Close
Menu

ਸੱਤ ਕਸ਼ਮੀਰੀ ਵੱਖਵਾਦੀਆਂ ਦਾ ਦਸ ਰੋਜ਼ਾ ਪੁਲੀਸ ਰਿਮਾਂਡ

-- 26 July,2017

ਨਵੀਂ ਦਿੱਲੀ,  ਅਦਾਲਤ ਨੇ ਕਸ਼ਮੀਰ ਵਾਦੀ ਵਿੱਚ ਦਹਿਸ਼ਤੀ ਸਰਗਰਮੀਆਂ ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਮਾਇਕ ਇਮਦਾਦ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਸੱਤ ਕਸ਼ਮੀਰੀ ਵੱਖਵਾਦੀਆਂ ਨੂੰ ਦਸ ਦਿਨਾਂ ਲਈ ਕੌਮੀ ਜਾਂਚ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਐਨਆਈਏ ਨੇ ਇਸੇ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਤੋਂ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਦੀ ਪਛਾਣ ਆਤਿਫ਼ ਤੇ ਆਸਿਫ਼ ਵਜੋਂ ਹੋਈ ਹੈ। ਓਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 20 ਸਾਲ ਪੁਰਾਣੇ ਕੇਸ ਵਿੱਚ ਵੱਖਵਾਦੀ ਆਗੂ ਸ਼ਬੀਰ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਕੈਮਰੇ ਹੇਠ ਹੋਈ ਅਦਾਲਤੀ ਕਾਰਵਾਈ ਦੌਰਾਨ ਜ਼ਿਲ੍ਹਾ ਜੱਜ ਪੂਨਮ ਬਾਂਬਾ ਨੇਐਨਆਈਏ ਨੂੰ ਮੁਲਜ਼ਮਾਂ ਨਈਮ ਖ਼ਾਨ, ਅਲਤਾਫ਼ ਅਹਿਮਦ ਸ਼ਾਹ, ਆਫ਼ਤਾਬ ਹਿਲਾਲੀ ਸ਼ਾਹ ਉਰਫ਼ ਸ਼ਾਹਿਦ ਉਲ ਇਸਲਾਮ, ਅਯਾਜ਼ ਅਕਬਰ ਖਾਂਡੇ, ਪੀਰ ਸੈਫ਼ੁੱਲ੍ਹਾ, ਰਾਜਾ ਮਹਿਰਾਜੂਦੀਨ ਕਲਵਾਲ ਤੇ ਫ਼ਾਰੂਕ ਅਹਿਮਦ ਦਾਰ ਉਰਫ਼ ਬਿੱਟਾ ਕਰਾਟੇ ਤੋਂ ਪੁੱਛਗਿੱਛ ਲਈ 4 ਅਗਸਤ ਤੱਕ ਦਾ ਰਿਮਾਂਡ ਦੇ ਦਿੱਤਾ ਹੈ। ਏਜੰਸੀ ਨੇ ਅਦਾਲਤ ਤੋਂ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਸੀ ਕਿ ਮੁਲਜ਼ਮਾਂ ਤੋਂ ਪੁੱਛਗਿਛ ਲਈ ਉਨ੍ਹਾਂ ਨੂੰ ਜੰਮੂ ਕਸ਼ਮੀਰ ਤੇ ਹੋਰਨਾਂ ਥਾਵਾਂ ’ਤੇ ਲਿਜਾਣ ਦੀ ਲੋੜ ਹੈ। ਚੇਤੇ ਰਹੇ ਕਿ ਇਨ੍ਹਾਂ 6 ਕਸ਼ਮੀਰੀ ਵੱਖਵਾਦੀਆਂ ਨੂੰ ਬੀਤੇ ਦਿਨ ਸ੍ਰੀਨਗਰ ਤੋਂ ਗ੍ਰਿਫ਼ਤਾਰ ਕਰਨ ਮਗਰੋਂ ਦਿੱਲੀ ਲਿਆਂਦਾ ਗਿਆ ਸੀ ਜਦਕਿ ਫਾਰੂਕ ਅਹਿਮਦ ਦਾਰ ਨੂੰ ਇਥੋਂ ਹੀ ਕਾਬੂ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਤੇ ਮੁਲਕ ਖ਼ਿਲਾਫ਼ ਜੰਗ ਛੇੜਨ ਦੇ ਦੋਸ਼ ਆਇਦ ਕੀਤੇ ਗਏ ਹਨ। ਮੁਲਜ਼ਮਾਂ ’ਚੋਂ ਅਲਤਾਫ਼ ਅਹਿਮਦ ਸ਼ਾਹ ਗਰਮਖਿਆਲੀ ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਦਾ ਜਵਾਈ ਹੈ।
ਐਨਆਈਏ ਦੇ ਸਰਕਾਰੀ ਵਕੀਲ ਸੁਰਿੰਦਰ ਸਿੰਘ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਕੇਂਦਰ ਸਰਕਾਰ ਵੱਲੋਂ ਮਿਲੀ ਸੁਰੱਖਿਆ ਛਤਰੀ ਹੇਠ ਵਾਦੀ ਨੂੰ ਅਸਥਿਰ ਕਰਨ ਲਈ ਗੈਰਕਾਨੂੰਨੀ ਸਰਗਰਮੀਆਂ ’ਚ ਸ਼ੁਮਾਰ ਸਨ। ਏਜੰਸੀ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਦੀ ਪੁਖਤਾ ਜਾਣਕਾਰੀ ਹੈ ਕਿ ਜੰਮੂ ਕਸ਼ਮੀਰ ਵਿੱਚ ਦਹਿਸ਼ਤੀ ਸਰਗਰਮੀਆਂ ਨੂੰ ਹਵਾ ਦੇਣ ਲਈ ਜਮਾਤ ਉਦ ਦਾਵਾ ਤੇ ਹੂਰੀਅਤ ਕਾਨਫਰੰਸ ਦੇ ਮੈਂਬਰਾਂ ਸਮੇਤ ਵੱਖਵਾਦੀ ਆਗੂ ਵਿੱਤੀ ਇਮਦਾਦ ਲਈ ਹਿਜਬੁਲ ਮੁਜਾਹਿਦੀਨ, ਦੁਖਤਾਰਨ-ਏ-ਮਿਲਾਤ ਤੇ ਲਸ਼ਕਰੇ ਤਇਬਾ ਤੇ ਹੋਰਨਾਂ ਜਥੇਬੰਦੀਆਂ ਦੇ ਸੰਪਰਕ ’ਚ ਸਨ। ਏਜੰਸੀ ਨੇ ਕਿਹਾ ਕਿ ਵੱਖਵਾਦੀਆਂ ਨੂੰ ਹੋਰਨਾਂ ਮੁਲਜ਼ਮਾਂ ਤੇ ਗਵਾਹਾਂ ਦੇ ਰੂਬਰੂ ਅਤੇ ਬਰਾਮਦ ਦਸਤਾਵੇਜ਼ਾਂ ਸਬੰਧੀ ਪੁੱਛਗਿੱਛ ਲਈ ਹਿਰਾਸਤ ’ਚ ਲੈਣਾ ਜ਼ਰੂਰੀ ਹੈ। ਉਧਰ ਦੂਜੀ ਧਿਰ ਦੇ ਵਕੀਲ ਰਵੀ ਕਾਜ਼ੀ, ਸ਼ਿਖਾ ਪਾਂਡੇ, ਰਜਤ ਕੁਮਾਰ ਤੇ ਹਰਸ਼ ਬੋਰਾ ਨੇ ਐਨਆਈਏ ਵੱਲੋਂ ਮੰਗੇ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲਾਂ ਨੂੰ ਝੂਠੇ ਕੇਸ ’ਚ ਫ਼ਸਾਇਆ ਜਾ ਰਿਹੈ ਅਤੇ ਉਨ੍ਹਾਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸ ਕੇ ਲਾਏ ਦੋਸ਼ ਬੇਬੁਨਿਆਦ ਹਨ।

Facebook Comment
Project by : XtremeStudioz