Close
Menu

ਸੌੜੇ ਹਿੱਤਾਂ ਲਈ ਜਾਤ ਦਾ ਪੱਤਾ ਖੇਡਣ ਵਾਲਿਆਂ ਦੀ ਪਛਾਣ ਹੋਵੇ: ਮੋਦੀ

-- 20 February,2019

ਵਾਰਾਣਸੀ, 20 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਰਵਿਦਾਸ ਦੀ ਜੈਯੰਤੀ ਮੌਕੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਾਤੀਵਾਦ ਦਾ ਖ਼ਾਤਮਾ ਕਰਨ ਅਤੇ ਸੌੜੇ ਹਿੱਤਾਂ ਕਾਰਨ ਇਸ ਨੂੰ ਉਤਸ਼ਾਹਿਤ ਕਰਨ ਵਾਲੀਆਂ ਤਾਕਤਾਂ ਦੀ ਸ਼ਨਾਖ਼ਤ ਕਰਨ। ਵਾਰਾਣਸੀ ਦੇ ਅੱਜ ਦੇ ਦੌਰੇ ਮੌਕੇ ਉਨ੍ਹਾਂ ਦੋ ਰੈਲੀਆਂ ਕੀਤੀਆਂ ਅਤੇ 3 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਮੋਦੀ ਵੱਲੋਂ ਆਪਣੇ ਹਲਕੇ ਦੀ ਇਸ ਮਹੀਨੇ ਦੇ ਅੰਦਰ ਦੂਜੀ ਫੇਰੀ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ’ਤੇ ਅਸਿੱਧੇ ਤੌਰ ’ਤੇ ਹਮਲਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਹਾਈ ਸਪੀਡ ਵੰਦੇ ਭਾਰਤ ਰੇਲਗੱਡੀ ਦੇ ਇੰਜਨੀਅਰਾਂ ਦਾ ਅਪਮਾਨ ਕੀਤਾ ਹੈ। ਇਥੇ ਰਵਿਦਾਸ ਜਨਮਸਥਲੀ ਏਰੀਆ ਵਿਕਾਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਦਿਆਂ ਉਨ੍ਹਾਂ ਕਿਹਾ ਕਿ ਸਮਾਜਿਕ ਸਦਭਾਵਨਾ ਕਾਇਮ ਕਰਨ ਲਈ ਜਾਤੀਗਤ ਵਿਤਕਰਾ ਵੱਡਾ ਅੜਿੱਕਾ ਹੈ। ਉਨ੍ਹਾਂ ਕਿਹਾ,‘‘ਗੁਰੂਜੀ ਨੇ ਕਿਹਾ ਸੀ ਕਿ ਜਾਤ ਦੇ ਆਧਾਰ ’ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਹੈ। ਜਦੋਂ ਤੱਕ ਜਾਤਾਂ ਨਾਲ ਵਿਤਕਰਾ ਕੀਤਾ ਜਾਂਦਾ ਰਹੇਗਾ, ਲੋਕ ਇਕ-ਦੂਜੇ ਨਾਲ ਨਹੀਂ ਜੁੜਨਗੇ।’’
ਭਗਤੀ ਕਾਲ ਦੇ ਉੱਘੇ ਭਗਤ ਰਵਿਦਾਸ ਦਾ ਜਨਮ ਵਾਰਾਣਸੀ ’ਚ ਹੋਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਤ ਰਵਿਦਾਸ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ ਜਿਥੇ ਸਭ ਦਾ ਧਿਆਨ ਰੱਖਿਆ ਜਾਵੇ। ‘ਅਸੀਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ‘ਸਬਕਾ ਸਾਥ, ਸਬਕਾ ਵਿਕਾਸ’ ਰਾਹੀਂ ਉਨ੍ਹਾਂ ਦੇ ਰਾਹ ’ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ।’ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਹਾਇਤਾ ਨਾਲ ਨਵੇਂ ਭਾਰਤ ਦਾ ਨਿਰਮਾਣ ਹੋਵੇਗਾ। ਸ੍ਰੀ ਮੋਦੀ ਨੇ ਪੁਲਵਾਮਾ ਦਹਿਸ਼ਤੀ ਹਮਲੇ ’ਚ ਸ਼ਹੀਦ ਹੋਏ ਵਾਰਾਣਸੀ ਦੇ ਜਵਾਨ ਰਮੇਸ਼ ਯਾਦਵ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਮੁਲਕ ਲਈ ਜਾਨਾਂ ਕੁਰਬਾਨ ਕਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਦਾ ਪੂਰਾ ਦੇਸ਼ ਹਮੇਸ਼ਾ ਕਰਜ਼ਦਾਰ ਰਹੇਗਾ।

Facebook Comment
Project by : XtremeStudioz