Close
Menu

ਹਰਿਆਣਾ ’ਚ ਮੁਲਾਜ਼ਮਾਂ ਦੀ ਭਰਤੀ ਲਈ ਨਵੇਂ ਨਿਯਮ

-- 23 November,2017

ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮੁਲਾਜ਼ਮਾਂ ਦੇ ਗਰੁੱਪ ਸੀ ਅਤੇ ਡੀ ਅਸਾਮੀਆਂ ਦੀ ਭਰਤੀ ਸਬੰਧੀ ਨਿਵੇਕਲੇ ਨਿਯਮ ਬਣਾਏ ਗਏ ਹਨ। ਇਸ ਤਹਿਤ 85:15 ਦੇ ਨਿਰਧਾਰਿਤ ਅਨੁਪਾਤ ਨੂੰ ਘਟਾ ਕੇ 90:10 ਕਰਨ ਦਾ ਫ਼ੈਸਲਾ ਕੀਤਾ ਹੈ ਭਾਵ ਲਿਖਤੀ ਪ੍ਰੀਖਿਆ 90 ਨੰਬਰਾਂ ਦੀ ਹੋਵੇਗੀ ਅਤੇ ਤਜਰਬਾ ਤੇ ਕੁਝ ਸਮਾਜਿਕ-ਆਰਥਿਕ ਮਾਪਦੰਡਾਂ ਲਈ ਵਧ ਤੋਂ ਵਧ 10 ਨੰਬਰ ਹੋਣਗੇ। ਹਰਿਆਣਾ ਦੀ ਵਿਮੁਕਤ ਜਨਜਾਤੀ ਜਾਂ ਘੁਮੰਤੁ ਜਨਜਾਤੀ ਨਾਲ ਸਬੰਧ ਰੱਖਣ ਵਾਲੇ ਨੂੰ ਵੀ 5 ਨੰਬਰ ਦਿੱਤੇ ਜਾਣਗੇ। ਤਜਰਬੇ ਲਈ ਵਧ ਤੋਂ ਵਧ 5 ਨੰਬਰ ਰੱਖੇ ਗਏ ਹਨ। ਬਿਨੈਕਾਰ  ਨੂੰ ਕਿਸੇ ਵੀ ਹਾਲਤ ਵਿੱਚ 10 ਤੋਂ ਵਧ ਨੰਬਰ ਨਹੀਂ ਦਿੱਤੇ ਜਾਣਗੇ। ਮੰਤਰੀ ਮੰਡਲ ਨੇ ਦੂਜੇ ਰਾਜਾਂ ਦੇ ਯਾਤਰੀ ਵਾਹਨਾਂ ਦੇ ਹਰਿਆਣਾ ਵਿੱਚ ਦਾਖ਼ਲ ਹੋਣ ਅਤੇ ਚਲਾਉਣ ’ਤੇ ਲਗਾਏ ਜਾਣ ਵਾਲੇ ਮੋਟਰ ਵਾਹਨ ਟੈਕਸ ਦੀ ਦਰ ਨੂੰ ਸਹੀ ਕਰਨ ਦਾ ਫ਼ੈਸਲਾ ਕੀਤਾ ਹੈ। ਹੋਰ ਰਾਜਾਂ ਦੀਆਂ ਗੱਡੀਆਂ ਜਿਵੇਂ ਵੋਲਵੋ ਅਤੇ ਮਰਸਡੀਜ਼ ਹੈ, ਦੇ ਸਬੰਧ ਵਿੱਚ ਟੈਕਸ ਦੀ ਸੋਧ ਦਰ 5000 ਰੁਪਏ ਰੋਜ਼ਾਨਾ, 15 ਦਿਨਾਂ ਲਈ 60,000 ਰੁਪਏ ਅਤੇ ਇਕ ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ। ਜੇਕਰ ਇਹ ਟੈਕਸ ਤਿਮਾਹੀ, ਛਿਮਾਹੀ ਅਤੇ ਸਾਲਾਨਾ ਅਦਾ ਕੀਤਾ ਜਾਂਦਾ ਹੈ ਤਾਂ ਇਨ੍ਹਾਂ ’ਤੇ ਕ੍ਰਮਵਾਰ 10 ਫ਼ੀਸਦੀ, 15 ਫ਼ੀਸਦੀ ਅਤੇ 20 ਫ਼ੀਸਦੀ ਦੀ ਛੋਟ ਦਿੱਤੀ ਜਾਵੇਗੀ। ਜ਼ਿਲ੍ਹਾ ਮਹਿੰਦਰਗੜ੍ਹ ਵਿੱਚ ਨਾਰਨੌਲ-ਕੋਰੀਯਾਵਾਸ-ਰਾਮਬਾਸ ਸੜਕ ’ਤੇ ਰਾਜਸਥਾਨ ਬਾਰਡਰ ਤਕ ਟੌਲ ਪੁਆਇੰਟ 49 ਨੂੰ ਡੀਨੋਟੀਫਾਇਡ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ  ਗਈ। ਸੈਨਿਕ ਅਤੇ ਨੀਮ ਫੌੌਜੀ ਭਲਾਈ ਵਿਭਾਗ ਵਿੱਚ ਮੌਜੂਦਾ ਤਨਖ਼ਾਹ ਅਤੇ ਸਕੇਲ ਵਿੱਚ ਹੀ ਸਹਾਇਕ ਸਕੱਤਰ ਦੇ ਅਹੁਦੇ ਦਾ ਨਾਂ ਬਦਲ ਕੇ ਵਧੀਕ ਡਾਇਰੈਕਟਰ ਰੱਖਣ ਨੂੰ ਪ੍ਰਵਾਨਗੀ ਦਿੱਤੀ ਗਈ। ਸਰਕਾਰ ਨੇ ਸ੍ਰੀ ਦੁਰਗਾ ਮਾਤਾ ਮੰਦਿਰ, ਬਨਭੋਰੀ, ਜ਼ਿਲ੍ਹਾ ਹਿਸਾਰ ਅਤੇ ਸ੍ਰੀ ਮਾਤਾ ਚੰਡੀ ਦੇਵੀ ਮੰਦਿਰ, ਚੰਡੀ ਮੰਦਿਰ ਪੰਚੂਕਲਾ ਦਾ ਪ੍ਰਬੰਧਨ ਆਪਣੇ ਹੱਥਾਂ ’ਚ ਲੈ ਲਿਆ ਹੈ। ਸੈਣੀ ਭਾਈਚਾਰੇ ਨੂੰ ਕਾਰੋਬਾਰ ਲਈ ਉਤਸ਼ਾਹਿਤ ਕਰਨ ਦੀ ਨੀਤੀ ਤਹਿਤ ਹਰਿਆਣਾ ਕੇਸ਼ ਕਲਾ ਅਤੇ ਕੌਸ਼ਲ ਵਿਕਾਸ ਬੋਰਡ ਦੀ ਸਥਾਪਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ਼ਹੀਦ ਫ਼ੌਜੀ ਧਰਮਪਾਲ ਅਤੇ ਸ਼ਹੀਦ ਅਤਰ ਸਿੰਘ ਦੇ ਆਸ਼ਰਿਤਾਂ ਗਰੁੱਪ ਸੀ ਦੇ ਅਹੁਦੇ ’ਤੇ ਸਰਕਾਰੀ ਨੌਕਰੀ ਦੇਣ ਨੂੰ ਮਨਜ਼ੂਰੀ ਦਿੱਤੀ ਗਈ।

Facebook Comment
Project by : XtremeStudioz