Close
Menu

‘ਸੋਨ ਚਿੜੀ’ ਬਣੀਆਂ ਮਨੂ, ਪੂਨਮ ਤੇ ਮਾਨਿਕਾ

-- 09 April,2018

ਗੋਲਡ ਕੋਸਟ, 9 ਅਪਰੈਲ
ਭਾਰਤੀ ਖਿਡਾਰਨਾਂ ਦਾ ਅੱਜ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਪੰਜਵੇਂ ਦਿਨ ਵੀ ਦਬਦਬਾ ਕਾਇਮ ਰਿਹਾ, ਜਿਨ੍ਹਾਂ ਨੇ ਦੇਸ਼ ਦੀ ਝੋਲੀ ਤਿੰਨ ਸੋਨ ਤਗ਼ਮੇ ਪਾਏ। ਨਿਸ਼ਾਨੇਬਾਜ਼ੀ ਵਿੱਚ ਮਨੂ ਭਾਕਰ ਨੇ ਸੋਨਾ, ਹੀਨਾ ਸਿੱਧੂ ਨੇ ਚਾਂਦੀ ਅਤੇ ਰਵੀ ਕੁਮਾਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਜਦੋਂਕਿ ਟੇਬਲ ਟੈਨਿਸ ਦੇ ਸਿੰਗਲ ਮੁਕਾਬਲੇ ਵਿੱਚ ਮਾਨਿਕਾ ਬਤਰਾ ਨੇ ਸੋਨ ਤਗ਼ਮਾ ਆਪਣੇ ਨਾਮ ਕੀਤਾ। ਵੇਟਲਿਫਟਿੰਗ ਦੇ ਮੁਕਾਬਲੇ ਵਿੱਚ ਪੂਨਮ ਯਾਦਵ ਨੇ ਦੇਸ਼ ਨੂੰ ਪੰਜਵਾਂ ਸੋਨ ਤਗ਼ਮਾ ਦਿਵਾਇਆ, ਜਦੋਂਕਿ ਵਿਕਾਸ ਠਾਕੁਰ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਤਰ੍ਹਾਂ ਭਾਰਤ ਸੱਤ ਸੋਨ, ਦੋ ਚਾਂਦੀ ਤੇ ਤਿੰਨ ਕਾਂਸੇ ਸਣੇ ਕੁੱਲ 12 ਤਗ਼ਮਿਆਂ ਨਾਲ ਚੌਥੇ ਸਥਾਨ ’ਤੇ ਕਾਇਮ ਹੈ, ਜਦੋਂਕਿ ਮੇਜ਼ਬਾਨ ਆਸਟਰੇਲੀਆ 83 ਤਗ਼ਮਿਆਂ ਨਾਲ ਚੋਟੀ ’ਤੇ ਚੱਲ ਰਿਹਾ ਹੈ।
ਭਾਰਤੀ ਮੁਟਿਆਰ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ 240.9 ਦਾ ਸਕੋਰ ਬਣਾ ਕੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਇਆ। ਦੂਜੇ ਸਥਾਨ ’ਤੇ ਰਹੀ ਉਨ੍ਹਾਂ ਦੀ ਸੀਨੀਅਰ ਹਮਵਤਨ ਨਿਸ਼ਾਨੇਬਾਜ਼ ਹੀਨਾ ਦਾ ਸਕੋਰ 234 ਸੀ। ਉਹ ਹੀਨਾ ਤੋਂ 6.9 ਅੰਕ ਅੱਗੇ ਰਹੀ। ਕਾਂਸੇ ਦਾ ਤਗ਼ਮਾ ਆਸਟਰੇਲੀਆ ਦੀ ਐਲਨਾ ਗਾਲਿਆਬੋਵਿਚ ਨੂੰ ਮਿਲਿਆ, ਜਿਸ ਦਾ ਸਕੋਰ 214.9 ਸੀ। ਦੂਜੇ ਪਾਸੇ ਮਨੂ ਵਾਂਗ ਹੀ ਆਪਣੀਆਂ ਪਹਿਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈ ਰਹੇ ਰਵੀ ਕੁਮਾਰ (224.1) ਨੇ ਸ਼ੂਟ ਆਫ਼ ਮਗਰੋਂ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। 10 ਮੀਟਰ ਏਅਰ ਰਾਇਫਲ ਵਿੱਚ ਇੱਕ-ਦੂਜੇ ਭਾਰਤੀ ਖਿਡਾਰੀ ਦੀਪਕ ਕੁਮਾਰ ਛੇਵੇਂ ਸਥਾਨ ’ਤੇ ਰਿਹਾ, ਜਦਕਿ ਮਹੇਸ਼ਵਰੀ ਚੌਹਾਨ ਸਕੀਟ ਦੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੀ।
ਦੂਜੇ ਪਾਸੇ, ਭਾਰਤੀ ਅਥਲੀਟਾਂ ਨੇ ਟ੍ਰੈਕ ਅਤੇ ਫੀਲਡ ਮੁਕਾਬਲੇ ਦੇ ਸ਼ੁਰੂਆਤੀ ਦਿਨ ਚੰਗਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਤੇਜਿੰਦਰ ਸਿੰਘ ਨੇ ਗੋਲਾ ਸੁੱਟ ਕੇ ਫਾਈਨਲਜ਼ ਵਿੱਚ ਜਦਕਿ ਮੁਹੰਮਦ ਅਨਾਸ ਯਾਹੀਆ ਨੇ ਪੁਰਸ਼ 400 ਮੀਟਰ ਸੈਮੀ ਫਾਈਨਲ ਵਿੱਚ ਥਾਂ ਬਣਾਈ। ਗੋਲਾ ਸੁੱਟਣ ਦਾ ਮੁਕਾਬਲਾ ਸੋਮਵਾਰ ਨੂੰ ਹੋਵੇਗਾ। ਇਸ ਤੋਂ ਪਹਿਲਾਂ ਸਵੇਰੇ ਅਥਲੀਟ ਖੁਸ਼ਬੀਰ ਕੌਰ ਅਤੇ ਮਨੀਸ਼ ਸਿੰਘ 20 ਕਿਲੋਮੀਟਰ ਦੌੜ ਵਿੱਚ ਚੌਥੇ ਅਤੇ ਛੇਵੇਂ ਸਥਾਨ ’ਤੇ ਰਹੇ, ਜਿਸ ਵਿੱਚ ਆਸਟਰੇਲਿਆਈ ਡੈਨ ਬਰਡ ਸਮਿੱਥ ਨੇ ਪੁਰਸ਼ ਰੇਸ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਤੋੜਿਆ।

Facebook Comment
Project by : XtremeStudioz