Close
Menu

ਸ੍ਰੀਲੰਕਾ ਨੂੰ ਉਸ ਦੀ ਧਰਤੀ ਉੱਤੇ ਹਰਾਉਣਾ ਆਸਾਨ ਨਹੀਂ: ਕੋਹਲੀ

-- 21 July,2017

ਕੋਲੰਬੋ,ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਦੌਰੇ ਉੱਤੇ ਪੁੱਜਣ ਬਾਅਦ ਵੀਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀਲੰਕਾ ਨੂੰ ਉਸ ਦੇ ਘਰ ਵਿੱਚ ਹਰਾਉਣਾ ਆਸਾਨ ਨਹੀਂ ਹੈ। ਟੀਮ ਇੰਡੀਆ ਨੂੰ ਲੜੀ ਜਿੱਤਣ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ।
ਭਾਰਤੀ ਟੀਮ ਦੇ ਸ੍ਰੀਲੰਕਾ ਪੁੱਜਣ ਬਾਅਦ ਕੋਚ ਰਵੀ ਸ਼ਾਸਤਰੀ ਨਾਲ ਪਹਿਲੀ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਰਾਟ ਨੇ ਕਿਹਾ ਕਿ 2015 ਦੇ ਪਿਛਲੇ ਦੌਰੇ ਦੌਰਾਨ ਭਾਰਤ ਨੇ ਇੱਥੇ ਲੜੀ 2-1 ਨਾਲ ਜਿੱਤੀ ਸੀ। ਉਸ ਤੋਂ ਬਾਅਦ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਹ ਨੰਬਰ ਇੱਕ ਬਣੇ ਹਨ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਦਾ ਦੌਰਾ ਹਮੇਸ਼ਾਂ ਪਸੰਦ ਆਇਆ ਹੈ।
ਭਾਵੇਂ ਪਿਛਲੇ ਸਮੇਂ ਵਿੱਚ ਭਾਰਤੀ ਟੀਮ ਨੇ ਇੱਥੇ ਕਈ ਸਫਲਤਾਵਾਂ ਹਾਸਲ ਕੀਤੀਆਂ ਹਨ ਪਰ ਫਿਰ ਵੀ ਸ੍ਰੀਲੰਕਾ ਨੂੰ ਉਸ ਦੇ ਘਰ ਵਿੱਚ ਹਰਾਉਣਾ ਸੌਖਾ ਨਹੀਂ ਹੈ। ਸ੍ਰੀਲੰਕਾ ਇੱਕ ਜ਼ਬਰਦਸਤ ਟੀਮ ਹੈ ,ਜੋ ਆਖ਼ਰੀ ਪਲਾਂ ਤਕ ਸੰਘਰਸ਼ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ 2014 15 ਵਿੱਚ ਜਦੋਂ ਟੀਮ ਨੇ ਆਸਟਰੇਲੀਆ ਦਾ ਦੌਰਾ ਕੀਤਾ ਸੀ ਤਾਂ ਭਾਰਤੀ ਟੀਮ ਸੱੱਤਵੇਂ ਸਥਾਨ ਉੱਤੇ ਸੀ।ਇਸ ਤੋਂ ਬਾਅਦ ਸ੍ਰੀਲੰਕਾ ਵਿੱਚ ਲੜੀ 2-1 ਨਾਲ ਜਿੱਤ ਕੇ ਭਾਰਤ ਨੇ ਅਜਿਹੀ ਸ਼ੁਰੂਆਤ ਕੀਤੀ ਕਿ ਟੀਮ ਨੰਬਰ ਇੱਕ ਬਣੀ।
ਸ੍ਰੀਲੰਕਾ ਦੇ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਇਹ ਲੜੀ ਕੀ ਇੱਕ ਤਰਫਾ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਉਹ ਵਿਰੋਧੀ ਟੀਮ ਨੂੰ ਹਲਕੇ ਵਿੱਚ ਨਹੀਂ ਲੈਂਦੇ। ਕਪਤਾਨ ਨੇ ਕਿਹਾ,‘ ਅਸੀਂ ਹਰ ਮੈਚ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ’ ਕੋਹਲੀ ਨੇ ਸ੍ਰੀਲੰਕਾ ਦੇ ਕਪਤਾਨ ਉਪਲ ਥਰੰਗਾ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਲਾਜ਼ਮੀ ਤੌਰ ਉੱਤੇ ਇਹ ਇੱਕ ਦਿਲਚਸਪ ਲੜੀ ਹੋਵੇਗੀ।
ਭਾਰਤੀ ਟੀਮ ਉਮੀਦਾਂ ਉੱਤੇ ਖਰੀ ਉਤਰਨ ਦੀ ਕੋਸ਼ਿਸ਼ ਕਰੇਗੀ। ਸ੍ਰੀਲੰਕਾ ਦੇ ਕਪਤਾਨ ਉਪਲ ਥਰੰਗਾ ਨੇ ਕਿਹਾ ਕਿ ਉਨ੍ਹਾਂ ਲਈ ਇਹ ਚੰਗਾ ਮੌਕਾ ਹੈ। ਉਨ੍ਹਾਂ ਨੂੰ ਦੁਨੀਆਂ ਦੀ ਨੰਬਰ ਇੱਕ ਟੀਮ ਨਾਲ ਖੇਡਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਨੂੰ ਸ੍ਰੀਲੰਕਾ ਆਉਣ ਉੱਤੇ ਵਧਾਈ ਦਿੱਤੀ। ਸ੍ਰੀਲੰਕਾ ਵਿੱਚ ਭਾਰਤ ਨੇ ਤਿੰਨ ਟੈਸਟ, ਪੰਜ ਇੱਕ ਰੋਜ਼ਾ ਅਤੇ ਇੱਕ ਟਵੰਟੀ-20 ਮੈਚ ਖੇਡਣਾ ਹੈ।  

Facebook Comment
Project by : XtremeStudioz