Close
Menu

ਸਿੱਧੂ ਦੇ ਭਾਸ਼ਣ ਦੌਰਾਨ ਨਾਅਰੇ ਲਾਉਣ ਵਾਲੇ ਵਿਦਿਆਰਥੀ ਆਗੂ ਪੁਲੀਸ ਨੇ ਚੁੱਕੇ

-- 24 March,2018

ਬੰਗਾ, 24 ਮਾਰਚ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਪਿੰਡ ਖਟਕੜ ਕਲਾਂ ਵਿੱਚ ਸੂਬਾ ਪੱਧਰੀ ਸਮਾਗਮ ’ਚ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਭਾਸ਼ਣ ਦੌਰਾਨ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਪੁਲੀਸ, ਯੂਨੀਅਨ ਨਾਲ ਸਬੰਧਤ ਚਾਰ ਨੌਜਵਾਨਾਂ ਨੂੰ ਚੁੱਕ ਕੇ ਲੈ ਗਈ। ਇਨ੍ਹਾਂ ਨੌਜਵਾਨਾਂ ਵਿੱਚ ਬਿਕਰਮ ਕੁੱਲੇਵਾਲੀਆ, ਨੀਰਜ ਕੁਮਾਰ, ਸੁਖਵੀਰ ਸੈਣੀ ਤੇ ਕਮਲਦੀਪ ਸਿੰਘ ਦੇ ਨਾਮ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਯੂਨੀਅਨ ਨੂੰ ਨਵਜੋਤ ਸਿੱਧੂ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ। ਇਸ ਕਾਰਨ ਕੁਝ ਨੌਜਵਾਨ ਚੱਲਦੇ ਸਮਾਗਮ ਦੌਰਾਨ ਕਾਲੀਆਂ ਝੰਡੀਆਂ ਲੈ ਕੇ ਅੰਦਰ ਆ ਗਏ ਤੇ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੇ ਗ਼ਿਲਾ ਕੀਤਾ ਕਿ ਭਗਤ ਸਿੰਘ ਅਤੇ ਉਸ ਨਾਲ ਸਬੰਧਤ ਫ਼ਿਰੋਜ਼ਪੁਰ ਦੇ ਤੂੜੀ ਬਾਜ਼ਾਰ ਦੇ ਟਿਕਾਣੇ ਨੂੰ ਬਚਾਉਣ ਅਤੇ ਉਸ ਨੂੰ ਲਾਇਬ੍ਰੇਰੀ ਤੇ ਮਿਊਜ਼ੀਅਮ ਬਣਾਉਣ ਲਈ ਸਰਕਾਰ ਕੁਝ ਨਹੀਂ ਕਰ ਰਹੀ।
ੳੁਧਰ, ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਸੂਬਾਈ ਪ੍ਰਧਾਨ ਰਾਜਿੰਦਰ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਬਲਜੀਤ ਸਿੰਘ ਧਰਮਕੋਟ ਨੇ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦਗਾਰ ਸਾਂਭਣ ਲਈ ਸਰਕਾਰ ਤੱਕ ਆਵਾਜ਼ ਪਹੁੰਚਾਉਣਾ ਕਿਹੜਾ ਗੁਨਾਹ ਹੈ ?

Facebook Comment
Project by : XtremeStudioz