Close
Menu

ਹਿੰਸਾ ਦੀ ਵਾਪਸੀ: ਅਤੀਤ ਤੋਂ ਸਬਕ ਸਿੱਖਣ ਦੀ ਲੋੜ

-- 01 March,2017

ਵੱਖ ਵੱਖ ਵਿਵਾਦਾਂ ਵਿੱਚ ਘਿਰੇ ਹੋਏ ਡੇਰਾ ਸਿਰਸਾ ਦੇ ਦੋ ਪੈਰੋਕਾਰਾਂ ਨੂੰ ਪਿਛਲੇ ਦਿਨੀਂ ਅਹਿਮਦਗੜ੍ਹ ਮੰਡੀ ਨੇੜੇ ਗੋਲੀਆਂ ਮਾਰ ਕੇ ਮਾਰ ਦੇਣ ਦੀ ਘਟਨਾ ਨਾਲ ਉਹ ਸਾਰਾ ਘਟਨਾਕ੍ਰਮ ਮੁੜ ਚੇਤੇ ਆ ਗਿਆ ਹੈ ਜਿਸ ਨੇ 13 ਅਪਰੈਲ 1978 ਵਿੱਚ ਅੰਮ੍ਰਿਤਸਰ ਵਿਖੇ ਹੋਏ ਸਿੱਖਾਂ ਤੇ ਨਿਰੰਕਾਰੀਆਂ ਵਿੱਚ ਹੋਏ ਹਿੰਸਕ ਟਕਰਾਅ ਨੂੰ ਜਨਮ ਦਿੱਤਾ ਸੀ। ਇਸ ਟਕਰਾਅ ਵਿੱਚ ਰੋਸ ਪ੍ਰਗਟ ਕਰਨ ਗਏ 13 ਸਿੱਖਾਂ ਸਮੇਤ ਕੁੱਲ 18 ਵਿਅਕਤੀ ਮਾਰੇ ਗਏ ਸਨ। ਇਹ ਦੁਖਦਾਈ ਘਟਨਾ ਹੀ ਪੰਜਾਬ ਵਿੱਚ ਪੈਦਾ ਹੋਏ ਖਾੜਕੂਵਾਦ ਦਾ ਮੁੱਢ ਸਮਝੀ ਜਾਂਦੀ ਹੈ ਜਿਸ ਦਾ ਖ਼ਮਿਆਜ਼ਾ ਪੂਰੇ ਮੁਲਕ ਨੂੰ ਭੁਗਤਣਾ ਪਿਆ ਸੀ। ਉਸ ਵੇਲੇ ਮਾੜੇ ਹਾਲਾਤ ਦੀ ਸ਼ੁਰੂਆਤ ਬੈਂਕ ਤੇ ਪੈਟਰੋਲ ਪੰਪਾਂ ਤੋਂ ਨਕਦੀ ਲੁੱਟਣ ਅਤੇ ਨਿਰੰਕਾਰੀਆਂ ਤੇ ਹਿੰਦੂ ਆਗੂਆਂ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਮਾਰਨ ਦੀਆਂ ਇੱਕਾ ਦੁੱਕਾ ਘਟਨਾਵਾਂ ਨਾਲ ਹੀ ਹੋਈ ਸੀ। ਇਹ ਸਿਲਸਲਾ ਹਿੰਦ ਸਮਾਚਾਰ ਦੇ ਸੰਪਾਦਕ ਲਾਲਾ ਜਗਤ ਨਰਾਇਣ ਦੇ ਕਤਲ ਨਾਲ ਸਿਖਰ ਉੱਤੇ ਪਹੁੰਚਿਆ ਸੀ।
ਪਿਛਲੇ ਸਾਲ 24 ਅਪਰੈਲ ਨੂੰ ਲੁਧਿਆਣਾ ਵਿੱਚ ਸ਼ਿਵ ਸੈਨਾ ਦੀ ਸਥਾਨਕ ਇਕਾਈ ਦੇ ਪ੍ਰਧਾਨ ਦੁਰਗਾ ਗੁਪਤਾ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਦਿਨ ਦਿਹਾੜੇ ਮਾਰ ਦਿੱਤਾ ਸੀ। ਇਸ ਤੋਂ ਤਿੰਨ ਮਹੀਨੇ ਬਾਅਦ 27 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੇਸ ਵਿੱਚੋਂ ਜ਼ਮਾਨਤ ਉੱਤੇ ਆਈ ਬਲਵਿੰਦਰ ਕੌਰ ਨੂੰ ਗੁਰਦੁਆਰਾ ਆਲਮਗੀਰ ਨੇੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਕੁਝ ਦਿਨ ਬਾਅਦ 6 ਅਗਸਤ ਨੂੰ ਜਲੰਧਰ ਸ਼ਹਿਰ ਵਿੱਚ ਕੱਟੜ ਹਿੰਦੂ ਜਥੇਬੰਦੀ ਰਾਸ਼ਟਰੀਆ ਸੇਵਕ ਸੰਘ ਦੇ ਸੀਨੀਅਰ ਆਗੂ ਤੇ ਫ਼ੌਜ ਦੇ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰ ਦਿੱਤੀਆਂ ਸਨ ਜਿਹੜੇ ਕੁਝ ਦਿਨ ਬਾਅਦ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਮ ਤੋੜ ਗਏ ਸਨ। ਇੱਕ ਨਾਮਨਿਹਾਦ ਹਿੰਦੂ ਤਖਤ ਦੇ ਮੁਖੀ ਅਮਿੱਤ ਸ਼ਰਮਾ ਨੂੰ ਇਸ ਸਾਲ 14 ਜਨਵਰੀ ਨੂੰ ਲਧਿਆਣਾ ਦੇ ਭੀੜ ਭੜੱਕੇ ਵਾਲੇ ਜਗਰਾਉਂ ਪੁਲ ਨੇੜੇ ਦੋ ਮੋਟਰਸਾਈਕਲ ਸਵਾਰਾਂ ਨੇ ਚਿੱਟੇ ਦਿਨ ਗੋਲੀਆਂ ਮਾਰ ਦਿੱਤੀਆਂ ਸਨ। ਪੰਜਾਬ ਵਿਧਾਨ ਸਭਾ ਦੀਆਂ ਹੁਣੇ ਹੋ ਕੇ ਹਟੀਆਂ ਚੋਣਾਂ ਤੋਂ ਸਿਰਫ਼ ਪੰਜ ਦਿਨ ਪਹਿਲਾਂ 31 ਜਨਵਰੀ ਨੂੰ ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਵਿੱਚ ਸ਼ਾਮ ਨੂੰ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਜੱਸੀ ਵੱਲੋਂ ਕੀਤੀ ਜਾ ਰਹੀ ਚੋਣ ਰੈਲੀ ਨੇੜੇ ਹੋਏ ਇੱਕ ਜ਼ਬਰਦਸਤ ਬੰਬ ਧਮਾਕੇ ਵਿੱਚ ਤਿੰਨ ਵਿਅਕਤੀ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਇਸ ਕਾਂਗਰਸੀ ਆਗੂ ਦੀ ਲੜਕੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪੁੱਤਰ ਨੂੰ ਵਿਆਹੀ ਹੋਈ ਹੈ।
ਦੋ ਡੇਰਾ ਪ੍ਰੇਮੀਆਂ ਦੀ ਕੁਝ ਦਿਨ ਪਹਿਲਾਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਸਮੇਤ ਇਨ੍ਹਾਂ ਸਾਰੀਆਂ ਹਿੰਸਕ ਘਟਨਾਵਾਂ ਦੇ ਤਰੀਕਾਕਾਰ ਉਹੀ ਹੈ ਜੋ 1978 ਜਾਂ ਉਸ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਸੀ। ਸੂਬੇ ਦੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਹਾਲਾਤ ਵੀ ਉਹੋ ਜਿਹੇ ਹੀ ਹਨ। ਪੰਜਾਬ ਵਿੱਚ ਸਮਾਜਿਕ-ਆਰਥਿਕ ਤਣਾਅ ਵੀ 1978 ਦੇ ਵਰ੍ਹੇ ਜਿਹਾ ਹੀ ਹੈ। ਸਤਲੁਜ-ਯਮਨਾ ਲਿੰਕ ਨਹਿਰ ਦਾ ਮੁੱਦਾ ਵੀ ਉਸੇ ਤਰ੍ਹਾਂ ਹੀ ਭਖਿਆ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੀ ਭਰੋਸੇਯੋਗਤਾ ਦਾ ਗ੍ਰਾਫ ਹੁਣ ਪਹਿਲਾਂ ਨਾਲੋਂ ਵੀ ਥੱਲੇ ਹੈ। ਇਨ੍ਹਾਂ ਤੋਂ ਬਿਨਾਂ ਕਈ ਹੋਰ ਮਹੱਤਵਪੂਰਨ ਸਮਾਨਤਾਵਾਂ ਵੀ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਰੰਕਾਰੀਆਂ ਵਿਰੁੱਧ 1973 ਵਿੱਚ ਪਾਸ ਕੀਤੇ ਗਏ ਮਤੇ ਤੋਂ ਬਾਅਦ ਇਸ ਡੇਰੇ ਨੂੰ ਚੈਲਿੰਜ ਕਰਨ ਅਤੇ ਐਮਰਜੈਂਸੀ ਸਮੇਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਟੱਕਰ ਲੈਣ ਵਾਲੇ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੀ ਇੱਕ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਸੰਤ ਜਰਨੈਲ ਸਿੰਘ ਨੂੰ 34 ਸਾਲ ਦੀ ਉਮਰ ਵਿੱਚ ਅਗਸਤ 1977 ਵਿੱਚ ਦਮਦਮੀ ਟਕਸਾਲ ਦਾ ਮੁਖੀ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਹੀ ਕੇਂਦਰ ਅਤੇ ਪੰਜਾਬ ਵਿੱਚ ਕਾਂਗਰਸ ਦੀ ਥਾਂ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਵਾਲੀਆਂ ਸਰਕਾਰਾਂ ਬਣ ਚੁੱਕੀਆਂ ਸਨ। ਮਾਰਚ 1977 ਵਿੱਚ ਕਾਂਗਰਸ ਦੀ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਇੰਦਰਾ ਗਾਂਧੀ ਦੀ ਥਾਂ ਮੋਰਾਰਜੀ ਦੇਸਾਈ ਮੁਲਕ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਸਨ। ਕੇਂਦਰ ਦੀ ਇਸ ਕੁਲੀਸ਼ਨ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਭਾਗੀਦਾਰ ਸੀ ਅਤੇ ਕੇਂਦਰੀ ਵਜ਼ਾਰਤ ਵਿੱਚ ਇਸ ਦੇ ਦੋ ਮੰਤਰੀ ਸਨ। ਪੰਜਾਬ ਵਿੱਚ ਵੀ 20 ਜੂਨ 1977 ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਚੁੱਕੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਸਤ 1977 ਨੂੰ ਹੋਈ ਗੱਦੀਨਸ਼ੀਨੀ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਉਸ ਸਮੇਂ ਇੰਦਰਾ ਗਾਂਧੀ ਅਤੇ ਉਸ ਦੀ ਪਾਰਟੀ ਕਾਂਗਰਸ ਤਾਂ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੀ ਸੀ।
13 ਅਪਰੈਲ 1978 ਨੂੰ ਸਿੱਖਾਂ ਤੇ ਨਿਰੰਕਾਰੀਆਂ ਦਰਮਿਆਨ ਹੋਏ ਖ਼ੂਨੀ ਟਕਰਾਅ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪਹਿਲੀ ਵਾਰੀ ਉੱਭਰ ਕੇ ਸਾਹਮਣੇ ਆਏ। ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਉੱਤੇ ਕਈ ਸ਼ੰਕੇ ਉੱਠੇ ਸਨ। ਜ਼ਿਲ੍ਹਾ ਪ੍ਰਸ਼ਾਸਨ ਖ਼ਾਸ ਕਰਕੇ ਪੁਲੀਸ ਪ੍ਰਸ਼ਾਸ਼ਨ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਆਈ ਸੀ। ਉਸ ਖ਼ੂਨੀ ਟਕਰਾਅ ਦੀ ਮੰਦਭਾਗੀ ਘਟਨਾ ਦੇ ਕਈ ਰਹੱਸ ਅੱਜ ਤਕ ਵੀ ਪ੍ਰਗਟ ਨਹੀਂ ਹੋਏ। ਇਸ ਘਟਨਾ ਨਾਲ ਜੁੜੇ ਕਈ ਅਹਿਮ ਸਵਾਲ ਅਜੇ ਵੀ ਇਸ ਘਟਨਾ ਦੇ ਪੀੜਤਾਂ ਨੂੰ ਤੰਗ ਕਰ ਰਹੇ ਹਨ। ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਸ ਖ਼ੂਨੀ ਟਕਰਾਅ ਵਿੱਚ 18 ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਵੀ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦਾ ਸਮਾਗਮ ਪੁਲੀਸ ਦੇ ਪਹਿਰੇ ਹੇਠ ਪੂਰਾ ਕਰਵਾਇਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਪੰਜਾਬ ਪੁਲੀਸ ਦੀ ਸੁਰੱਖਿਆ ਹੇਠ ਪੰਜਾਬ ਤੋਂ ਬਾਹਰ ਤਕ ਛੱਡਿਆ ਗਿਆ। ਮੌਕੇ ਉੱਤੇ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਐਡੇ ਵੱਡੇ ਫ਼ੈਸਲੇ ਹੇਠਲੇ ਪੱਧਰ ਦੇ ਸਿਵਿਲ ਜਾਂ ਪੁਲੀਸ ਅਧਿਕਾਰੀ ਨਹੀਂ ਲੈ ਸਕਦੇ ਸਨ।
ਇਸ ਸਾਰੇ ਘਟਨਾਕ੍ਰਮ ਦੌਰਾਨ ਕਾਂਗਰਸ ਪਾਰਟੀ ਨਾ ਤਾਂ ਪੰਜਾਬ ਵਿੱਚ ਅਤੇ ਨਾ ਹੀ ਕੇਂਦਰ ਅੰਦਰ ਸੱਤਾ ਵਿੱਚ ਸੀ। ਪਰ ਇਹ ਗੱਲ ਵਾਰ ਵਾਰ ਕੀਤੀ ਜਾਂਦੀ ਹੈ ਕਿ ਸੰਤ ਭਿੰਡਰਾਂਵਾਲਾ ਕਾਂਗਰਸ ਦੀ ਹੀ ਪੈਦਾਇਸ਼ ਸੀ। ਜੇ ਇਹ ਮੰਨ ਲਿਆ ਜਾਵੇ ਕਿ ਨਮੋਸ਼ੀਜਨਕ ਹਾਰ ਤੋਂ ਬਾਅਦ ਸੱਤਾ ਵਿੱਚੋਂ ਬਾਹਰ ਹੋਏ ਇੰਦਰਾ ਗਾਂਧੀ ਅਤੇ ਉਸ ਦੇ ਬੇਟੇ ਸੰਜੇ ਗਾਂਧੀ ਦੀ ਉਸ ਸਮੇਂ ਪਹਿਲੀ ਤਰਜੀਹ ਪੰਜਾਬ ਵਿੱਚ ਅਕਾਲੀਆਂ ਨਾਲ ਟਕਰਾਅ ਵਿੱਢਣ ਅਤੇ ਸੰਤ ਜਰਨੈਲ ਸਿੰਘ ਨੂੰ ਅਕਾਲੀਆਂ ਵਿਰੁੱਧ ਖੜ੍ਹਾ ਕਰਨਾ ਸੀ ਤਾਂ ਫਿਰ ਉਨ੍ਹਾਂ ਦੀ ਤਰੀਫ਼ ਹੀ ਕਰਨੀ ਬਣਦੀ ਹੈ ਕਿ ਉਹ ਆਪਣੀ ਇਹ ਚਾਲ ਜਨਤਾ ਪਾਰਟੀ-ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਵੀ ਕਾਮਯਾਬੀ ਨਾਲ ਚੱਲ ਗਏ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਿਰੰਕਾਰੀ ਕੇਸ ਮਾਮਲੇ ਵਿੱਚ ਨਰਮੀ ਵਰਤਣ ਦੇ ਦੋਸ਼ ਕਿਸੇ ਹੋਰ ਨੇ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ 1979 ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ ਗਈ ਆਪਣੇ ਅਸਤੀਫ਼ਿਆਂ ਵਾਲੀ ਇੱਕ ਸਾਂਝੀ ਚਿੱਠੀ ਵਿੱਚ ਲਾਏ ਸਨ। ਇਸ ਚਿੱਠੀ ਵਿੱਚ ਦੋਹਾਂ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਨਿਰੰਕਾਰੀ ਕੇਸ ਦੇ ਮਾਮਲੇ ਤੋਂ ਬਿਨਾਂ ਕਈ ਹੋਰ ਗੰਭੀਰ ਦੋਸ਼ ਵੀ ਲਾਏ ਸਨ।
ਪੰਜਾਬ ਵਿੱਚ ਮੁੜ ਵਾਪਰਨੀਆਂ ਸ਼ੁਰੂ ਹੋਈਆਂ ਹਿੰਸਕ ਘਟਨਾਵਾਂ ਮੌਕੇ ਪ੍ਰਕਾਸ਼ ਸਿੰਘ ਬਾਦਲ ਹੀ ਫਿਰ ਮੁੱਖ ਮੰਤਰੀ ਹਨ। ਕੇਂਦਰ ਵਿੱਚ ਵੀ ਜਨਸੰਘ ਦੇ ਹੀ ਨਵੇਂ ਰੂਪ ਵਾਲੀ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਹੈ ਅਤੇ ਇਸ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਉਸੇ ਤਰ੍ਹਾਂ ਹੀ ਭਾਈਵਾਲ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਇਸ ਵਿੱਚ ਕੈਬਨਿਟ ਵਜ਼ੀਰ ਹੈ।
1978 ਵਿੱਚ ਨਿਰੰਕਾਰੀਆਂ ਵਿਰੁੱਧ ਹੁਕਮਨਾਮਨਾ ਜਾਰੀ ਕਰਨ ਵਾਂਗ ਹੀ ਸ੍ਰੀ ਅਕਾਲ ਤਖਤ ਸਾਹਿਬ ਨੇ ਡੇਰਾ ਸੱਚਾ ਸੌਦਾ ਵਿਰੁੱਧ ਵੀ ਹੁਕਮਨਾਮਾ ਜਾਰੀ ਕਰ ਕੇ ਸਿੱਖਾਂ ਨੂੰ ਇਸ ਦਾ ਬਾਈਕਾਟ ਕਰਨ ਅਤੇ ਪੰਜਾਬ ਵਿੱਚ ਇਸ ਵੱਲੋਂ ਕੀਤੀ ਜਾਣ ਵਾਲੀ ਨਾਮ ਚਰਚਾ ਸਮਾਗਮ ਨਾ ਕਰਨ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਪਰ ਬਾਦਲ ਪਰਿਵਾਰ ਨੇ 2009 ਦੀ ਲੋਕ ਸਭਾ ਚੋਣ ਮੌਕੇ ਇਸ ਡੇਰੇ ਨਾਲ ਅੰਦਰਖਾਤੇ ਰਾਬਤਾ ਸਾਧ ਲਿਆ ਸੀ ਜਦੋਂ ਹਰਸਿਮਰਤ ਕੌਰ ਬਾਦਲ ਪਹਿਲੀ ਵਾਰੀ ਬਠਿੰਡਾ ਹਲਕੇ ਤੋਂ ਲੋਕ ਸਭਾ ਚੋਣ ਲੜ ਰਹੀ ਸੀ। ਮਾਲਵੇ ਵਿੱਚ ਬਠਿੰਡਾ ਹੀ ਇਸ ਡੇਰੇ ਦਾ ਸਭ ਤੋਂ ਵੱਧ ਪ੍ਰਭਾਵ ਵਾਲਾ ਇਲਾਕਾ ਮੰਨਿਆ ਜਾਂਦਾ ਹੈ।
ਹੁਣੇ ਹੁਣੇ ਹੋ ਕੇ ਹਟੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਈ ਅਕਾਲੀ ਉਮੀਦਵਾਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਡੇਰਾ ਸੱਚਾ ਸੌਦਾ ਤੋਂ ਹਿਮਾਇਤ ਲੈਣ ਡੇਰੇ ਦੀ ਸ਼ਰਨ ਵਿੱਚ ਗਏ। ਡੇਰੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਿਮਾਇਤ ਦਾ ਐਲਾਨ ਬਠਿੰਡਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਕੀਤਾ ਗਿਆ ਜਿਸ ਵਿੱਚ ਸਿਕੰਦਰ ਸਿੰਘ ਮਲੂਕਾ ਅਤੇ ਜਨਮੇਜਾ ਸਿੰਘ ਸੇਖੋਂ ਸਮੇਤ ਤਕਰੀਬਨ ਇੱਕ ਦਰਜਨ ਅਕਾਲੀ ਉਮੀਦਵਾਰ ਮੌਜੂਦ ਸਨ। ਇਨ੍ਹਾਂ ਅਕਾਲੀ ਆਗੂਆਂ ਨੇ ਡੇਰਾ ਪੈਰੋਕਾਰਾਂ ਨੂੰ ਪੰਜਾਬ ਵਿੱਚ ਉਨ੍ਹਾਂ ਦੇ ਨਾਮ ਚਰਚਾ ਸਮਾਗਮ ਕਰਾਉਣ ਦਾ ਭਰੋਸਾ ਵੀ ਦੁਆਇਆ।
ਪ੍ਰਕਾਸ਼ ਸਿੰਘ ਬਾਦਲ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਇਹ ਕਹਿੰਦੇ ਆ ਰਹੇ ਹਨ ਅਤੇ ਇਸ ਚੋਣ ਵਿੱਚ ਵੀ ਉਨ੍ਹਾਂ ਨੇ ਵਾਰ ਵਾਰ ਇਹ ਕਿਹਾ ਕਿ ਕਾਂਗਰਸ ਨੇ ਹੀ ਪੰਜਾਬ ਵਿੱਚ ਅਤਿਵਾਦ ਪੈਦਾ ਕੀਤਾ ਸੀ। ਪਰ ਹੁਣ ਵਾਂਗ 1978 ਵਿੱਚ ਅਤਿਵਾਦ ਸ਼ੁਰੂ ਹੋਣ ਵੇਲੇ ਵੀ ਕਾਂਗਰਸ ਦਾ ਰਾਜਨੀਤਕ ਦ੍ਰਿਸ਼ ਉੱਤੇ ਕਿਧਰੇ ਨਾਮ ਨਿਸ਼ਾਨ ਹੀ ਨਹੀਂ ਸੀ। ਹਾਂ, ਇਹ ਠੀਕ ਹੋ ਸਕਦਾ ਹੈ ਕਿ 1980 ਵਿੱਚ ਮੁੜ ਕੇਂਦਰ ਅਤੇ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣ ਤੋਂ ਬਾਅਦ ਕਾਂਗਰਸ ਨੇ ਕੁਝ ਅਜਿਹੀਆਂ ਸਾਜ਼ਿਸ਼ਾਂ ਰਚੀਆਂ ਹੋਣ ਜਿਨ੍ਹਾਂ ਨਾਲ ਅਤਿਵਾਦ ਨੂੰ ਸ਼ਹਿ ਮਿਲੀ ਹੋਵੇ। ਪਰ ਇਸ ਦੌਰ ਵਿੱਚ ਕਿਸ ਨੂੰ ਕਿਸੇ ਨੇ ਕਿੰਨਾ ਵਰਤਿਆ ਇਹ ਵੱਖਰੀ ਕਹਾਣੀ ਹੈ।
ਇਸ ਵੇਲੇ ਸਾਡੇ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਪੰਜਾਬ ਵਿੱਚ ਮੁੜ ਉਹੋ ਜਿਹੀਆਂ ਹੀ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ ਜਿਹੜੀਆਂ ਅਤਿਵਾਦ ਦੇ ਸ਼ੁਰੂਆਤੀ ਦੌਰ ਵਿੱਚ ਵਾਪਰਦੀਆਂ ਸਨ। ਕੇਂਦਰ ਅਤੇ ਪੰਜਾਬ ਵਿੱਚ ਉਹੀ ਪਾਰਟੀਆਂ ਰਾਜ ਕਰ ਰਹੀਆਂ ਹਨ ਅਤੇ ਹਿੰਸਕ ਘਟਨਾਵਾਂ ਵੀ ਉਸੇ ਹੀ ਤਰੀਕੇ ਨਾਲ ਵਾਪਰ ਰਹੀਆਂ ਹਨ। ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿੱਚ ਤਣਾਅ ਵੀ ਉਸੇ ਪੱਧਰ ਦਾ ਹੈ ਜਿਹੜਾ ਨਿਰੰਕਾਰੀਆਂ ਨਾਲ ਟਕਰਾਅ ਵੇਲੇ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਦੋਹਾਂ ਦੌਰਾਂ ਵਿੱਚ ਸਾਂਝੀ ਕੜੀ ਹੈ। ਇਹ ਇਤਫ਼ਾਕ ਵੀ ਹੋ ਸਕਦਾ ਹੈ, ਪਰ ਜੋ ਕੁਝ ਵਾਪਰ ਰਿਹਾ ਹੈ ਉਸ ਤੋਂ ਇਹ ਅੰਦੇਸ਼ਾ ਪੈਦਾ ਹੋਣਾ ਸੁਭਾਵਿਕ ਹੈ ਕਿ ਅਤੀਤ ਆਪਣੇ ਆਪ ਨੂੰ ਦੁਹਰਾਉਣ ਦੇ ਰਾਹ ਤਾਂ ਨਹੀਂ ਤੁਰ ਪਿਆ। ਜੇ ਬੀਤੇ ਤੋਂ ਕੋਈ ਸਬਕ ਨਾ ਸਿੱਖਿਆ ਗਿਆ ਤਾਂ ਪੰਜਾਬ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਵਾਪਰ ਰਹੀਆਂ ਹਿੰਸਕ ਘਟਨਾਵਾਂ ਸੂਬੇ ਨੂੰ ਮੁੜ ਅਤਿਵਾਦ ਵੱਲ ਧਕੇਲ ਸਕਦੀਆਂ ਹਨ।

ਜਗਤਾਰ ਸਿੰਘ

Facebook Comment
Project by : XtremeStudioz