Close
Menu

ਸੋਮਾਲੀਆ ਦੇ ਦਹਿਸ਼ਤੀ ਹਮਲੇ ਵਿੱਚ ਮਿ੍ਰਤਕਾਂ ਦੀ ਗਿਣਤੀ 276 ਹੋੲੀ

-- 17 October,2017

ਮੋਗਾਦਿਸ਼ੂ,ਸੋਮਾਲੀਆ ਦੀ ਰਾਜਧਾਨੀ ’ਚ ਹੋਏ ਸਭ ਤੋਂ ਜ਼ੋਰਦਾਰ ਬੰਬ ਧਮਾਕੇ ’ਚ 276 ਵਿਅਕਤੀ ਹਲਾਕ ਅਤੇ 300 ਹੋਰ ਜ਼ਖ਼ਮੀ ਹੋ ਗਏ ਹਨ। ਮੁਲਕ ਦੇ ਸੂਚਨਾ ਮੰਤਰੀ ਅਬਦੀਰਹਿਮਾਨ ਓਸਮਾਨ ਨੇ ਅੱਜ ਕਿਹਾ ਕਿ ਅਫ਼ਰੀਕੀ ਮੁਲਕ ’ਚ ਇਹ ਸਭ ਤੋਂ ਖ਼ਤਰਨਾਕ ਦਹਿਸ਼ਤੀ ਹਮਲਾ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧਣ ਦਾ ਖ਼ਦਸ਼ਾ ਹੈ।
ਤੁਰਕੀ ਅਤੇ ਕੀਨੀਆ ਨੇ ਮੈਡੀਕਲ ਸਹਾਇਤਾ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਇਹ ਹਮਲਾ ਵਿਦੇਸ਼ ਮਾਮਲਿਆਂ ਸਮੇਤ ਹੋਰ ਮੰਤਰਾਲਿਆਂ ਨੇਡ਼ਲੀ ਭੀਡ਼-ਭਡ਼ੱਕੇ ਵਾਲੀ ਸਡ਼ਕ ’ਤੇ ਹੋਇਆ ਜਦੋਂ ਟਰੱਕ ਬੰਬ ਨੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੱਲ ਧਮਾਕਾ ਕਰ ਦਿੱਤਾ। ਸੋਮਾਲੀ-ਅਮਰੀਕਨ ਆਗੂ ਰਾਸ਼ਟਰਪਤੀ ਮੁਹੰਮਦ ਅਬਦੁਲਾਹੀ ਮੁਹੰਮਦ ਨੇ ਮੁਲਕ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਹਸਪਤਾਲਾਂ ’ਚ ਖੂਨਦਾਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਹਸਨ ਅਲੀ ਖੈਰੇ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਸੋਮਾਲੀ ਲੋਕਾਂ, ਮਾਵਾਂ ਅਤੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਅਤੇ ਸਭ ਤੋਂ ਵੱਡੀ ਅਬਾਦੀ ਵਾਲੇ ਇਲਾਕੇ ’ਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ। ਗੁੱਸੇ ’ਚ ਆਏ ਪ੍ਰਦਰਸ਼ਨਕਾਰੀ ਹਮਲੇ ਵਾਲੀ ਥਾਂ ਨੇਡ਼ੇ ਇਕੱਠੇ ਹੋ ਗਏ। ਸੋਮਾਲੀਆ ਸਰਕਾਰ ਨੇ ਅਲ ਕਾਇਦਾ ਨਾਲ ਸਬੰਧਤ ਅਲ ਸ਼ਬਾਬ ਦਹਿਸ਼ਤੀ ਗੁੱਟ ਨੂੰ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਨੇ ਹਮਲੇ ਨੂੰ ‘ਕੌਮੀ ਆਫ਼ਤ’ ਕਰਾਰ ਦਿੱਤਾ ਹੈ। ਉਂਜ ਅਲ ਸ਼ਬਾਬ ਵੱਲੋਂ ਅਜੇ ਕੋਈ ਪ੍ਰਤੀਕਰਮ ਨਹੀਂ ਆਇਆ ਹੈ। ਅਲ ਸ਼ਬਾਬ ਨੇ ਇਸ ਸਾਲ ਦੇ ਸ਼ੁਰੂ ’ਚ ਹਮਲਿਆਂ ’ਚ ਤੇਜ਼ੀ ਲਿਆਉਣ ਦਾ ਅਹਿਦ ਲਿਆ ਸੀ। ਮੋਗਾਦਿਸ਼ੂ ’ਚ ਹੋਇਆ ਹਮਲਾ ਅਫ਼ਰੀਕੀ ਮੁਲਕ ’ਚ ਸੱਭ ਤੋਂ ਜ਼ੋਰਦਾਰ ਰਿਹਾ। 2015 ’ਚ ਕੀਨੀਆ ’ਚ ਗੈਰੀਸਾ ਯੂਨੀਵਰਸਿਟੀ ਅਤੇ 1998 ’ਚ ਕੀਨੀਆ ਤੇ ਤਨਜ਼ਾਨੀਆ ’ਚ ਅਮਰੀਕੀ ਸਫ਼ਾਰਤਖ਼ਾਨਿਆਂ ’ਤੇ ਹੋਏ ਹਮਲਿਆਂ ਨਾਲੋਂ ਇਹ ਵੱਡਾ ਹਮਲਾ ਸੀ। ਅਮਰੀਕਾ ਨੇ ਧਮਾਕੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਜਿਹੇ ਕਾਇਰਾਨਾ ਹਮਲਿਆਂ ਕਾਰਨ ਅਮਰੀਕਾ, ਸੋਮਾਲੀ ਅਤੇ ਹੋਰ ਅਫ਼ਰੀਕੀ ਮੁਲਕਾਂ ਨੂੰ ਸਹਾਇਤਾ ਦਿੰਦਾ ਰਹੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਸੋਮਾਲੀ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਤੁਰਕੀ ਅਤੇ   ਬਰਤਾਨੀਆ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ।  

Facebook Comment
Project by : XtremeStudioz