Close
Menu

ਸੀਪੀਐਮ ਵੱਲੋਂ ਸਰਕਾਰ ਖ਼ਿਲਾਫ਼ ਹੋਰ ਸੰਘਰਸ਼ ਭਖ਼ਾਉਣ ਦੀ ਯੋਜਨਾ

-- 18 March,2018

ਨਵੀਂ ਦਿੱਲੀ, ਸੀਪੀਐਮ ਨੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਲਈ ਭਾਜਪਾ ਸਰਕਾਰ ਖ਼ਿਲਾਫ਼ ਮੁਲਕ ਭਰ ’ਚ ਹੋਰ ਵੱਡੇ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਮਹਾਰਾਸ਼ਟਰ ’ਚ ਕਿਸਾਨਾਂ ਦਾ ਮਾਰਚ ਕੋਈ ਰਾਤੋ-ਰਾਤ ਨਹੀਂ ਨਿਕਲਿਆ ਅਤੇ ਇਸ ਲਈ ਤਿੰਨ ਸਾਲ ਤਿਆਰੀ ਕਰਨੀ ਪਈ ਸੀ। ਖੱਬੇ ਪੱਖੀ ਪਾਰਟੀ ਦੀ ਦੋ ਰੋਜ਼ਾ ਪੋਲਿਟਬਿਊਰੋ ਦੀ ਅੱਜ ਇਥੇ ਬੈਠਕ ਮੁਕੰਮਲ ਹੋਈ ਜਿਸ ਦੌਰਾਨ ਜਥੇਬੰਦਕ ਢਾਂਚੇ ਦੀ ਸਿਆਸੀ ਰਿਪੋਰਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਮਹਾਰਾਸ਼ਟਰ ’ਚ ਕਿਸਾਨਾਂ ਦੀ ਰੈਲੀ ਲਈ ਸੀਪੀਐਮ ਦੀ ਕਿਸਾਨ ਜਥੇਬੰਦੀ ਦੀ ਸ਼ਲਾਘਾ ਕੀਤੀ ਗਈ। ਸੀਪੀਐਮ ਨੇ ਮੁਲਕ ਭਰ ਦੇ ਲੋਕਾਂ ਦੀ ਹਮਾਇਤ ਲੈਣ ਲਈ ਅਜਿਹੇ ਹੋਰ ਕਦਮ ਉਠਾਉਣ ’ਤੇ ਜ਼ੋਰ ਦਿੱਤਾ ਹੈ। ਸ੍ਰੀ ਯੇਚੁਰੀ ਨੇ ਕਿਹਾ ਕਿ ਰਾਜਸਥਾਨ ’ਚ ਵੀ ਪਾਰਟੀ ਨੇ ਵੱਡੇ ਪ੍ਰਦਰਸ਼ਨ ਕੀਤੇ ਸਨ ਅਤੇ ਭੂਮੀ ਅਧਿਕਾਰ ਅੰਦੋਲਨ ਤਹਿਤ ਮੁਲਕ ’ਚ 200 ਖੱਬੇ ਪੱਖੀ ਜਥੇਬੰਦੀਆਂ ਨੇ ਵੱਡੇ ਮੁਜ਼ਾਹਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਦਰਸ਼ਨਾਂ ਨਾਲ ਲੋਕਾਂ ਨੂੰ ਜੋਡ਼ਿਆ ਜਾਵੇਗਾ ਤਾਂ ਜੋ ਸਰਕਾਰ ਨੂੰ ਹਿਲਾਇਆ ਜਾ ਸਕੇ। ਕਾਂਗਰਸ ਵੱਲੋਂ ਸਮਾਨ ਵਿਚਾਰਾਂ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਚੱਲਣ ਦੇ ਮਤੇ ਬਾਰੇ ਸੀਪੀਐਮ ਆਗੂ ਨੇ ਕਿਹਾ ਕਿ ਉਹ ਇਸ ਸਬੰਧੀ ਅਗਲੇ ਮਹੀਨੇ ਹੋਣ ਵਾਲੀ ਪਾਰਟੀ ਦੀ ਬੈਠਕ ’ਚ ਕਿਸੇ ਫ਼ੈਸਲੇ ਨੂੰ ਅੰਤਿਮ ਰੂਪ ਦੇਣਗੇ।

Facebook Comment
Project by : XtremeStudioz