Close
Menu

ਹਰਮਨਪ੍ਰੀਤ ਨੂੰ ਆਈਸੀਸੀ ਮਹਿਲਾ ਟੀ-20 ਟੀਮ ਦੀ ਕਮਾਂਡ

-- 31 December,2018

ਦੁਬਈ, 31 ਦਸੰਬਰ
ਭਾਰਤੀ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਆਈਸੀਸੀ ਨੇ ਅੱਜ ਇੱਥੇ ਐਲਾਨੀ ਗਈ ਸਾਲ ਦੀ ਮਹਿਲਾ ਟੀ-20 ਕੌਮਾਂਤਰੀ ਟੀਮ ਦਾ ਕਪਤਾਨ ਬਣਾਇਆ ਹੈ ਜਿਸ ਵਿੱਚ ਸਮ੍ਰਿਤੀ ਮੰਧਾਨਾ ਤੇ ਪੂਨਮ ਯਾਦਵ ਨੂੰ ਵੀ ਜਗ੍ਹਾ ਮਿਲੀ ਹੈ।
ਸਲਾਮੀ ਬੱਲੇਬਾਜ਼ ਮੰਧਾਨਾ ਤੇ ਲੈੱਗ ਸਪਿੰਨਰ ਯਾਦਵ ਨੂੰ ਨਿਊਜ਼ੀਲੈਂਡ ਦੀ ਕਪਤਾਨ ਸੂਜ਼ੀ ਬੇਟਸ ਦੀ ਅਗਵਾਈ ’ਚ ਚੁਣੀ ਗਈ ਇਕ ਰੋਜ਼ਾ ਟੀਮ ਵਿੱਚ ਵੀ ਜਗ੍ਹਾ ਦਿੱਤੀ ਗਈ ਹੈ। ਇਕ ਰੋਜ਼ਾ ਅਤੇ ਟੀ-20 ਟੀਮ ਦੀ ਚੋਣ ਵੋਟਿੰਗ ਪ੍ਰਣਾਲੀ ਰਾਹੀਂ ਕੀਤੀ ਗਈ ਸੀ ਜਿਸ ਵਿੱਚ ਲੀਜ਼ਾ ਸਟਾਲੇਕਰ, ਚਾਰਲੋਟੇ ਐਡਵਰਜ਼, ਅੰਜੁਮ ਚੋਪੜਾ ਅਤੇ ਮੀਡੀਆ ਦੇ ਮੈਂਬਰ ਸ਼ਾਮਲ ਸਨ। ਇਹ ਚੋਣ ਕੈਲੰਡਰ ਸਾਲ 2018 ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ ਹੈ। ਹਰਮਨਪ੍ਰੀਤ ਨੂੰ ਟੀ-20 ਦੀ ਕਮਾਂਡ ਇਸ ਸਾਲ ਨਵੰਬਰ ਵਿੱਚ ਵੈਸਟਇੰਡੀਜ਼ ’ਚ ਹੋਏ ਆਈਸੀਸੀ ਮਹਿਲਾ ਟੀ-20 2018 ’ਚ ਭਾਰਤ ਨੂੰ ਸੈਮੀ ਫਾਈਨਲ ਵਿੱਚ ਪਹੁੰਚਾਉਣ ’ਚ ਅਹਿਮ ਯੋਗਦਾਨ ਪਾਉਣ ਲਈ ਮਿਲੀ।
ਆਈਸੀਸੀ ਨੇ ਇਕ ਬਿਆਨ ’ਚ ਕਿਹਾ ਕਿ ਟੂਰਨਾਮੈਂਟ ’ਚ ਹਰਮਨਪ੍ਰੀਤ ਨੇ 160.5 ਦੀ ਸਟਰਾਈਕ ਰੇਟ ’ਤੇ 183 ਦੌੜਾਂ ਬਣਾਈਆਂ ਜਦੋਂਕਿ ਕੈਲੰਡਰ ਸਾਲ ’ਚ ਉਸ ਨੇ 663 ਦੌੜਾਂ ਬਣਾਈਆਂ ਜਿਸ ਦੌਰਾਨ ਉਸ ਦਾ ਸਟਰਾਈਕ ਰੇਟ 126.2 ਰਿਹਾ। ਹਰਮਨਪ੍ਰੀਤ ਆਈਸੀਸੀ ਮਹਿਲਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਤੀਜੇ ਸਥਾਨ ’ਤੇ ਕਾਬਜ਼ ਹੈ। ਵਿਸ਼ਵ ਟੀ-20 ਇਲੈਵਨ ਦੀ ਕਪਤਾਨ ਐਲਾਨੇ ਜਾਣ ’ਤੇ 29 ਸਾਲਾ ਹਰਮਨਪ੍ਰੀਤ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਉਹ ਇਮਾਨਦਾਰੀ ਨਾਲ ਦੱਸੇ ਤਾਂ ਇਹ ਉਸ ਲਈ ਹੈਰਾਨੀ ਵਾਲੀ ਗੱਲ ਹੈ। ਪਿਛਲੇ ਦੋ ਸਾਲਾਂ ’ਚ ਉਨ੍ਹਾਂ ਨੂੰ ਜ਼ਿਆਦਾ ਟੀ-20 ਮੈਚਾਂ ’ਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ ਅਤੇ ਉਸ ਵਾਸਤੇ ਇਹ ਕਾਫੀ ਮੁਸ਼ਕਿਲ ਸੀ ਕਿ ਟੀਮ ’ਚ ਇਹ ਵਿਸ਼ਵਾਸ ਭਰੇ ਕਿ ਉਹ ਟੀ-20 ਕੌਮਾਂਤਰੀ ’ਚ ਵਧੀਆ ਕਰ ਸਕਦੇ ਹਨ। ਆਤਮਵਿਸ਼ਵਾਸ ਵਧਾਉਣ ਲਈ ਟੀਮ ਨੇ ਜਿਸ ਤਰ੍ਹਾਂ ਨਾਲ ਕੰਮ ਕੀਤਾ ਉਸ ਦਾ ਸਿਹਰਾ ਟੀਮ ਮੈਂਬਰਾਂ ਨੂੰ ਜਾਂਦਾ ਹੈ।
ਹਰਮਨਪ੍ਰੀਤ ਨੇ ਕਿਹਾ ਕਿ ਉਸ ਲਈ ਇਹ ਸਨਮਾਨ ਕਾਫੀ ਮਾਇਨਾ ਰੱਖਦਾ ਹੈ, ਭਾਰਤੀ ਕ੍ਰਿਕਟ ਬੋਰਡ ਨੇ ਉਸ ਉੱਪਰ ਭਰੋਸਾ ਕੀਤਾ ਕਿ ਉਹ ਕ੍ਰਿਕਟ ਦੇ ਇਸ ਰੂਪ ’ਚ ਵਧੀਆ ਕਰ ਸਕਦੀ ਹੈ। ਇਸ ਟੀ-20 ਟੀਮ ’ਚ ਭਾਰਤ ਦੀਆਂ ਤਿੰਨ ਖਿਡਾਰਨਾਂ ਤੋਂ ਇਲਾਵਾ ਟੀ-20 ਵਿਸ਼ਵ ਚੈਂਪੀਅਨ ਆਸਟਰੇਲੀਆ ਦੀਆਂ ਚਾਰ, ਨਿਊਜ਼ੀਲੈਂਡ ਦੀਆਂ ਦੋ ਅਤੇ ਬੰਗਲਾਦੇਸ਼ ਤੇ ਇੰਗਲੈਂਡ ਦੀ ਇਕ-ਇਕ ਖਿਡਾਰਨ ਹੈ। ਇਕ ਰੋਜ਼ਾ ਟੀਮ ’ਚ ਸੱਤ ਦੇਸ਼ਾਂ ਦੀਆਂ ਖਿਡਾਰਨਾਂ ਨੂੰ ਨੁਮਾਇੰਦਗੀ ਮਿਲੀ ਹੈ ਜਿਨ੍ਹਾਂ ਵਿੱਚ ਭਾਰਤ, ਇੰਗਲੈਂਡ, ਨਿਊਜ਼ੀਲੈਂਡ ਦੀਆਂ ਦੋ-ਦੋ ਜਦੋਂਕਿ ਆਸਟਰੇਲੀਆ, ਪਾਕਿਸਤਾਨ ਤੇ ਵੈਸਟਇੰਡੀਜ਼ ਦੀ ਇਕ-ਇਕ ਖਿਡਾਰਨ ਹੈ।

Facebook Comment
Project by : XtremeStudioz