Close
Menu

ਸਾਰੇ ਵਰਗਾਂ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਸੰਤ ਸਨ ਭਗਤ ਕਬੀਰ: ਕੋਵਿੰਦ

-- 16 July,2018

ਟੋਹਾਣਾ/ਸਿਰਸਾ, ਫਤਿਹਾਬਾਦ ਵਿੱਚ ਸੂਬਾ ਪੱਧਰੀ ਕਬੀਰ ਜੈਅੰਤੀ ਸਮਾਗਮ ਹੋਇਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸ਼ਾਮਲ ਹੋਏ। ਇਸ ਮੌਕੇ ਸ੍ਰੀ ਕੋਵਿੰਦ ਨੇ ਕਿਹਾ ਕਿ ਸੰਤ ਕਬੀਰ ਕਿਸੇ ਇਕ ਸਮਾਜ ਦੇ ਨਾ ਹੋ ਕੇ ਸਾਰੇ ਵਰਗਾਂ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਸੰਤ ਸਨ। ਉਨ੍ਹਾਂ ਦੀ ਬਾਣੀ ਅਜਿਹੇ ਸਮਾਜ ਦੀ ਬਾਤ ਪਾਉਂਦੀ ਹੈ, ਜਿਸ ਵਿੱਚ ਉਚ-ਨੀਚ, ਜਾਤ-ਪਾਤ ਜਾਂ ਹੋਰ ਕਿਸੇ ਤਰ੍ਹਾਂ ਦੇ ਭੇਦ-ਭਾਵ ਲਈ ਜਗ੍ਹਾ ਨਹੀਂ ਹੈ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਹੈਲੀਕਾਪਟਰ ਭੋਡੀਆ ਖੇੜਾ ਦੇ ਸਟੇਡੀਅਮ ਵਿੱਚ ਉਤਰਿਆ, ਜਿੱਥੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ, ਟਰਾਂਸਪੋਰਟ ਮੰਤਰੀ ਕ੍ਰਿਸ਼ਨ ਪੁਆਰ, ਰਾਜ ਮੰਤਰੀ ਮਨੀਸ਼ ਗਰੋਵਰ, ਡਿਪਟੀ ਕਮਿਸ਼ਨਰ ਹਰਦੀਪ ਸਿੰਘ ਨੇ ਸ੍ਰੀ ਕੋਵਿੰਦ ਦਾ ਸਵਾਗਤ ਕੀਤਾ। ਫਤਿਹਾਬਾਦ ਅਨਾਜ ਮੰਡੀ ਵਿੱਚ ਕਰਵਾਏ ਇਸ ਸਮਾਗਮ ਵਿੱਚ ਦਿੱਲੀ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼ ਆਦਿ ਤੋਂ ਲੋਕ ਸ਼ਾਮਲ ਹੋਏ। ਇਸ ਮੌਕੇ ਰਾਸ਼ਟਰਪਤੀ ਨੇ ਫਤਿਹਾਬਾਦ ਦੇ 22ਵੇਂ ਸਥਾਪਨਾ ਦਿਵਸ ਦੀ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਨੇ ਹਰਿਆਣਾ ਸਰਕਾਰ ਵੱਲੋਂ ਕਬੀਰ ਜੈਅੰਤੀ ਤੋਂ ਇਲਾਵਾ ਹੋਰ ਮਹਾਂਪੁਰਸ਼ਾਂ ਦੀਆਂ ਜੈਅੰਤੀਆਂ ਜ਼ਿਲ੍ਹਾ ਪੱਧਰ ’ਤੇ ਮਨਾਉਣ ਨੂੰ ਚੰਗਾ ਉਪਰਾਲਾ ਦੱਸਿਆ। ਉਨ੍ਹਾਂ ਨੇ ਹਰਿਆਣਾ ਵਿੱਚ ਲਿੰਗ ਅਨੁਪਾਤ ਵਿੱਚ ਆਏ ਸੁਧਾਰ ਲਈ ਸੂਬਾ ਸਰਕਾਰ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਸੰਤ ਕਬੀਰ ਜੀ ਸਮਾਜ ਸੁਧਾਰਕ ਵੀ ਸਨ, ਜਿਨ੍ਹਾਂ ਨੇ ਸਮਾਜ ਨੂੰ ਪਾਖੰਡਵਾਦ ਤੇ ਅੰਧ ਵਿਸ਼ਵਾਸ ਤੋਂ ਦੂਰ ਰਹਿਣ ਲਈ ਪ੍ਰੇਰਿਆ। ਕਬੀਰ ਜੈਅੰਤੀ ਸਮਾਗਮ ਵਿੱਚ ਮੱਧ ਪ੍ਰਦੇਸ਼ ਤੋਂ ਆਏ ਸਾਬਕਾ ਸੰਸਦ ਮੈਂਬਰ ਨਰਾਇਣ ਸਿੰਘ ਕੇਸਰੀ ਤੇ ਪਲਵਲ ਤੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚਮੇਲੀ ਦੇਵੀ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਰਾਜਪਾਲ ਕਪਤਾਨ ਸਿੰਘ ਸੋਲੰਕੀ ਤੇ ਹੋਰ ਮਹਿਮਾਨਾਂ ਦਾ ਸਨਮਾਨ ਕੀਤਾ। ਕਬੀਰ ਜੈਅੰਤੀ ਸਮਾਗਮ ਦਾ ਸੰਚਾਲਨ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਿਜੈ ਕਾਇਤ ਨੇ ਕੀਤਾ। ਇਸ ਤੋਂ ਪਹਿਲਾਂ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਸੰਦੇਸ਼ ਪੜ੍ਹਿਆ। ਸਮਾਗਮ ਦੇ ਪ੍ਰਬੰਧ ਕਬੀਰ ਮਹਾਂਕੁੰਭ ਧਾਨਕ ਸਭਾ ਤੇ ਕਬੀਰ ਧਾਨਕ ਸਮਾਜ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੀਤੇ ਗਏ।

Facebook Comment
Project by : XtremeStudioz