Close
Menu

ਸੂਆ ਟੁੱਟਣ ਕਾਰਨ ਮਕਾਨਾਂ ਤੇ ਖੇਤਾਂ ’ਚ ਵੜਿਆ ਪਾਣੀ

-- 27 May,2017

ਬਠਿੰਡਾ, ਇੱਥੇ ਇੰਡਸਟਰੀਅਲ ਗਰੋਥ ਸੈਂਟਰ ਤੇ ਗਣਪਤੀ ਐਨਕਲੇਵ ਨੇੜਿਓਂ ਲੰਘਦੇ ਸੂਏ ਵਿੱਚ ਬੀਤੀ ਦੇਰ ਰਾਤ 50 ਫੁੱਟ ਦੇ ਕਰੀਬ ਪਾੜ ਪੈਣ ਨਾਲ ਮਕਾਨਾਂ ਤੇ ਖੇਤਾਂ ਵਿੱਚ ਪਾਣੀ ਵੜ ਗਿਆ। ਸਵੇਰੇ ਐਨਡੀਆਰਐਫ ਦੇ ਜਵਾਨਾਂ ਨੇ ਲੋਕਾਂ ਨੂੰ ਪਾਣੀ ਵਿੱਚੋਂ ਕੱਢਿਆ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪ੍ਰਭਾਵਿਤ ਲੋਕਾਂ ਦਾ ਹਾਲ-ਚਾਲ ਪੁੱਛਿਆ। ਸੂਆ ਟੁੱਟਣ ਕਰ ਕੇ ਇਸ ਦੇ ਨਾਲ ਨਾਲ ਬਣੇ ਸਲੱਜ ਕੈਰੀਅਰ ਵਿੱਚ ਵੀ 15 ਫੁੱਟ ਦਾ ਪਾੜ ਪੈ ਗਿਆ। ਇਹ ਸੂਆ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ’ਚੋਂ ਨਿਕਲ ਕੇ ਸੰਗਤ ਮੰਡੀ ਵੱਲ ਜਾਂਦਾ ਹੈ।
ਘਟਨਾ ਬਾਰੇ ਪਤਾ ਲੱਗਣ ’ਤੇ ਨਹਿਰੀ ਵਿਭਾਗ ਤੇ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਪਾੜ ਪੂਰਨ ਦਾ ਕੰਮ ਵਿੱਢਿਆ, ਜਿਹੜਾ ਸ਼ਾਮ ਤੱਕ ਸਿਰੇ ਨਹੀਂ ਚੜ੍ਹਿਆ। ਸਵੇਰੇ ਐਸ.ਡੀ.ਐਮ. ਸਾਕਸ਼ੀ ਸਾਹਨੀ ਨੇ ਐਨ.ਡੀ.ਆਰ.ਐਫ. ਦੀਆਂ ਕਿਸ਼ਤੀਆਂ ਵਿੱਚ ਹਾਲਾਤ ਦਾ ਜਾਇਜ਼ਾ ਲਿਆ। ਸਲੱਜ ਕੈਰੀਅਰ ਟੁੱਟਣ ਤੋਂ ਬਾਅਦ ਉਸ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਸ਼ਹਿਰ ਦੀ ਪਾਵਰ ਹਾਊਸ ਰੋਡ ’ਤੇ ਕਈ ਕਈ ਫੁੱਟ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋ ਗਿਆ। ਸੂਏ ਦੇ ਨਾਲ ਲੱਗਦੇ ਸਾਈਂ ਨਗਰ ਦੇ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਤ ਢਾਈ ਕੁ ਵਜੇ ਉਸ ਨੂੰ ਸੂਆ ਟੁੱਟਣ ਦਾ ਪਤਾ ਲੱਗਿਆ ਤੇ ਉਸ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਲੋਕਾਂ ਨੂੰ ਬਾਹਰ ਕੱਢਿਆ ਗਿਆ। ਲੋਕਾਂ ਨੇ ਦੱਸਿਆ ਕਿ ਪਾਣੀ ਕਾਰਨ ਕਰੀਬ 80 ਮਕਾਨਾਂ ਵਿੱਚ ਤਰੇੜਾਂ ਆ ਗਈਆਂ ਹਨ। ਪ੍ਰਸ਼ਾਸਨ ਵੱਲੋਂ ਨੁਕਸਾਨ ਦੇ ਵੇਰਵੇ ਇਕੱਠੇ ਕਰ ਕੇ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਐਨ.ਡੀ.ਆਰ.ਐਫ. ਦੀ ਅਗਵਾਈ ਕਰ ਰਹੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਬ 41 ਜਵਾਨ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ ਤੇ ਉਨ੍ਹਾਂ ਨੇ 85 ਦੇ ਕਰੀਬ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਪਾਣੀ ਵਿੱਚੋਂ ਕੱਢ ਕੇ ਸੁਰੱਖਿਅਤ ਥਾਂ ਲਿਆਂਦਾ। ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਸੂਏ ਵਿੱਚ ਪਾੜ ਪੈਣ ਕਾਰਨ ਸਾਈਂ ਨਗਰ ਇਲਾਕੇ ਵਿੱਚ ਪਾਣੀ ਭਰ ਗਿਆ। ਨਗਰ ਨਿਗਮ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਮਾਲੀ ਨੁਕਸਾਨ ਬਾਰੇ ਹਾਲੇ ਪਤਾ ਕੀਤਾ ਜਾਵੇਗਾ।

Facebook Comment
Project by : XtremeStudioz