Close
Menu

ਸੱਟੇਬਾਜ਼ਾਂ ਨੇ ਮਿਨਰਵਾ ਪੰਜਾਬ ਨਾਲ ਮੈਚ ਫਿਕਸਿੰਗ ਲਈ ਕੀਤਾ ਸੰਪਰਕ

-- 08 March,2018

ਨਵੀਂ ਦਿੱਲੀ, ਹੀਰੋ ਹਾਈ ਲੀਗ ਫੁਟਬਾਲ ਚੈਂਪੀਅਨਸ਼ਿਪ ਦੀ ਟੀਮ ਮਿਨਰਵਾ ਪੰਜਾਬ ਫੁਟਬਾਲ ਕਲੱਬ ਨੂੰ ਟੂਰਨਾਮੈਂਟ ਦੀਆਂ ਹੋਰ ਟੀਮਾਂ ਨੇ ਫਿਕਸਿੰਗ ਲਈ ਸੰਪਰਕ ਕੀਤਾ ਸੀ। ਭਾਰਤੀ ਫੁਟਬਾਲ ਸੰਘ (ਏਆਈਐਫਐਫ) ਨੇ ਅੱਜ ਇਸ ਦਾ ਖ਼ੁਲਾਸਾ ਕੀਤਾ ਹੈ। ਆਈ ਲੀਗ ਇਸ ਸਮੇਂ ਆਖ਼ਰੀ ਗੇੜ ਵਿੱਚ ਹੈ ਅਤੇ ਖ਼ਿਤਾਬੀ ਮੁਕਾਬਲੇ ਵਿੱਚ ਚਾਰ ਟੀਮਾਂ ਸ਼ਾਮਲ ਹਨ। ਮਿਨਰਵਾ ਪੰਜਾਬ 17 ਮੈਚਾਂ ਵਿੱਚ 32 ਅੰਕਾਂ ਨਾਲ ਚੋਟੀ ’ਤੇ ਹੈ ਜਦਕਿ ਨੈਰੋਕਾ ਇਨੇ ਹੀ ਮੈਚਾਂ ਵਿੱਚ 31, ਮੋਹਨ ਬਾਗ਼ਾਨ 30 ਅਤੇ ਈਸਟ ਬੰਗਾਲ 30 ਅੰਕਾਂ ਨਾਲ ਅਗਲੇ ਤਿੰਨ ਸਥਾਨਾਂ ’ਤੇ ਹੈ। ਕਲੱਬ ਦੇ ਮਾਲਕ ਰਣਜੀਤ ਬਜਾਜ ਨੇ ਇਸ ਤੋਂ ਪਹਿਲਾਂ ਖ਼ੁਲਾਸਾ ਕੀਤਾ ਸੀ ਕਿ ਉਸ ਦੇ ਕਈ ਖਿਡਾਰੀਆਂ ਨੂੰ ਸੱਟੇਬਾਜ਼ਾਂ ਨੇ ਮੈਚ ਫਿਕਸਿੰਗ ਲਈ ਪੇਸ਼ਕਸ਼ ਕੀਤੀ ਸੀ।ਏਆਈਐਫਐਫ ਨੇ ਇੱਕ ਬਿਆਨ ਰਾਹੀਂ ਕਿਹਾ, ‘‘ਸਾਨੂੰ ਮਿਨਰਵਾ ਪੰਜਾਬ ਤੋਂ ਇੱਕ ਪੱਤਰ ਮਿਲਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਆਈ ਲੀਗ ਦੀਆਂ ਹੋਰ ਟੀਮਾਂ ਵੱਲੋਂ ਉਸ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਨਾਲ ਫਿਕਸਿੰਗ ਲਈ ਸੰਪਰਕ ਕੀਤਾ ਗਿਆ ਸੀ।’’ ਏਆਈਐਫਐਫ ਨੇ ਕਿਹਾ ਕਿ ਇਸ ਮਾਮਲੇ ਦੀ ਉਸ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਮਿਨਰਵਾ ਦਾ ਵੀਰਵਾਰ ਨੂੰ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿੱਚ ਚਰਚਿਲ ਬ੍ਰਦਰਜ਼ ਨਾਲ ਮੁਕਾਬਲਾ ਹੋਣਾ ਹੈ। ਮੈਚ ਜਿੱਤਣ ਮਗਰੋਂ ਪੰਜਾਬ ਦੀ ਟੀਮ ਚੈਂਪੀਅਨ ਬਣ ਜਾਵੇਗੀ। ਇਸੇ ਦਿਨ ਦੋ ਹੋਰ ਮੈਚਾਂ ਵਿੱਚ ਗੋਕੁਲਮ ਕੇਰਲ ਅਤੇ ਮੋਹਨ ਬਾਗ਼ਾਨ ਅਤੇ ਈਸਟ ਬੰਗਾਲ ਅਤੇ ਨੈਰੋਕਾ ਵਿਚਾਲੇ ਮੁਕਾਬਲਾ ਹੋਣਾ ਹੈ। ਮਿਨਰਵਾ, ਨੈਰੋਕਾ, ਬਾਗ਼ਾਨ ਅਤੇ ਈਸਟ ਬੰਗਾਲ ਟੀਮਾਂ ਕੋਲ ਖ਼ਿਤਾਬ ਜਿੱਤਣ ਦਾ ਪੂਰਾ ਮੌਕਾ ਹੈ। ਇਨ੍ਹਾਂ ਵਿੱਚ ਮਿਨਰਵਾ ਦੀ ਸਥਿਤੀ ਸਭ ਤੋਂ ਵੱਧ ਮਜ਼ਬੂਤ ਹੈ ਕਿਉਂਕਿ ਉਸ ਦਾ ਮੁਕਾਬਲਾ ਨੌਵੇਂ ਨੰਬਰ ਦੀ ਟੀਮ ਚਰਚਿਲ ਬ੍ਰਦਰਜ਼ ਨਾਲ ਹੈ।

Facebook Comment
Project by : XtremeStudioz