Close
Menu

ਹਰ ਵੇਲੇ ਕੰਬਣ ਵਾਲਾ ਥਿਰ-ਥਿਰਾ

-- 10 May,2017

ਇੱਕ ਦਿਨ ਮੈਂ ਸਵੇਰੇ-ਸਵੇਰੇ ਆਪਣੇ ਘਰ ਦੇ ਲਾਅਨ ਵਿੱਚ ਕੁਰਸੀ ’ਤੇ ਬੈਠੀ ਮੌਸਮ ਦਾ ਆਨੰਦ ਮਾਣ ਰਹੀ ਸੀ ਤਾਂ ਮੇਰਾ ਧਿਆਨ ਕੇਬਲ ਦੀ ਤਾਰ ਉੱਤੇ ਬੈਠੇ ਇੱਕ ਛੋਟੇ ਜਿੰਨੇ ਕਾਲੇ-ਸੰਗਤਰੀ ਪੰਛੀ ਨੇ ਆਪਣੇ ਵੱਲ ਖਿੱਚਿਆ। ਉਹ ਪਿੱਦਾ ਜਿੰਨਾ ਪੰਛੀ ਬੜੀ ਜ਼ੋਰ-ਜ਼ੋਰ ਦੀ ਕੰਬੀ ਜਾ ਰਿਹਾ ਸੀ ਅਤੇ ਨਾਲ ਹੀ ਉੱਡ-ਉੱਡ ਕੇ ਕਦੇ ਤਾਰ ਉੱਤੇ 2 ਫੁੱਟ ਏਧਰ ਅਤੇ ਕਦੇ ਓਧਰ ਜਾ ਕੇ ਬੈਠ ਜਾਂਦਾ ਸੀ। ਇਸ ਦੇ ਨਾਲ ਉਹ ਪੋਲੀ ਜਿਹੀ ਚੂਹੀ ਵਰਗੀ ਆਵਾਜ਼ ਵਿੱਚ ‘ਚੂਰ-ਚੂਰ’ ਜਿਹਾ ਵੀ ਕਰੀ ਜਾ ਰਿਹਾ ਸੀ। ਉਹ ਕਾਲੀ-ਅਖਰੋਟੀ ਰੰਗ ਦੀ ਸੀ। ਕੁਝ ਦੇਰ ਬਾਅਦ ਇੱਕ ਹੋਰ ਓਹੋ ਜਿਹੀ ਚਿੜੀ ਆ ਕੇ ਉਸ ਨਾਲ ਰਲ਼ ਗਈ, ਪਰ ਨਵੀਂ ਚਿੜੀ ਦਾ ਰੰਗ ਘੱਟ ਚਮਕੀਲਾ ਭੂਸਲੇਪਣ ਵੱਲ ਨੂੰ ਹੀ ਸੀ। ਉਹ ਦੋਵੇਂ ਚਿੜੀਆਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਤਾਰ ਤੋਂ ਥੱਲੇ ਉੱਤਰਦੀਆਂ ਜ਼ਮੀਨ ਤੋਂ ਕੁਝ ਚੁੱਕਦੀਆਂ ਅਤੇ ਫਿਰ ਮੁੜ ਤਾਰ ’ਤੇ ਜਾ ਬੈਠਦੀਆਂ ਅਤੇ ਆਪਣੇ ਪੂੰਝੇ ਕੰਬਾਉਣ ਲੱਗ ਪੈਂਦੀਆਂ।
ਇਹ ਚਿੜੀ ਪਹਿਲਾਂ ਪਹਾੜਾਂ ਵਿੱਚ ਰਹਿੰਦੀ ਸੀ, ਪਰ ਠੰਢ ਦੇ ਸ਼ੁਰੂ ਹੁੰਦਿਆਂ ਹੀ ਇਹ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੀ ਹੈ। ਇਸ ਦੇ ਹਰ ਵੇਲੇ ਕੰਬ-ਕੰਬ ਕੇ ਦਿਖਾਉਣ ਦੀ ਆਦਤ ਕਰਕੇ ਇਸ ਨੂੰ ਪੰਜਾਬੀ ਵਿੱਚ ‘ਥਿਰ-ਥਿਰਾ’ ਅਤੇ ਹਿੰਦੀ ਵਿੱਚ ‘ਥਿਰਟਰ-ਕਾਂਪਾ’ ਸੱਦਦੇ ਹਨ। ਇਸ ਦੇ ਢਿੱਡ ਅਤੇ ਪੂਛ ਦਾ ਹੇਠਲਾ ਪਾਸਾ ਲਾਲ ਭਾ ਵਾਲਾ ਸੰਗਤਰੀ ਹੋਣ ਕਰਕੇ ਇਸ ਨੂੰ ਅੰਗਰੇਜ਼ੀ ਵਿੱਚ ‘ਰੈੱਡ ਸਟਾਰਟ’ ਕਹਿੰਦੇ ਹਨ। ਇਸ ਜਾਤੀ ਦਾ ਸਿਰ ਕਾਲਾ ਹੋਣ ਕਰਕੇ ਇਸ ਨੂੰ ‘ਬਲੈਕ ਰੈੱਡ ਸਟਾਰਟ’ ਵੀ ਕਹਿੰਦੇ ਹਨ। ਭਾਰਤ ਵਿੱਚ ਮਿਲਣ ਵਾਲੇ  ਇਸ ਜਾਤੀ ਦੇ ਪੰਛੀ ਗਰਮੀਆਂ ਕਸ਼ਮੀਰ ਵਿੱਚ ਕੱਟਦੇ ਹਨ। ਇਸ ਕਰਕੇ ਇਸ ਨੂੰ ‘ਕਸ਼ਮੀਰ ਰੈੱਡ ਸਟਾਰਟ’ ਵੀ ਸੱਦਦੇ ਹਨ। ਇਸ ‘ਕਾਲੇ ਥਿਰ-ਥਿਰੇ’ ਦਾ ਤਕਨੀਕੀ ਨਾਮ ‘ਫੈਈਨੀਕੂਰਸ ਔਕਰੂਰਸ’ ਹੈ ਅਤੇ ਇਨ੍ਹਾਂ ਵਰਗੀਆਂ ਕੀੜੇ ਖਾਣੀਆਂ ਛੋਟੀਆਂ ਚਿੜੀਆਂ ਦੀਆਂ 320 ਜਾਤੀਆਂ ਦੇ ਪਰਿਵਾਰ ਨੂੰ ‘ਮੁਸੀਕੈਪੀਡੇਈ’ ਸੱਦਦੇ ਹਨ।
ਇਨ੍ਹਾਂ ਥਿਰ-ਥਰਿਆਂ ਦਾ ਕੱਦ-ਕਾਠ ਆਮ ਘਰੇਲੂ ਚਿੜੀ ਜਿੰਨਾ 15.5 ਸੈਂਟੀਮੀਟਰ ਲੰਬਾ ਹੁੰਦਾ ਹੈ, ਪਰ ਇਹ ਘਰੇਲੂ ਚਿੜੀ ਨਾਲੋਂ ਬਹੁਤ ਜ਼ਿਆਦਾ ਆਕੜ ਕੇ ਖੜ੍ਹੇ ਹੁੰਦੇ ਹਨ। ਇਨ੍ਹਾਂ ਦੇ ਤਿੱਖੇ ਪਰਾਂ ਦਾ ਪਸਾਰ 60 ਸੈਂਟੀਮੀਟਰ ਅਤੇ ਚੁੰਝ ਦੀ ਲੰਬਾਈ 1.1 ਸੈਂਟੀਮੀਟਰ ਹੁੰਦੀ ਹੈ। ‘ਥਿਰ-ਥਰਿਆਂ’ ਦਾ ਭਾਰ ਸਿਰਫ਼ 15-25 ਗ੍ਰਾਮ ਹੁੰਦਾ ਹੈ। ਇਸ ਪਤਲੇ ਜਿਹੇ ਸਮਾਰਟ ਪੰਛੀ ਦੇ ਨਰਾਂ ਦਾ ਮੱਥਾ, ਗ਼ਰਦਨ, ਠੋਢੀ, ਛਾਤੀ ਅਤੇ ਧੌਣ ਚਮਕਦਾਰ ਕਾਲੇ ਅਤੇ ਢਿੱਡ ਵਾਲਾ ਪਾਸਾ ਅਤੇ ਪੂਛ ਦਾ ਹੇਠਲਾ ਪਾਸਾ ਸੰਗਤਰੀ ਭਾ ਵਾਲਾ ਅਖਰੋਟੀ ਹੁੰਦਾ ਹੈ। ਮੋਢਿਆਂ ਅਤੇ ਗ਼ਰਦਨ ਦਾ ਪਿਛਲਾ ਪਾਸਾ ਸਲੇਟੀ ਕਾਲਾ ਹੁੰਦਾ ਹੈ। ਇਨ੍ਹਾਂ ਦੇ ਡੇਲੇ ਗੂੜ੍ਹੇ ਭੂਰੇ, ਚੁੰਝ ਕਾਲੀ ਜਿਹੜੀ ਅੰਦਰੋਂ ਪੀਲੀ ਹੁੰਦੀ ਹੈ ਅਤੇ ਲੰਬੀਆਂ ਨਹੁੰਦਰਾਂ ਵਾਲੇ ਪੰਜੇ ਕਾਲੇ ਹੁੰਦੇ ਹਨ। ਮਾਦਾ ਦਾ ਰੰਗ ਨਰਾਂ ਤੋਂ ਕਾਫ਼ੀ ਭੂਸਲਾ ਅਤੇ ਘੱਟ ਚਮਕਦਾਰ ਹੁੰਦਾ ਹੈ।
ਇਹ ਕੀੜੇ-ਮਕੌੜੇ ਖਾਣ ਵਾਲਾ ਸਮਾਰਟ ‘ਥਿਰ-ਥਿਰਾ’ ਸਾਰੇ ਹਿੰਦ ਮਹਾਂਦੀਪ ਵਿੱਚ ਮਿਲਦਾ ਹੈ। ਆਪਣੀਆਂ ਗਰਮੀਆਂ ਇਹ 3000 ਤੋਂ 5000 ਮੀਟਰ ਦੀਆਂ ਉੱਚੀਆਂ ਅਤੇ ਠੰਢੀਆਂ ਥਾਵਾਂ ਉੱਤੇ ਬਿਤਾਉਂਦਾ ਹੈ ਅਤੇ ਸਰਦੀਆਂ ਮੈਦਾਨੀ ਇਲਾਕਿਆਂ ਵਿੱਚ ਬਿਤਾਉਂਦਾ ਹੈ। ਸਰਦੀਆਂ ਸ਼ੁਰੂ ਹੁੰਦੇ ਸਾਰ ਇਹ ਅਚਾਨਕ ਦਿਸਣ ਲੱਗ ਪੈਂਦਾ ਹੈ ਅਤੇ ਕੰਬ-ਕੰਬ ਕੇ ਆਪਣੇ ਚਮਕੀਲੇ ਕਾਲੇ ਸਿਰ, ਛਾਤੀ ਅਤੇ ਢਿੱਡ ਵੱਲੋਂ ਚਮਕੀਲੇ ਸੰਗਤਰੇ ਭਾ ਵਾਲੇ ਅਖਰੋਟੀ ਰੰਗ ਦੇ ਲਿਸ਼ਕੋਰੇ ਮਾਰਦਾ ਹੈ। ਇਹ ਟਪੂਸੀਆਂ ਮਾਰਦੇ, ਛੋਟੀਆਂ-ਛੋਟੀਆਂ ਉੱਡਾਰੀਆਂ ਭਰਦੇ ਕਦੇ ਜ਼ਮੀਨ ਤੋਂ ਅਤੇ ਕਦੇ ਹਵਾ ਵਿੱਚੋਂ ਛੋਟੇ-ਛੋਟੇ ਕੀੜੇ-ਮਕੌੜੇ ਫੜ ਕੇ ਖਾਂਦੇ ਰਹਿੰਦੇ ਹਨ। ਇਨ੍ਹਾਂ ਨੂੰ ਟੈਲੀਫੋਨ ਦੀਆਂ ਤਾਰਾਂ, ਖੇਤਾਂ ਦੀਆਂ ਵਾੜਾਂ, ਪੱਥਰਾਂ ਦੀਆਂ ਢੇਰੀਆਂ, ਘਰਾਂ ਦੇ ਬਨੇਰਿਆਂ ਆਦਿ ਉੱਤੇ ਬੈਠ ਕੇ ਆਪਣੇ ਆਲੇ-ਦੁਆਲੇ ਦਾ ਮੁਆਇਨਾ ਕਰਦਿਆਂ ਅਕਸਰ ਦੇਖਿਆ ਜਾ ਸਕਦਾ ਹੈ। ਇਹ ਸਵੇਰੇ ਸਭ ਚਿੜੀਆਂ ਤੋਂ ਪਹਿਲਾਂ ਕੀੜੇ ਫੜਨੇ ਸ਼ੁਰੂ ਕਰ ਦਿੰਦੇ ਹਨ ਅਤੇ ਸ਼ਾਮ ਨੂੰ ਜਿੰਨੀ ਦੇਰ ਥੋੜ੍ਹੀ ਵੀ ਰੋਸ਼ਨੀ ਹੋਵੇ ਇਹ ਕੀੜੇ ਫੜ ਕੇ ਖਾਣੋਂ ਨਹੀਂ ਹੱਟਦੇ। ਪਰ ਹਰ ਵੇਲੇ ਇਹ ਆਪਣੀ ਪੂਛ ਨੂੰ ਕਿਉਂ ਕੰਬਾਈ ਜਾਂਦੇ ਹਨ ਇਸ ਦੀ ਅਜੇ ਕਿਸੇ ਸਾਇੰਸਦਾਨ ਨੂੰ ਵੀ ਸਮਝ ਨਹੀਂ ਆਈ।
ਆਕੜ ਕੇ ਮਿਜ਼ਾਜ ਨਾਲ ਖੜ੍ਹਨ ਵਾਲੇ ਥਿਰ-ਥਰਿਆਂ ਉੱਤੇ ਬਹਾਰ ਮਈ ਤੋਂ ਅਗਸਤ ਵਿੱਚ ਆਉਂਦੀ ਹੈ। ਉਸ ਵੇਲੇ ਇਹ ਟਰਕੀ, ਅਫ਼ਗਾਨਿਸਤਾਨ, ਕਸ਼ਮੀਰ ਅਤੇ ਲੱਦਾਖ਼ ਵਰਗੀਆਂ ਠੰਢੀਆਂ ਥਾਵਾਂ ਵਿੱਚ ਆਪਣੇ ਆਲ੍ਹਣੇ ਪਾਉਂਦੇ ਹਨ। ਇਨ੍ਹਾਂ ਦਿਨਾਂ ਵਿੱਚ ਨਰ ਮਾਦਾ ਨੂੰ ਲੁਭਾਉਣ ਲਈ ਸੁਰੀਲੇ ਗਾਣੇ ਵੀ ਗਾਉਂਦੇ ਹਨ। ਮਾਦਾ ਇਕੱਲੀ ਘਾਹਫੂਸ, ਜੜ੍ਹਾਂ, ਖੰਭਾਂ, ਕਾਈ ਆਦਿ ਨੂੰ ਵੱਡੇ ਪੱਥਰਾਂ, ਦਰਿਆਵਾਂ ਦੇ ਕੰਢਿਆਂ ਵਿੱਚ ਬਣੀਆਂ ਮੋਰੀਆਂ, ਕੰਧਾਂ ਦੀਆਂ ਮੋਰੀਆਂ ਆਦਿ ਵਿੱਚ ਥੁੰਨ ਕੇ (ਠੂਸ ਕੇ) ਇੱਕ ਗੁੱਛੇ ਜਿਹੇ ਵਰਗਾ ਆਲ੍ਹਣਾ ਬਣਾਉਂਦੀ ਹੈ। ਮਾਦਾ ਆਪਣੇ ਆਲ੍ਹਣੇ ਵਿੱਚ 4 ਤੋਂ 6 ਚਿੱਟੇ ਤੋਂ ਪਿਲਤਣ ਵਾਲੇ ਨੀਲੇ-ਹਰੇ ਅੰਡੇ ਦਿੰਦੀ ਹੈ। ਅੰਡਿਆਂ ਨੂੰ ਮਾਦਾ ਇਕੱਲੀ 12-15 ਦਿਨ ਸੇਕ ਕੇ ਬੱਚੇ ਕੱਢਦੀ ਹੈ। ਜਦੋਂ ਬੱਚੇ ਅੰਡਿਆਂ ਵਿੱਚੋਂ ਨਿਕਲਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਬੰਦ ਹੁੰਦੀਆਂ ਹਨ। ਕੀੜੇ-ਮਕੌੜੇ ਖਾ ਕੇ ਇਹ ‘ਥਿਰ-ਥਿਰੇ’ ਕਿਸਾਨਾਂ ਦੇ ਮਿੱਤਰਾਂ ਦੀ ਗਿਣਤੀ ਵਿੱਚ ਸ਼ੁਮਾਰ ਹੁੰਦੇ ਹਨ ਅਤੇ ਆਪਣੀਆਂ ਚੁਲਬੁਲੀਆਂ ਹਰਕਤਾਂ ਨਾਲ ਇਨਸਾਨਾਂ ਦੀ ਜ਼ਿੰਦਗੀ ਵਿੱਚ ਰੰਗ ਵੀ ਭਰਦੇ ਹਨ।

Facebook Comment
Project by : XtremeStudioz