Close
Menu

ਸਿੱਖ ਜਥੇ ਤੋਂ ‘ਵਿਛੜਿਆ’ ਅਮਰਜੀਤ ਵਤਨ ਪਰਤਿਆ

-- 25 April,2018

ਅਟਾਰੀ, 25 ਅਪਰੈਲ
ਭਾਰਤੀ ਸਿੱਖ ਜਥੇ ਵਿੱਚੋਂ ਨਨਕਾਣਾ ਸਾਹਿਬ ਵਿਖੇ ਅਚਾਨਕ ਗੁੰਮ ਹੋਣ ਵਾਲੇ ਭਾਰਤੀ ਨਾਗਰਿਕ ਅਮਰਜੀਤ ਸਿੰਘ (23) ਨੂੰ  ਅੱਜ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਹਵਾਲੇ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਉਸ ਤੋਂ ਕਈ ਘੰਟੇ ਪੁੱਛ ਪੜਤਾਲ ਕਰਨ ਬਾਅਦ ਘਰਦਿਆਂ ਦੇ ਹਵਾਲੇ ਕਰ ਦਿੱਤਾ ਹੈ। ਅਮਰਜੀਤ ਸਿੰਘ ਨੂੰ ਔਕਾਫ਼ ਬੋਰਡ ਦੇ ਅਧਿਕਾਰੀ ਲੈ ਕੇ ਵਾਹਗਾ ਸਰਹੱਦ ਪੁੱਜੇ ਅਤੇ ਬਾਅਦ ਦੁਪਹਿਰ ਵਾਹਗਾ-ਅਟਾਰੀ ਸਰਹੱਦ ਵਿਖੇ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀਆਂ ਵੱਲੋਂ ਉਸਨੂੰ ਭਾਰਤ ਦੇ ਸੀਮਾ ਸੁਰੱਖਿਆ ਬਲ ਅਤੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਹਵਾਲੇ ਕੀਤਾ ਗਿਆ। ਅਟਾਰੀ ਸਰਹੱਦ ਉੱਤੇ ਸਥਿਤ ਪੋਸਟ ’ਤੇ ਲੰਬਾ ਸਮਾਂ ਪੁੱਛਗਿੱਛ ਕਰਨ ਉਪਰੰਤ ਅਮਰਜੀਤ ਸਿੰਘ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਅਮਰਜੀਤ ਸਿੰਘ ਨੂੰ ਲੈਣ ਲਈ ਉਸਦਾ ਪਰਿਵਾਰ ਸਵੇਰ ਤੋਂ ਰੇਲਵੇ ਸਟੇਸ਼ਨ ਅਟਾਰੀ ਦੇ ਬਾਹਰ ਬੈਠਾ ਸੀ ਪਰ ਬਾਅਦ ਦੁਪਹਿਰ ਪਰਿਵਾਰ ਨੂੰ ਅਟਾਰੀ ਸਰਹੱਦ ਉੱਤੇ ਲਿਜਾਇਆ ਗਿਆ। ਅਟਾਰੀ ਸਰਹੱਦ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਨੇ ਦੱਸਿਆ ਕਿ ਗੁਰਧਾਮਾਂ ਦੀ ਯਾਤਰਾ ਦੌਰਾਨ ਉਸ ਕੋਲੋਂ ਗਲਤੀ ਹੋ ਗਈ।ਉਸ ਨੂੰ ਪਾਸਪੋਰਟ ਵੀਜ਼ਾ 15 ਦਿਨ ਦਾ ਹੋਣ ਦਾ ਭੁਲੇਖਾ ਲੱਗ ਗਿਆ ਤੇ ਉਹ ਸ਼ੇਖੂਪੁਰਾ ਵਿੱਚ ਰਹਿੰਦੇ ਫੇਸਬੁੱਕ ਫਰੈਂਡ ਆਮਿਦ ਰਿਆਜ਼ ਨੂੰ ਮਿਲਣ ਚਲਾ ਗਿਆ।
ਅਮਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿੱਚ ਉਸਦਾ ਪਿਤਾ ਰਾਜਿੰਦਰ ਸਿੰਘ, ਮਾਤਾ ਗਿਆਨ ਕੌਰ, ਭਰਾ ਪ੍ਰਭਜੋਤ ਸਿੰਘ, ਚਚੇਰਾ ਭਰਾ ਰਛਪਾਲ ਸਿੰਘ,     ਤਾਇਆ ਸਰਦੂਲ ਸਿੰਘ ਤੇ ਹੋਰ ਅੱਜ ਸਵੇਰ ਤੋਂ ਰੇਲਵੇ ਸਟੇਸ਼ਨ ਅਟਾਰੀ ਉੱਤੇ ਉਸਦੇ ਆਉਣ ਦੀ ਉਡੀਕ ਕਰਦੇ ਰਹੇ। ਬਾਅਦ ਦੁਪਹਿਰ ਪਤਾ ਲੱਗਣ ’ਤੇ ਸੁਰੱਖਿਆਂ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਅਟਾਰੀ ਸਰਹੱਦ ਉੱਤੇ ਲਿਜਾਇਆ ਗਿਆ। ਜਿੱਥੇ ਉਸਦੇ ਭਰਾ ਪ੍ਰਭਜੋਤ ਸਿੰਘ ਅਤੇ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਅੰਮ੍ਰਿਤਸਰ ਤੋਂ ਫੋਨ ਰਾਹੀਂ ਦੱਸਿਆ ਗਿਆ ਸੀ ਕਿ ਅਮਰਜੀਤ ਨੂੰ ਸਵੇਰੇ ਭਾਰਤ ਭੇਜਿਆ ਜਾਵੇਗਾ। ਅਮਰਜੀਤ ਦੀ ਮਾਂ ਗਿਆਨ ਕੌਰ ਨੇ ਦੱਸਿਆ ਕਿ ਉਹ ਬੜੀ ਖੁਸ਼ ਹੈ ਕਿ ਉਸਦਾ ਪੁੱਤ ਵਾਪਿਸ ਆ ਰਿਹਾ ਹੈ। ਉਸ ਦੇ ਤਾਇਆ ਅਤੇ ਇੱਕ ਹੋਰ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਬੱਸ ਏਨਾ ਹੀ ਪਤਾ ਸੀ ਕਿ ਅਮਰਜੀਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਗਿਆ ਹੈ।
ਗੌਰਤਲਬ ਹੈ ਕਿ ਅਮਰਜੀਤ  ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਨਿਰੰਜਣਪੁਰਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜੋ ਪਾਕਿਸਤਾਨ ਸਥਿਤ ਵਿਸਾਖੀ ਮਨਾਉਣ ਅਤੇ ਗੁਰਧਾਮਾਂ ਦੀ ਯਾਤਰਾ ਕਰਨ ਲਈ 12 ਅਪਰੈਲ ਨੂੰ ਰੇਲਵੇ ਸਟੇਸ਼ਨ ਅਟਾਰੀ ਤੋਂ ਭਾਰਤੀ ਸਿੱਖ ਜਥੇ ਨਾਲ ਵੀਜ਼ਾ ਲੈ ਕੇ ਪਾਕਿਸਤਾਨ ਗਿਆ ਸੀ। ਭਾਰਤੀ ਸਿੱਖ ਜਥੇ ਦੇ ਗੁਰਦੁਆਰਾ ਨਨਕਾਣਾ ਸਾਹਿਬ ਪੁੱਜਣ ’ਤੇ ਅਮਰਜੀਤ ਦਾ ਉੱਥੋਂ ਸ਼ੱਕੀ ਹਾਲਤ ਵਿੱਚ ਗੁੰਮ ਹੋ ਜਾਣਾ ਪਾਕਿਸਤਾਨ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਿਆ ਸੀ। ਉਸ ਨੂੰ ਸੋਮਵਾਰ ਦੇਰ ਰਾਤ ਨੂੰ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਜੋ ਕੁੱਝ ਮਹੀਨੇ ਪਹਿਲਾਂ ਮਲੇਸ਼ੀਆਂ ਤੋਂ ਵਤਨ ਪਰਤਿਆ ਸੀ, ਦੀ ਫੇਸਬੁੱਕ ਰਾਹੀਂ ਪਾਕਿਸਤਾਨ ਦੇ ਸ਼ੇਖੂਪੁਰਾ ਵਾਸੀ ਆਮਿਦ ਰਿਆਜ਼ ਨਾਲ ਦੋਸਤੀ ਹੋ ਗਈ ਸੀ, ਜਿਸ ਖਾਤਰ ਉਹ ਉਸ ਨੂੰ ਮਿਲਣ ਲਈ ਜਥੇ ਨਾਲੋਂ ਵੱਖ ਹੋ ਕੇ ਸ਼ੇਖੂਪੁਰਾ ਚਲਾ ਗਿਆ। ਉਸ ਦੇ ਮੇਜ਼ਬਾਨ ਨੇ ਅਮਰਜੀਤ ਦੇ ਪਾਕਿਸਤਾਨ ਵਿੱਚ ਲਾਪਤਾ ਹੋਣ ਸਬੰਧੀ ਨਿਊਜ਼ ਚੈਨਲ ਉੱਤੇ ਖ਼ਬਰ ਪ੍ਰਕਾਸ਼ਿਤ ਹੋਣ ’ਤੇ ਪਤਾ ਲੱਗਾ ਤਾਂ ਉਸ ਨੇ ਔਕਾਫ਼ ਬੋਰਡ ਨਾਲ ਰਾਬਤਾ ਕਰਕੇ ਉਸ ਨੂੰ ਪਾਕਿਸਤਾਨ ਪੁਲੀਸ ਦੇ ਹਵਾਲੇ ਕਰ ਦਿੱਤਾ ਸੀ। ਇਸ ਉਪਰੰਤ ਅੱਜ ਬਾਅਦ ਦੁਪਹਿਰ ਪਾਕਿਸਤਾਨ ਰੇਂਜਰਜ਼ ਨੇ ਅਮਰਜੀਤ ਸਿੰਘ ਨੂੰ ਵਾਹਗਾ-ਅਟਾਰੀ ਸਰਹੱਦ ਰਸਤੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ  ਦੇ ਹਵਾਲੇ ਕਰ ਦਿੱਤਾ।

Facebook Comment
Project by : XtremeStudioz