Close
Menu

ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਕੈਦ

-- 05 April,2018

ਕਾਲੇ ਹਿਰਨਾਂ ਦਾ ਸ਼ਿਕਾਰ ਪਿਆ ਮਹਿੰਗਾ; 
ਸੈਫ ਅਲੀ ਖਾਨ, ਤੱਬੂ, ਨੀਲਮ ਅਤੇ ਸੋਨਾਲੀ ਬੇਂਦਰੇ ਬਰੀ

ਜੋਧਪੁਰ, 5 ਅਪਰੈਲ
ਇੱਥੋਂ ਦੀ ਇੱਕ ਅਦਾਲਤ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ(52) ਨੂੰ ਦੋ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਮਾਮਲੇ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸਨੂੰ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਹੈ। ਉਸਨੂੰ ਪੁਲੀਸ ਆਪਣੀ ਬਲੇਰੋ ਗੱਡੀ ਵਿੱਚ ਲੈ ਕੇ ਗਈ। ਸਲਮਾਨ ਤੇ ਹੋਰਨਾਂ ਵਿਰੁੱਧ ਦੋ ਕਾਲੇ ਹਿਰਨਾਂ ਨੂੰ ਮਾਰਨ ਦੇ ਦੋਸ਼ ਵਿੱਚ ਅਕਤੂਬਰ 1998 ਵਿੱਚ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਉਸ ਦੇ ਸਾਥੀਆਂ ਸੈਫ ਅਲੀ ਖਾਨ, ਤੱਬੂ, ਨੀਲਮ ਅਤੇ ਸੋਨਾਲੀ ਬੇਂਦਰੇ ਅਤੇ ਇੱਕ ਸਥਾਨਕ ਵਿਅਕਤੀ ਦੁਸ਼ਿਅੰਤ ਸਿੰਘ ਨੂੰ ਸ਼ੱਕ ਦੇ ਆਧਾਰ ਉੱਤੇ ਬਰੀ ਕਰ ਦਿੱਤਾ ਹੈ। ਭਲਕੇ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਹੋਵੇਗੀ। ਇਸ ਮੌਕੇ ਮੀਡੀਆ ਕਰਮੀਆਂ ਨਾਲ ਅਦਾਲਤੀ ਕੰਪਲੈਕਸ ਨੱਕੋ-ਨੱਕ ਭਰਿਆ ਹੋਇਆ ਸੀ। ਕਰੀਬ ਦੋ ਕਿਲੋਮੀਟਰ ਤੱਕ ਸੜਕ ਦੇ ਦੋਵੇਂ ਪਾਸੇ ਲਾਈਨਾਂ ਬਣਾ ਕੇ ਮੀਡੀਆ ਕਰਮੀ ਅਤੇ ਅਤੇ ਸੁਰੱਖਿਆ ਮੁਲਾਜ਼ਮ ਖੜ੍ਹੇ ਸਨ। ਅਦਾਲਤੀ ਕੰਪਲੈਕਸ ਵਿੱਚ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸਲਮਾਨ ਚੌਥੀ ਵਾਰ ਜੋਧਪੁਰ ਜੇਲ੍ਹ ਗਿਆ, ਜਿੱਥੇ ਪਹਿਲਾਂ ਹੀ ਕਥਿਤ ਬਾਬਾ ਆਸਾਰਾਮ ਬਾਪੂ ਵੀ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਿਹਾ ਹੈ।
ਜੇਲ੍ਹ ਅਧਿਕਾਰੀਆਂ ਅਨੁਸਾਰ ਸਲਮਾਨ ਖਾਨ ਨੂੰ ਬੇਹੱਦ ਸੁਰੱਖਿਅਤ ਬੈਰਕ ਨੰਬਰ ਦੋ ਵਿੱਚ ਰੱਖਿਆ ਗਿਆ ਹੈ। ਇਸ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਸਲਮਾਨ ਖਾਨ ਨੇ ਇਸ ਤੋਂ ਪਹਿਲਾਂ 1998, 2006 ਅਤੇ ਸਾਲ 2007 ਵਿੱਚ ਕੁਲ 18 ਦਿਨ ਕਾਲੇ ਹਿਰਨ ਨੂੰ ਮਾਰਨ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਕੱਟੇ ਹਨ। ਸਜ਼ਾ ਤਿੰਨ ਸਾਲ ਤੋਂ ਵੱਧ ਹੋਣ ਕਾਰਨ ਸਲਮਾਨ ਹੁਣ ਉਪਰਲੀ ਅਦਾਲਤ ਵਿੱਚ ਸ਼ਜਾ ਵਿਰੁੱਧ ਅਪੀਲ ਕਰੇਗਾ।

ਇਸ ਮਾਮਲੇ ਵਿੱਚ ਅੰਤਿਮ ਜ਼ਿਰਹਾ 28 ਮਾਰਚ ਨੂੰ ਮੁਕੰਮਲ ਹੋ ਗਈ ਸੀ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇਵ ਕੁਮਾਰ ਖੱਤਰੀ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਅੱਜ ਸਰਕਾਰੀ ਵਕੀਲ ਮਹੀਪਾਲ ਬਿਸ਼ਨੋਈ ਨੇ ਦੱਸਿਆ ਕਿ ਅਦਾਲਤ ਨੇ ਸਲਮਾਨ ਖਾਨ ਨੂੰ ਪੰਜ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਲਮਾਨ ਖਾਨ ਵਿਰੁੱਧ ਜੋਧਪੁਰ ਨੇੜੇ ਕਨਕਨੀ ਪਿੰਡ ਵਿੱਚ ਇੱਕ ਅਕਤੂਬਰ 1998 ਨੂੰ ਦੋ ਕਾਲੇ ਹਿਰਨ ਮਾਰਨ ਦੇ ਦੋਸ਼ ਵਿੱਚ ਜੰਗਲੀ ਜੀਵ ਜੰਤੂਆਂ ਦੀ ਰੱਖਿਆ ਸਬੰਧੀ ਕਾਨੂੰਨ ਦੀ ਧਾਰਾ 9/51 ਤਹਿਤ ਕੇਸ ਦਰਜ ਸੀ। ਉਹ ਇੱਥੇ ਫਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਕਰਨ ਆਇਆ ਸੀ।
ਅੱਜ ਜਦੋਂ ਅਦਾਲਤ ਨੇ ਫੈਸਲਾ ਸੁਣਾਇਆ ਤਾਂ ਸਾਰੇ ਮੁਲਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਦਾਲਤ ਵਿੱਚ ਹਾਜ਼ਰ ਸਨ।

ਸਲਮਾਨ ’ਤੇ ਫਿਲਮ ਉਦਯੋਗ ਦੇ 400 ਤੋਂ 600 ਕਰੋੜ ਰੁਪਏ ਦਾਅ ਉੱਤੇ
ਮੁੰਬਈ: ਬਾਲੀਵੁੱਡ ਸਟਾਰ ਸਲਮਾਨ ਖਾਨ ਜਿਸ ਨੂੰ ਅੱਜ ਅਦਾਲਤ ਨੇ ਕਾਲੇ ਹਿਰਨ ਮਾਰਨ ਦੇ ਮਾਮਲੇ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਉੱਤੇ ਫਿਲਮ ਉਦਯੋਗ ਦੇ 400 ਤੋਂ 600 ਕਰੋੜ ਰੁਪਏ ਤੱਕ ਦਾਅ ਉੱਤੇ ਲੱਗੇ ਹੋਏ ਹਨ। ਉਸਦੇ ਜੇਲ੍ਹ ਜਾਣ ਨਾਲ ਤਿੰਨ ਵੱਡੇ ਫਿਲਮ ਪ੍ਰਾਜੈਕਟ ਪ੍ਰਭਾਵਿਤ ਹੋਣਗੇ। ਸਲਮਾਨ (52) ਫਿਲਮ ‘ ਰੇਸ 3’ ਦੀ ਸ਼ੂਟਿੰਗ ਵਿੱਚ ਲੱਗਿਆ ਸੀ। ਇਹ ਫਿਲਮ ਜੂਨ ਵਿੱਚ ਰਿਲੀਜ਼ ਹੋਣੀ ਹੈ। ਇਸ ਫਿਲਮ ਉੱਤੇ 125 ਤੋਂ 150 ਕਰੋੜ ਰੁਪਏ ਦਾਅ ਉੱਤੇ ਲੱਗੇ ਹਨ। ‘ਕਿੱਕ 2’, ‘ ਦਬੰਗ 3’ ਅਤੇ ‘ਭਾਰਤ’ ਦੀ ਸ਼ੂਟਿੰਗ ਸ਼ੁਰੂ ਹੋਣੀ ਸੀ। ਫਿਲਮ ਉਦਯੋਗ ਦੇ ਮਾਹਿਰ ਕੋਮਲ ਨਾਹਟਾ ਅਨੁਸਾਰ ਸਲਮਾਨ ਦੇ ਜੇਲ੍ਹ ਜਾਣ ਨਾਲ ਫਿਲਮ ਉਦਯੋਗ ਨੂੰ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਉਹ ਬੇਹੱਦ ਸਫਲ ਕਲਾਕਾਰ ਹੈ। ਫਿਲਮ ਉਦਯੋਗ ਦੇ ਇੱਕ ਹੋਰ ਮਾਹਿਰ ਗਿਰੀਸ਼ ਵਾਨਖੇੜੇ ਅਨੁਸਾਰ ‘ਰੇਸ 3’, ਈਦ ਮੌਕੇ ਰਿਲੀਜ਼ ਹੋਣੀ ਹੈ। ਬਾਕਸ ਆਫਿਸ ਦੇ ਇਸ ਦੇ ਉੱਤੇ 600 ਕਰੋੜ ਰੁਪਏ ਦਾਅ ਉੱਤੇ ਲੱਗੇ ਹਨ। ਇਸ ਤੋਂ ਇਲਾਵਾ ਛੋਟੇ ਪਰਦੇ ਉੱਤੇ ਉਸਦੀਆਂ ਪੇਸ਼ਕਾਰੀਆਂ ਦਾ ਵੀ ਨੁਕਸਾਨ ਹੋਣ ਦਾ ਅਨੁਮਾਨ ਹੈ।

Facebook Comment
Project by : XtremeStudioz