Close
Menu

ਸੱਪ ਤੇ ਚੂਹਾ

-- 02 May,2016

ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਚੂਹਾ ਜੰਗਲ ਦੇ ਰਸਤੇ ਇਕੱਲਾ ਜਾ ਰਿਹਾ ਸੀ। ਅਚਾਨਕ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ, ‘‘ਬਚਾਓ ਮੈਨੂੰ ਆਜ਼ਾਦ ਕਰਵਾਓ।’’ ਚੂਹੇ ਨੇ ਚਾਰੇ ਪਾਸੇ ਨਜ਼ਰ ਘੁਮਾਈ ਤਾਂ ਉਸ ਨੂੰ ਇੱਕ ਸੱਪ ਨਜ਼ਰ ਆਇਆ। ਸੱਪ ਹੀ ਉੱਚੀ-ਉੱਚੀ ‘ਬਚਾਓ-ਬਚਾਓ’ ਦੀ ਆਵਾਜ਼ ਲਗਾ ਰਿਹਾ ਸੀ। ਚੂਹੇ ਨੇ ਦੇਖਿਆ ਸੱਪ ਇੱਕ ਪੱਥਰ ਦੇ ਥੱਲੇ ਦੱਬਿਆ ਹੋਇਆ ਸੀ। ਚੂਹੇ ਨੂੰ ਦੇਖ ਕੇ ਸੱਪ ਨੇ ਕਿਹਾ, ‘‘ਚੂਹੇ ਭਰਾ, ਮੈਨੂੰ ਕਿਸੇ ਤਰ੍ਹਾਂ ਬਚਾ ਲੈ। ਇਸ ਪੱਥਰ ਦੇ ਥੱਲੇ ਦੱਬਿਆ ਹੋਣ ਕਰਕੇ ਮੈਂ ਤੁਰ ਨਹੀਂ ਸਕਦਾ।’’ ਚੂਹੇ ਨੇ ਸੱਪ ਨੂੰ ਪੁੱਛਿਆ, ‘‘ਇਹ ਪੱਥਰ ਤੇਰੇ ਉੱਪਰ ਕਿਵੇਂ ਡਿੱਗ ਪਿਆ?’’
ਸੱਪ ਨੇ ਕਿਹਾ, ‘‘ਕੋਈ ਸ਼ੈਤਾਨ ਇਹ ਪੱਥਰ ਮੇਰੇ ਉੱਪਰ ਰੱਖ ਗਿਆ ਹੈ। ਹੁਣ ਤੂੰ ਹੀ ਮੇਰੀ ਜਾਨ ਬਚਾ ਸਕਦਾ ਏਂ। ਦਰਦ ਨਾਲ ਮੇਰੀ ਜਾਨ ਨਿੱਕਲੀ ਜਾ ਰਹੀ ਹੈ। ਥੋਡ਼੍ਹੀ ਦੇਰ ਇਹ ਪੱਥਰ ਹੋਰ ਮੇਰੇ ਉੱਪਰ ਪਿਆ ਰਿਹਾ ਤਾਂ ਮੇਰੀ ਜਾਨ ਨਿਕਲ ਜਾਵੇਗੀ। ਅੱਜ ਤੂੰ ਹੀ ਮੈਨੂੰ ਬਚਾ ਸਕਦਾ ਹੈਂ।’’ ਸੱਪ, ਚੂਹੇ ਮੂਹਰੇ ਉੱਚੀ-ਉੱਚੀ ਕੁਰਲਾਅ ਰਿਹਾ ਸੀ।
ਚੂਹਾ ਕੁਝ ਦੇਰ ਸੋਚਣ ਤੋਂ ਬਾਅਦ ਬੋਲਿਆ,‘‘ਤੂੰ ਤਾਂ ਸੱਪ ਐਂ, ਜੇ ਮੈਂ ਤੈਨੂੰ ਆਜ਼ਾਦ ਕਰਾ ਦਿੱਤਾ ਤਾਂ ਤੂੰ ਮੈਨੂੰ ਹੀ ਕੱਟ ਲਵੇਂਗਾ।’’ ਸੱਪ ਨੇ ਬਡ਼ੇ ਨਰਮ ਜਿਹੇ ਲਹਿਜ਼ੇ ਵਿੱਚ ਕਿਹਾ, ‘‘ਮੈਂ ਤੈਨੂੰ ਨਹੀਂ ਕੱਟਾਂਗਾ। ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ। ਬਸ, ਤੂੰ ਮੈਨੂੰ ਬਚਾ ਲੈ।’’
ਚੂਹੇ ਨੂੰ ਸੱਪ ’ਤੇ ਤਰਸ ਆ ਗਿਆ ਅਤੇ ਉਸ ਨੇ ਸੱਪ ਦੀ ਜਾਨ ਬਚਾਉਣ ਦਾ ਮਨ ਬਣਾ ਲਿਆ। ਉਸ ਨੇ ਵੱਡੇ ਪੱਥਰ ਨੂੰ ਸੱਪ ਦੇ ਉੱਪਰ ਤੋਂ ਹਟਾ ਦਿੱਤਾ ਤੇ ਸੱਪ ਆਜ਼ਾਦ ਹੋ ਗਿਆ।
ਸੱਪ ਬਹੁਤ ਵੱਡਾ ਸੀ। ਐਨਾ ਵੱਡਾ ਕਿ ਸਾਬਤ ਬੱਕਰੀ ਖਾ ਸਕਦਾ ਸੀ। ਸੱਪ ਆਜ਼ਾਦ ਹੋ ਕੇ ਚੂਹੇ ਵੱਲ ਤਿੱਖੀ ਨਜ਼ਰ ਨਾਲ ਦੇਖਣ  ਲੱਗਿਆ ਕਿਉਂਕਿ ਸੱਪ ਕਈ ਦਿਨਾਂ ਦਾ ਭੁੱਖਾ ਸੀ। ਉਹ ਚੂਹੇ ਨੂੰ ਖਾ ਜਾਣ ਬਾਰੇ ਸੋਚਣ
ਲੱਗਾ। ਉਹ ਆਪਣਾ ਮੂੰਹ ਖੋਲ੍ਹ ਹੌਲੀ-ਹੌਲੀ ਚੂਹੇ ਵੱਲ ਨੂੰ ਵਧ ਰਿਹਾ ਸੀ। ਚੂਹੇ ਦਾ ਡਰ ਦੇ ਮਾਰੇ ਬੁਰਾ ਹਾਲ ਹੋ ਰਿਹਾ ਸੀ। ਚੂਹੇ ਨੇ ਪਿੱਛੇ ਹੁੰਦੇ ਹੋਏ ਪੁੱਛਿਆ, ‘‘ਇਹ ਕੀ ਕਰ ਰਿਹੈਂ?’’ ਸੱਪ  ਫੁੰਕਾਰਾ ਮਾਰਦਾ ਹੋਇਆ ਬੋਲਿਆ, ‘‘ਮੈਨੂੰ ਬਡ਼ੀ ਜ਼ੋਰ ਦੀ ਭੁੱਖ ਲੱਗੀ ਹੋਈ ਹੈ।  ਮੈਂ ਤੈਨੂੰ ਖਾ ਜਾਵਾਂਗਾ।’’
‘‘…ਤੂੰ ਤਾਂ ਵਾਅਦਾ ਕੀਤਾ ਸੀ ਕਿ ਤੂੰ ਮੈਨੂੰ ਕੁਝ ਨਹੀਂ ਕਹੇਂਗਾ।’’ ਚੂਹੇ ਨੇ ਡਰਦੇ ਹੋਏ ਕਿਹਾ।
ਸੱਪ ਹੱਸਦਾ ਹੋਇਆ ਬੋਲਿਆ, ‘‘ਕਿਹਡ਼ਾ ਵਾਅਦਾ? ਜਦੋਂ ਭੁੱਖ ਲੱਗੀ ਹੁੰਦੀ ਹੈ, ਜਾਨਵਰ ਤਾਂ ਕੀ ਇਨਸਾਨ ਵੀ ਅੱਗੇ ਆ ਜਾਵੇ ਤਾਂ ਸਭ ਵਾਅਦੇ ਭੁੱਲ ਜਾਂਦੇ ਹਨ। ਮੈਂ ਅੱਜ ਤੈਨੂੰ ਨਹੀਂ  ਛੱਡਾਂਗਾ।’’
ਚੂਹਾ ਬੋਲਿਆ, ‘‘ਚਲੋ, ਤੁਸੀਂ ਮੈਨੂੰ ਖਾ ਲੈਣਾ ਪਰ ਆਪਾਂ ਤਿੰਨ ਬੰਦਿਆਂ ਤੋਂ ਫ਼ੈਸਲਾ ਕਰਾ ਲੈਂਦੇ ਹਾਂ ਕਿ ਤੁਸੀਂ ਮੈਨੂੰ ਖਾ ਸਕਦੇ ਹੋ ਜਾਂ ਨਹੀਂ। ਜੇ ਉਨ੍ਹਾਂ ਨੇ ਕਿਹਾ ਕਿ ਖਾ ਸਕਦੇ ਹੋ ਤਾਂ ਤੁਸੀਂ ਮੈਨੂੰ ਖਾ ਲੈਣਾ, ਨਹੀਂ ਤਾਂ ਤੁਹਾਨੂੰ ਆਪਣਾ ਇਰਾਦਾ ਬਦਲਣਾ ਪਵੇਗਾ।’’
ਸੱਪ ਨੇ ਕਿਹਾ, ‘‘ਠੀਕ ਹੈ ਜੋ ਵੀ ਤਿੰਨ ਬੰਦੇ ਫ਼ੈਸਲਾ ਕਰਨਗੇ, ਮੈਨੂੰ ਮਨਜ਼ੂਰ ਹੋਵੇਗਾ।’’
ਚੂਹਾ  ਤਿੰਨ ਜਣਿਆਂ ਦੀ ਤਲਾਸ਼ ਵਿੱਚ  ਨਿਕਲ ਗਿਆ। ਨੇਡ਼ੇ ਹੀ             ਇੱਕ ਨਦੀ ਸੀ, ਉਸ ਕੰਢੇ ਇੱਕ ਦਰੱਖਤ ਸੀ ਅਤੇ ਦਰੱਖਤ ਦੇ ਥੱਲੇ ਇੱਕ ਕੀਡ਼ੀ ਬੈਠੀ ਸੀ।
ਸੱਪ ਬੋਲਿਆ, ‘‘ਚੱਲ ਦਰੱਖਤ, ਨਦੀ ਤੇ ਕੀਡ਼ੀ ਤੋਂ ਪੁੱਛਦੇ ਹਾਂ।’’
ਚੂਹਾ ਬੋਲਿਆ, ‘‘ਠੀਕ ਹੈ।’’ ਚੂਹੇ ਨੂੰ ਪੂਰਾ ਯਕੀਨ ਸੀ ਕਿ ਉਹ  ਤਿੰਨੇ ਉਸ ਦੇ ਹੱਕ ਵਿੱਚ ਬੋਲਣਗੇ।
ਚੂਹੇ ਨੇ ਦਰੱਖਤ ਦੇ ਕੋਲ ਜਾ ਕੇ ਤਿੰਨਾਂ ਨੂੰ ਆਪਣੀ ਸਾਰੀ ਹੱਡ-ਬੀਤੀ ਸੁਣਾਈ ਤੇ ਬੋਲਿਆ ਕਿ ਹੁਣ ਦੱਸੋ, ਸੱਪ ਮੈਨੂੰ ਖਾ ਲਵੇ ਜਾਂ ਨਹੀਂ?
ਦਰੱਖਤ ਬੋਲਿਆ, ‘‘ਸੱਪ ਤੈਨੂੰ ਖਾ ਸਕਦਾ ਹੈ।’’
ਚੂਹੇ ਨੇ ਹੈਰਾਨ ਹੋ ਕੇ ਪੁੱਛਿਆ, ‘‘ਕਿਉਂ ਇਹ ਮੈਨੂੰ ਕਿਵੇਂ ਖਾ ਸਕਦਾ ਹੈ?’’ ਦਰੱਖਤ ਨੇ ਸਫ਼ਾਈ ਦਿੰਦੇ ਹੋਏ ਕਿਹਾ, ‘‘ਜੇ ਤੂੰ ਸੱਪ ਦੀ ਜਾਨ ਨਾ ਬਚਾਉਂਦਾ, ਫਿਰ ਵੀ ਉਹ ਮੌਤ ਤੋਂ ਬਚ ਜਾਂਦਾ। ਸੱਪ ਦੀ ਖੁਰਾਕ ਡੱਡੂ ਤੇ ਚੂਹੇ ਹੀ ਹਨ, ਇਸ ਕਰਕੇ ਸੱਪ ਤੈਨੂੰ ਖਾ ਸਕਦਾ ਹੈ।’’
ਉਸ ਤੋਂ ਬਾਅਦ ਸੱਪ ਕੀਡ਼ੀ ਨੂੰ ਪੁੱਛਣ ਲੱਗਾ, ‘‘ਤੂੰ ਤਾਂ ਮੈਨੂੰ ਸਮਝਦਾਰ ਲੱਗ ਰਹੀ ਏਂ, ਤੂੰ ਦੱਸ ਮੈਂ ਚੂਹੇ ਨੂੰ ਖਾ ਸਕਦਾ ਹਾਂ ਕਿ ਨਹੀਂ?’’
ਕੀਡ਼ੀ ਨੇ ਬਡ਼ੇ ਹੀ ਨਰਮ ਲਹਿਜ਼ੇ ਵਿੱਚ ਕਿਹਾ, ‘‘ਜੋ ਦਰੱਖਤ ਨੇ ਕਿਹਾ  ਹੈ, ਮੈਂ ਉਸ ਦੇ ਫ਼ੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਸੱਪ ਚੂਹੇ ਨੂੰ ਖਾ ਸਕਦਾ ਹੈ।’’
ਹੁਣ ਨਦੀ ਨੂੰ ਪੁੱਛਣ ਦੀ ਵਾਰੀ ਸੀ ਤੇ ਨਦੀ ਨੇ ਕਿਹਾ,‘‘ਮੈਂ ਦਰੱਖਤ ਅਤੇ ਕੀਡ਼ੀ ਨਾਲ ਬਿਲਕੁਲ ਸਹਿਮਤ ਹਾਂ। ਹੁਣ ਮੈਨੂੰ ਹੀ ਦੇਖ ਲਵੋ ਮੈਂ ਸੰਘਣੇ ਜੰਗਲਾਂ ਵਿੱਚ ਦੀ ਲੰਘਦੀ ਹਾਂ। ਬਹੁਤ ਸਾਰੇ ਜੀਵ-ਜੰਤੂਆਂ ਨੂੰ ਪਾਣੀ ਪਿਲਾਉਂਦੀ ਹਾਂ ਪਰ ਕੁਝ ਜੀਵ ਜੰਤੂ ਮੇਰੇ ਅੰਦਰ ਹੀ ਗੰਦ ਪਾ ਦਿੰਦੇ ਹਨ। ਮੇਰੇ ਅੰਦਰ ਰਹਿਣ ਵਾਲੇ ਪੌਦੇ ਅਤੇ ਮੱਛੀਆਂ ਆਪਣੇ ਸਮੇਂ ਤੋਂ ਪਹਿਲਾਂ ਹੀ ਦਮ ਤੋਡ਼ ਦਿੰਦੇ ਹਨ। ਜਦੋਂ ਜੀਵ ਜੰਤੂ ਹੀ ਮਤਲਬੀ ਨੇ ਤਾਂ ਫਿਰ ਉਨ੍ਹਾਂ ਨਾਲ ਭਲਾਈ ਕਿਉਂ? ਇਸ ਕਰਕੇ ਸੱਪ ਚੂਹੇ ਨੂੰ ਖਾ ਸਕਦਾ ਹੈ।’’
ਚੂਹਾ ਹੁਣ ਖ਼ਾਮੋਸ਼ ਹੋ ਗਿਆ। ਸੱਪ ਚੂਹੇ ਵੱਲ ਨੂੰ ਹੋਣ ਲੱਗਾ ਤਾਂ ਚੂਹੇ ਨੇ ਕਿਹਾ ਕਿ ਠਹਿਰੋ, ‘‘ਮੈਨੂੰ ਆਪਣੀ ਬੁੱਢੀ ਮਾਂ ਨੂੰ ਮਿਲ ਲੈਣ ਦਿਓ, ਮੈਂ ਉਸ ਨੂੰ ਪ੍ਰਣਾਮ ਕਰਨਾ ਚਾਹੁੰਦਾ ਹਾਂ।’’
ਸੱਪ ਨੇ ਕਿਹਾ, ‘‘ਠੀਕ ਹੈ ਪਰ ਮੈਂ ਵੀ ਤੇਰੇ ਨਾਲ ਹੀ ਜਾਵਾਂਗਾ।’’ ਦੋਵੇਂ ਜਣੇ ਚੂਹੇ ਦੀ ਖੁੱਡ ਵੱਲ ਨੂੰ ਤੁਰ ਪਏ। ਖੁੱਡ ਦੇ ਨੇਡ਼ੇ ਜਾ ਕੇ ਚੂਹੇ ਨੇ ਸੱਪ ਨੂੰ ਕਿਹਾ, ‘‘ਸੱਪ ਭਰਾ, ਤੂੰ ਵੀ ਮੇਰੀ ਮਾਂ ਨੂੰ ਮਿਲ ਲੈ।’’
ਸੱਪ ਤਿਆਰ ਹੋ ਗਿਆ ਤੇ ਚੂਹੇ ਦੀ ਖੁੱਡ ਵਿੱਚ ਚਲਾ ਗਿਆ। ਚੂਹੇ ਦੀ ਖੁੱਡ ਵਿੱਚ ਹੋਰ ਕੋਈ ਨਹੀਂ ਸੀ ਰਹਿੰਦਾ। ਚੂਹਾ ਇਕੱਲਾ ਹੀ ਖੁੱਡ ਵਿੱਚ ਰਹਿੰਦਾ ਸੀ। ਜਿਵੇਂ ਹੀ ਸੱਪ ਚੂਹੇ ਦੀ ਖੁੱਡ ਅੰਦਰ ਵਡ਼ਿਆ ਤਾਂ ਚੂਹੇ ਨੇ ਇੱਕ ਵੱਡਾ ਪੱਥਰ ਲਿਆ ਕੇ ਖੁੱਡ ਦੇ ਉੱਪਰ ਰੱਖ ਦਿੱਤਾ।
ਸੱਪ, ਖੁੱਡ ਦੇ ਅੰਦਰੋਂ ਚੂਹੇ ਨੂੰ ਆਵਾਜ਼ ਮਾਰ ਰਿਹਾ ਸੀ ਪਰ ਚੂਹਾ ਉੱਥੋਂ ਦੌਡ਼ ਗਿਆ ਤੇ ਉਸ ਨੇ ਦੂਜੀ ਜਗ੍ਹਾ ਜਾ ਕੇ ਆਪਣੀ ਇੱਕ ਹੋਰ ਖੁੱਡ ਬਣਾ ਲਈ। ਉਦੋਂ ਤੋਂ ਹੀ ਸੱਪ ਚੂਹੇ ਦੀਆਂ ਖੁੱਡਾਂ ਵਿੱਚ ਰਹਿਣ ਲੱਗੇ। ਸੱਪ ਜਿਸ ਚੂਹੇ ਦੀ ਖੁੱਡ ਵਿੱਚ ਰਹਿਣ ਲੱਗ ਪੈਂਦਾ ਹੈ, ਚੂਹਾ ਉਹ ਖੁੱਡ ਛੱਡ ਕੇ ਕਿਤੇ ਹੋਰ ਚਲਾ ਜਾਂਦਾ ਹੈ ਅਤੇ ਉੱਥੇ ਹੀ ਆਪਣੀ ਖੁੱਡ ਬਣਾ ਲੈਂਦਾ ਹੈ।

Facebook Comment
Project by : XtremeStudioz