Close
Menu

ਸੱਤਾ ਵਿਚ ਆਉਣ ’ਤੇ ਅਗਸਤਾ ਵੈਸਟਲੈਂਡ ਘੁਟਾਲੇ ਦੀ ਜਾਂਚ ਕਰਾਵਾਂਗੇ: ਕਾਂਗਰਸ

-- 31 December,2018

ਨਵੀਂ ਦਿੱਲੀ, 31 ਦਸੰਬਰ
ਕਾਂਗਰਸ ਨੇ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਉੱਤੇ ਮੋਦੀ ਸਰਕਾਰ ਨੂੰ ਬਚਾਉਣ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਹੈ ਕਿ ਜੇ 2019 ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਅਗਸਤਾ ਵੈਸਟਲੈਂਡ ਘੁਟਾਲੇ ਦੀ ਮੁੜ ਤੋਂ ਜਾਂਚ ਕਰਵਾਏਗੀ।
ਕਾਂਗਰਸ ਨੇ ਕਿਹਾ ਹੈ ਕਿ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਯੂਪੀਏ ਸਰਕਾਰ ਵੱਲੋਂ ਅਗਸਤਾ ਵੈਸਟਲੈਂਡ ਵਿਰੁੱਧ ਲਾਈ ਪਾਬੰਦੀ ਨੂੰ ਹਟਾ ਦਿੱਤਾ ਅਤੇ ਇੱਥੇ ਹੀ ਬੱਸ ਨਹੀਂ ਸਗੋਂ ਉਸ ਨਾਲ ਜਲ ਸੈਨਾ ਲਈ ਇੱਕ ਸੌ ਹੈਲੀਕਾਪਟਰਾਂ ਦੀ ਖ਼ਰੀਦ ਦਾ ਸੌਦਾ ਵੀ ਕਰ ਲਿਆ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਭਾਵੇਂ ਮੋਦੀ ਸਰਕਾਰ ਨੂੰ ਬਚਾਅ ਲਵੇ ਪਰ ਜਦੋਂ 2019 ਵਿਚ ਇਹ ਸਰਕਾਰ ਸੱਤਾ ਤੋਂ ਲਾਂਭੇ ਹੋ ਜਾਵੇਗੀ ਤਾਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਮੋਦੀ ਸਰਕਾਰ ਦੀ ਅਗਸਤਾ ਵੈਸਟਲੈਂਡ ਨਾਲ ਭਿਆਲੀ ਦੀ ਲਾਜ਼ਮੀ ਤੌਰ ਉੱਤੇ ਜਾਂਚ ਕਰਵਾਏ ਜਾਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਈਡੀ ਨੇ ਅਦਾਲਤ ਵਿਚ ਜਾਣਕਾਰੀ ਦਿੱਤੀ ਸੀ ਕਿ ਅਗਸਤਾ ਵੈਸਟਲੈਂਡ ਘੁਟਾਲੇ ਦੇ ਵਿਚੋਲੀਏ ਕ੍ਰਿਸ਼ਚੀਅਨ ਮਿਸ਼ੇਲ ਨੇ ਸੋਨੀਆ ਗਾਂਧੀ ਦਾ ਨਾਂਅ ਲਿਆ ਹੈ। ਇਸ ਤੋਂ ਬਾਅਦ ਕਾਂਗਰਸ ਨੇ ਅੱਜ ਮੋਦੀ ਸਰਕਾਰ ਉੱਤੇ ਇਹ ਨਵਾਂ ਹੱਲਾ ਬੋਲਿਆ ਹੈ। ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਮਿਸ਼ੇਲ ਨੂੰ ਗਾਂਧੀ ਪਰਿਵਾਰ ਵਿਰੁੱਧ ਝੂਠਾ ਬਿਆਨ ਦੇਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇ ਉਸ ਕੋਲ ਗਾਂਧੀ ਪਰਿਵਾਰ ਵਿਰੁੱਧ ਕੋਈ ਜਾਣਕਾਰੀ ਹੈ ਤਾਂ ਉਹ ਲੋਕਾਂ ਦੇ ਸਾਹਮਣੇ ਰੱਖੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਰੌਲਾ ਪਾਕੇ ਇਸ ਕੇਸ ਵਿਚ ਆਪਣੀ ਨਾਕਾਮੀ ਨੂੰ ਛੁਪਾ ਰਹੀ ਹੈ। ਇਸੇ ਦੌਰਾਨ ਭਾਜਪਾ ਨੇ ਕਾਂਗਰਸ ਉੱਤੇ ਦੋਸ਼ ਲਾਇਆ ਹੈ ਕਿ ਉਹ ਅਗਸਤਾ ਵੈਸਟਲੈਂਡ ਘੁਟਾਲੇ ਦੇ ਵਿਚੋਲੀਏ ਕ੍ਰਿਸਚੀਅਨ ਮਿਸ਼ੇਲ ਨੂੰ ਬਚਾਅ ਰਹੀ ਹੈ ਅਤੇ ਸਵਾਲ ਕੀਤਾ ਹੈ ਕਿ ਉਹ ਜਾਂਚ ਤੋਂ ਡਰ ਕਿਉਂ ਰਹੀ ਹੈ। ਭਾਜਪਾ ਦੇ ਬੁਲਾਰੇ ਸੁੰਧਾਂਸ਼ੂ ਤ੍ਰਿਵੇਦੀ ਨੇ ਕਾਂਗਰਸ ਉੱਤੇ ਮਾਮਲੇ ਦੇ ਸਿਆਸੀਕਰਨ ਕਰਨ ਦਾ ਦੋਸ਼ ਲਾਇਆ ਹੈ।

Facebook Comment
Project by : XtremeStudioz