Close
Menu

ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀ ਆਬੋ ਹਵਾ ਮੁੜ ਮਹਿਕੀ

-- 26 May,2017

ਅੰਮ੍ਰਿਤਸਰ, ‘ਇਹ ਵਿਸ਼ਵਾਸ ਨਹੀਂ ਹੁੰਦਾ, ਪਰ ਇਹ ਸੱਚ ਹੈ ਕਿ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਵਿੱਚ ਕਮੀ ਆਈ ਹੈ ਅਤੇ ਵਾਤਾਵਰਣ ਠੀਕ ਹੋਣ ਲੱਗਾ ਹੈ।’ ਇਹ ਖੁਲਾਸਾ ਅੱਜ ਇਥੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਥਾਪਤ ਕੀਤੇ ਪ੍ਰਦੂਸ਼ਣ ਮਾਪਕ ਯੰਤਰ ਤੋਂ ਹੋਇਆ ਹੈ। ਇਹ ਯੰਤਰ ਕੁਝ ਸਮਾਂ ਪਹਿਲਾਂ ਇਥੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਬਣੇ ਗਲਿਆਰੇ ਵਿੱਚ ਸਥਾਪਤ ਕੀਤਾ ਗਿਆ ਸੀ। ਇਸ ਯੰਤਰ ਰਾਹੀਂ ਹਰਿਮੰਦਰ ਸਾਹਿਬ ਅਤੇ ਆਲੇ ਦੁਆਲੇ ਦੇ ਪ੍ਰਦੂਸ਼ਣ ’ਤੇ ਨਜ਼ਰ ਰੱਖੀ ਜਾਂਦੀ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਰੂਹਾਨੀ ਅਸਥਾਨ ਦੇ ਆਲੇ ਦੁਆਲੇ ਪ੍ਰਦੂਸ਼ਣ ਵਿੱਚ ਕਮੀ ਆਈ ਹੈ ਅਤੇ ਵਾਤਾਵਰਣ ਕੁਦਰਤ ਪੱਖੀ ਬਣ ਰਿਹਾ ਹੈ। ਮੌਜੂਦਾ ਅਧਿਐਨ ਮੁਤਾਬਕ ਇਥੇ ਪ੍ਰਦੂਸ਼ਣ ਦੇ ਕਣਾਂ ਪਰਟੀਕੁਲੇਟ ਮੈਟਰ (ਪੀਐਮ 10) ਦੀ ਮਾਤਰਾ 88.10 ਮਾਈਕਰੋਗਰਾਮ ਪ੍ਰਤੀ ਕਿਊਬਿਕ ਮੀਟਰ ਪਾਈ ਗਈ ਹੈ, ਜੋ ਕਿ ਇਤਿਹਾਸਕ ਸਥਾਨਾਂ ਲਈ ਖ਼ਤਰੇ ਦੇ ਨਿਸ਼ਾਨ 100 ਮਾਈਕਰੋਗਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਘੱਟ ਹੈ। ਇਸੇ ਤਰ੍ਹਾਂ ਨਾਈਟਰੋਜਨ ਡੀ-ਆਕਸਾਈਡ, ਜੋ ਵਾਹਨਾਂ ਦੇ ਪ੍ਰਦੂਸ਼ਣ ਤੋਂ ਪੈਦਾ ਹੁੰਦੀ ਹੈ, ਵੀ ਘੱਟ ਕੇ 14.14 ਮਾਈਕਰੋਗਰਾਮ ਪ੍ਰਤੀ ਕਿਊਬਿਕ ਮੀਟਰ ਪਾਈ ਗਈ ਹੈ। ਪ੍ਰਦੂਸ਼ਣ ਕਣ ਪੀਐਮ 2.5 ਦੀ ਮਾਤਰਾ 40 ਮਾਈਕਰੋਗਰਾਮ ਪ੍ਰਤੀ ਕਿਊਬਿਕ ਮੀਟਰ ਪਾਈ ਗਈ ਹੈ ਜਦੋਂਕਿ ਪਹਿਲਾਂ ਇਹ 60 ਮਾਈਕਰੋਗਰਾਮ ਪ੍ਰਤੀ ਕਿਊਬਿਕ ਮੀਟਰ ਹੁੰਦੀ ਸੀ। ਇਸ ਤੋਂ ਪਹਿਲਾਂ ਜੁਲਾਈ 2016 ਵਿੱਚ ਜਾਰੀ ਕੀਤੇ ਤਿਮਾਹੀ ਵੇਰਵੇ ਵਿੱਚ ਇਥੇ ਪ੍ਰਦੂਸ਼ਣ ਖ਼ਤਰੇ ਦੇ ਨਿਸ਼ਾਨ ’ਤੇ ਸੀ। ਉਸ ਵੇਲੇ ਪ੍ਰਦੂਸ਼ਣ ਕਣ ਪੀਐਮ 10 ਦੀ ਮਾਤਰਾ 125 ਤੋਂ 175 ਐਮਜੀ ਪ੍ਰਤੀ ਕਿਊਬਿਕ ਮੀਟਰ ਅਤੇ ਪੀਐਮ 2.5 ਦੀ ਮਾਤਰਾ 22 ਤੋਂ 70 ਐਮਜੀ ਦਰਮਿਆਨ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਪ੍ਰਦੂਸ਼ਣ ਮਾਪਕ ਯੰਤਰ ਨਾਲ ਰੋਜ਼ਾਨਾ ਪ੍ਰਦੂਸ਼ਣ ਦੀ ਮਾਤਰਾ ਨੂੰ ਮਾਪਿਆ ਜਾ ਰਿਹਾ ਹੈ। ਪ੍ਰਦੂਸ਼ਣ ਵਿੱਚ ਲਗਾਤਾਰ ਕਮੀ ਆ ਰਹੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਕੀਤੇ ਗਏ ਅਧਿਐਨ ਤੋਂ ਸਪੱਸ਼ਟ ਹੈ ਕਿ ਪ੍ਰਦੂਸ਼ਣ ਘਟਿਆ ਹੈ ਅਤੇ ਕਾਬੂ ਹੇਠ ਹੈ। ਵਿਭਾਗ ਵੱਲੋਂ ਇਹ ਵੇਰਵੇ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਵੀ ਭੇਜੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਅਗਲੇ ਛੇ ਤੋਂ ਅੱਠ ਮਹੀਨੇ ਵਿੱਚ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਨਵੀਂ ਇਮਾਰਤ ਸ਼ੁਰੂ ਹੋ ਜਾਵੇਗੀ। ਇਥੇ ਅਤਿ ਆਧੁਨਿਕ ਰਸੋਈ ਤਿਆਰ ਕੀਤੀ ਗਈ ਹੈ, ਜਿਥੇ ਵਧੇਰੇ ਐਲਪੀਜੀ ਗੈਸ ਅਤੇ ਬਿਜਲੀ ਉਪਕਰਨਾਂ ਰਾਹੀਂ ਲੰਗਰ ਤਿਆਰ ਹੋਵੇਗਾ। ਇਸ ਨਾਲ ਪ੍ਰਦੂਸ਼ਣ ਨੂੰ ਕਾਬੂ ਕਰਨ ਵਿੱਚ ਹੋਰ ਮਦਦ ਮਿਲੇਗੀ।
ਪ੍ਰਦੂਸ਼ਣ ਘਟਣ ਦੀ ਮੁੱਖ ਵਜ੍ਹਾ
ਪ੍ਰਦੂਸ਼ਣ ਘਟਣ ਦੇ ਪ੍ਰਮੁੱਖ ਕਾਰਕਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣਿਆ ਵਿਰਾਸਤੀ ਮਾਰਗ, ਵਾਹਨਾਂ ਦੀ ਆਵਾਜਾਈ ’ਤੇ ਰੋਕ, ਜਨਰੇਟਰਾਂ ਦਾ ਘੱਟ ਚੱਲਣਾ, ਉਸਾਰੀ ਦਾ ਕੰਮ ਖ਼ਤਮ ਹੋਣਾ, ਸੁਨਿਆਰਿਆਂ ਦੀ ਭੱਠੀ ਵਿੱਚ ਕੋਲੇ ਦੀ ਥਾਂ ਐਲਪੀਜੀ ਗੈਸ ਦੀ ਵਰਤੋਂ ਤੇ ਹੋਰ ਕਈ ਕਾਰਨ ਸ਼ਾਮਲ ਹਨ। ਪੌਣਾ ਕਿਲੋਮੀਟਰ ਲੰਮੇ ਵਿਰਾਸਤੀ ਮਾਰਗ ਨੂੰ ਪੈਦਲ ਜ਼ੋਨ ਬਣਾਉਣ ਸਦਕਾ ਵਾਹਨਾਂ ਦੇ ਪ੍ਰਦੂਸ਼ਣ ਤੋਂ ਇਲਾਵਾ ਮਿੱਟੀ ਤੇ ਧੂੜ ਆਦਿ ਦਾ ਪ੍ਰਦੂਸ਼ਣ ਵੀ ਘਟਿਆ ਹੈ। ਸ਼੍ਰੋਮਣੀ ਕਮੇਟੀ ਨੇ ਗੁਰਪੁਰਬਾਂ ਮੌਕੇ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਵੀ ਘਟਾਇਆ ਹੈ।

Facebook Comment
Project by : XtremeStudioz