਦੀਆਂ ਹਨ। ਸਰਬ ਪਾਰਟੀ ਮੀਟਿੰਗ ਦੌਰਾਨ ਕਾਂਗਰਸ ਆਗੂਆਂ ਨੇ ਸ੍ਰੀ ਮੋਦੀ ਦੇ ਗੁਜਰਾਤ ਵਿੱਚ ਕੀਤੇ ਉਸ ਦਾਅਵੇ ਦਾ ਮੁੱਦਾ ਉਠਾਇਆ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਨਾਲ ਗੰਢਤੁੱਪ ਕੀਤੀ ਹੈ। ਪਾਰਟੀ ਨੇ ਕਿਹਾ ਕਿ ਜਾਂ ਤਾਂ ਸਰਕਾਰ ਆਪਣਾ ਦਾਅਵਾ ਸਾਬਤ ਕਰੇ ਜਾਂ ਪ੍ਰਧਾਨ ਮੰਤਰੀ ਮੁਆਫ਼ੀ ਮੰਗਣ। ਪਾਰਟੀ ਇਹ ਮੁੱਦਾ ਸੰਸਦ ਵਿੱਚ ਚੁੱਕੇਗੀ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਸ੍ਰੀ ਨਾਇਡੂ ਰਾਜ ਸਭਾ ਦੇ ਚੇਅਰਮੈਨ ਵੀ ਹਨ। ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਹੋਈ ਇਸ ਮੁਲਾਕਾਤ ਬਾਰੇ ਸ੍ਰੀ ਨਾਇਡੂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ।

Facebook Comment
Project by : XtremeStudioz