Close
Menu

ਹੁਸ਼ਿਆਰ ਹੋਣ ਦਾ ਘੁਮੰਡ

-- 30 July,2015

ਬਾਲ ਕਹਾਣੀ

ਪੱਪੀ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਸੱਤਵੀਂ ਜਮਾਤ ਤਕ ਆਪਣੇ ਸਕੂਲ ਵਿੱਚੋਂ ਪਹਿਲੇ ਨੰਬਰ ’ਤੇ ਆਈ ਸੀ। ਅੱਠਵੀਂ ਜਮਾਤ ਵਿੱਚ ਪਹੁੰਚ ਕੇ ਉਸ ਦੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਉਸ ਦੀ ਜਮਾਤ ਦੇ ਕਿਸੇ ਵੀ ਸੈਕਸ਼ਨ ਦਾ ਬੱਚਾ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ। ਉਸ ਦੇ ਸਕੂਲ ਦੇ ਅਧਿਆਪਕ/ਅਧਿਆਪਕਾਵਾਂ ਨੇ ਉਸ ਨੂੰ ਹੁਸ਼ਿਆਰ-ਹੁਸ਼ਿਆਰ ਵਿਦਿਆਰਥਣ ਕਹਿ ਕੇ ਘੁਮੰਡੀ ਬਣਾ ਦਿੱਤਾ ਸੀ। ਉਸ ਦੇ ਮਨ ਵਿੱਚ ਇਹ ਗੱਲ ਬੈਠ ਗਈ ਸੀ ਕਿ ਉਸ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ। ਪਰ ਉਸ ਦੇ ਹਿੰਦੀ ਦੇ ਅਧਿਆਪਕ, ਜੋ ਉਸ ਦੀ ਜਮਾਤ ਦੇ ਇੰਚਾਰਜ ਵੀ ਸਨ, ਉਸ ਨੂੰ ਕਹਿੰਦੇ ਰਹਿੰਦੇ ਸਨ ਕਿ ਉਹ ਹੁਸ਼ਿਆਰ ਹੋਣ ਦੇ ਘੁਮੰਡ ਵਿੱਚ ਨਾ ਆਵੇ। ਉਹ ਮਿਹਨਤ ਕਰਨਾ ਨਾ ਭੁੱਲੇ। ਪੱਪੀ ਨੂੰ ਆਪਣੇ ਹਿੰਦੀ ਅਧਿਆਪਕ ਦੀਆਂ ਗੱਲਾਂ ਕੌੜੀਆਂ ਲੱਗਦੀਆਂ ਸਨ। ਉਸ ਨੂੰ ਆਪਣਾ ਉਹ ਅਧਿਆਪਕ ਚੰਗਾ ਨਹੀਂ ਲੱਗਦਾ ਸੀ। ਉਸ ਦੀ ਸਤੰਬਰ ਮਹੀਨੇ ਦੀ ਪ੍ਰੀਖਿਆ ਹੋਈ। ਅਧਿਆਪਕ ਮਾਪੇ ਮਿਲਣੀ ’ਤੇ ਪੱਪੀ ਅਤੇ ਉਸ ਦੇ ਪਾਪਾ ਉਸ ਦੇ ਪਰਚੇ ਵੇਖਣ ਲਈ ਆਏ। ਉਸ ਦੇ ਹਿੰਦੀ ਅਧਿਆਪਕ ਨੇ ਉਸ ਦੇ ਪਾਪਾ ਨੂੰ ਉਸ ਦੇ ਪਰਚੇ ਵਿਖਾਏ। ਉਸ ਨੇ ਆਪਣੇ ਪਰਚੇ ਵੇਖ ਕੇ ਕਿਹਾ, ‘‘ਸਰ, ਮੈਂ ਤਿੰਨੋ ਸੈਕਸ਼ਨਾਂ ਵਿੱਚੋਂ ਪਹਿਲੇ ਨੰਬਰ ’ਤੇ ਆਈ ਹਾਂ। ਮੈਂ ਆਪਣੀ ਪੜ੍ਹਾਈ ਵਿੱਚ ਪੂਰੀ ਦਿਲਚਸਪੀ ਲੈ ਰਹੀ ਹਾਂ।’’ ਉਸ ਦੇ ਪਾਪਾ ਵੀ ਉਸ ਦੇ ਸ਼ਬਦ ਸੁਣ ਕੇ ਖ਼ੁਸ਼ ਹੋ ਗਏ। ਉਸ ਦੇ ਹਿੰਦੀ ਅਧਿਆਪਕ ਬੋਲੇ, ‘‘ਬੇਟੀ! ਤੂੰ ਪੜ੍ਹਾਈ ਵਿੱਚ ਪਹਿਲਾਂ ਨਾਲੋਂ ਲਾਪ੍ਰਵਾਹ ਹੋਈ ਹੈਂ। ਤੇਰੀ ਪੜ੍ਹਾਈ ਵਿੱਚ ਦਿਲਚਸਪੀ ਘਟੀ ਹੈ।’’ ਉਹ ਬੋਲੀ, ‘‘ਸਰ, ਮੈਂ ਤਾਂ ਸਕੂਲ ਵਿੱਚੋਂ ਪਹਿਲੇ ਨੰਬਰ ’ਤੇ ਆਈ ਹਾਂ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਪਹਿਲਾਂ ਨਾਲੋਂ ਪੜ੍ਹਾਈ ਵਿੱਚ ਨਾਲਾਇਕ ਹੋਈ ਹਾਂ।’’ ਉਸ ਦਾ ਪ੍ਰਸ਼ਨ ਸੁਣ ਕੇ ਅਧਿਆਪਕ ਬੋਲਿਆ, ‘‘ਧੀਏ, ਤੂੰ ਸਤੰਬਰ ਮਹੀਨੇ ਦੇ ਅੰਕ ਆਪਣੇ ਪਹਿਲੇ ਅੰਕਾਂ ਨਾਲ ਮਿਲਾ ਕੇ ਵੇਖ, ਤੈਨੂੰ ਆਪਣੇ ਆਪ ਸਭ ਕੁਝ ਸਮਝ ਆ ਜਾਵੇਗਾ।’’ ਅਧਿਆਪਕ ਨੇ ਉਸ ਦੇ ਅਤੇ ਦੂਜੇ ਬੱਚਿਆਂ ਦੇ ਪਿਛਲੀ ਜਮਾਤ ਦੇ ਸਾਲਾਨਾ ਪ੍ਰੀਖਿਆ ਦੇ ਅੰਕ ਕੱਢ ਕੇ ਦੱਸੇ। ਦੂਜੇ ਬੱਚਿਆਂ ਦੇ ਅੰਕ ਉਸ ਨਾਲੋਂ ਕਿਤੇ ਘੱਟ ਸਨ। ਉਹ ਸਚਾਈ ਵੇਖ ਕੇ ਕੁਝ ਨਾ ਬੋਲ ਸਕੀ। ਉਸ ਦੇ ਅਧਿਆਪਕ ਨੇ ਉਸ ਦੀ ਚੁੱਪ ਵੇਖ ਕੇ ਕਿਹਾ, ‘‘ਬੇਟੀ, ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਦੂਜੇ ਬੱਚੇ ਭਾਵੇਂ ਪਹਿਲੇ ਸਥਾਨ ’ਤੇ ਨਹੀਂ ਆ ਸਕੇ, ਪਰ ਉਨ੍ਹਾਂ ਦੇ ਅੰਕਾਂ ਵਿੱਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ।’’ ਉਸ ਨੇ ਅਧਿਆਪਕ ਦੀ ਨਸੀਹਤ ਸੁਣ ਤਾਂ ਲਈ, ਪਰ ਉਸ ਉੱਤੇ ਅਮਲ ਨਹੀਂ ਕੀਤਾ। ਉਸ ਨੇ ਆਪਣੇ ਮਨ ਵਿੱਚ ਸੋਚਿਆ ਕਿ ਤਾਂ ਕੀ ਹੋਇਆ, ਦੂਜੇ ਬੱਚਿਆਂ ਨਾਲੋਂ ਮੇਰੇ ਅੰਕ ਪਹਿਲਾਂ ਨਾਲੋਂ ਘੱਟ ਆਏ ਸਨ, ਪਰ ਮੈਂ ਤਾਂ ਆਪਣੇ ਸਕੂਲ ਵਿੱਚੋਂ ਪਹਿਲੇ ਨੰਬਰ ’ਤੇ ਹੀ ਹਾਂ। ਸਰ ਐਵੇਂ ਹੀ ਮੈਨੂੰ ਕਹੀ ਜਾਂਦੇ ਹਨ ਕਿ ਪਹਿਲਾਂ ਨਾਲੋਂ ਮੈਂ ਪੜ੍ਹਾਈ ਵਿੱਚ ਨਾਲਾਇਕ ਹੋ ਗਈ ਹਾਂ। ਉਸ ਨੇ ਆਪਣੇ ਵਿੱਚ ਸੁਧਾਰ ਲਿਆਉਣ ਦਾ ਯਤਨ ਨਹੀਂ ਕੀਤਾ। ਦਸੰਬਰ ਦੀ ਪ੍ਰੀਖਿਆ ਹੋਈ। ਉਹ ਆਪਣੀ ਜਮਾਤ ਦੇ ਤਿੰਨਾਂ ਸੈਕਸ਼ਨਾਂ ਵਿੱਚੋਂ ਫਿਰ ਪਹਿਲੇ ਸਥਾਨ ’ਤੇ ਰਹੀ। ਪਰ ਉਸ ਦੇ ਅੰਕ ਪਹਿਲਾਂ ਨਾਲੋਂ ਵੀ ਘੱਟ ਹੋ ਗਏ। ਉਹ ਬਹੁਤ ਔਖੇ ਹੋ ਕੇ ਪਹਿਲੇ ਨੰਬਰ ’ਤੇ ਰਹੀ। ਇਸ ਵਾਰ ਉਸ ਦੇ ਹਿੰਦੀ ਅਧਿਆਪਕ ਨੇ ਉਸ ਨੂੰ ਕੁਝ ਨਹੀਂ ਕਿਹਾ, ਪਰ ਦੂਜੇ ਵਿਸ਼ਿਆਂ ਦੇ ਅਧਿਆਪਕਾਂ ਨੇ ਉਸ ਨੂੰ ਜ਼ਰੂਰ ਮਹਿਸੂਸ ਕਰਵਾਇਆ ਕਿ ਉਹ ਪੜ੍ਹਾਈ ਵਿੱਚ ਦੂਜੇ ਬੱਚਿਆਂ ਨਾਲੋਂ ਪਿਛੜ ਰਹੀ ਹੈ। ਦੂਜੇ ਅਧਿਆਪਕਾਂ ਦੇ ਕਹਿਣੇ ਨੇ ਉਸ ਦੇ ਮਨ ਦਾ ਭੁਲੇਖਾ ਕੱਢ ਦਿੱਤਾ।
ਉਸ ਦੇ ਸਕੂਲ ਦੀ ਸਾਲਾਨਾ ਪ੍ਰੀਖਿਆ ਹੋਈ। ਉਸ ਦੀ ਜਮਾਤ ਦਾ ਨਤੀਜਾ ਐਲਾਨਿਆ ਗਿਆ। ਨਤੀਜਾ ਸੁਣਨ ਤੋਂ ਪਹਿਲਾਂ ਉਸ ਦਾ ਦਿਲ ਧੜਕ ਰਿਹਾ ਸੀ। ਉਸ ਦਾ ਨਤੀਜਾ ਉਸ ਦੇ ਹਿੰਦੀ ਅਧਿਆਪਕ ਨੇ ਹੀ ਐਲਾਨਿਆ। ਉਸ ਨੇ ਨਤੀਜਾ ਐਲਾਨਦਿਆਂ ਕਿਹਾ, ‘‘ਪੱਪੀ, ਇਸ ਵਾਰ ਪਹਿਲੇ ਨੰਬਰ ’ਤੇ ਹੀ ਨਹੀਂ ਆਈ ਸਗੋਂ ਉਸ ਨੇ ਪਹਿਲਾਂ ਨਾਲੋਂ ਚੰਗੇ ਅੰਕ ਪ੍ਰਾਪਤ ਕੀਤੇ ਹਨ ਕਿਉਂਕਿ ਉਸ ਨੇ ਅਧਿਆਪਕਾਂ ਦੀ ਨਸੀਹਤ ਉੱਤੇ ਅਮਲ ਕੀਤਾ ਹੈ। ਉਸ ਨੇ ਇਸ ਗੱਲ ਨੂੰ ਸਮਝ ਲਿਆ ਹੈ ਕਿ ਹੁਸ਼ਿਆਰ ਹੋਣ ਦਾ ਘੁਮੰਡ ਕਰਨ ਨਾਲੋਂ ਮਿਹਨਤ ਕਰਨਾ ਜ਼ਿਆਦਾ ਬਿਹਤਰ ਹੈ।’’ ਪੱਪੀ ਅਧਿਆਪਕ ਦੀਆਂ ਗੱਲਾਂ ਸੁਣ ਕੇ ਮਨ ਵਿੱਚ ਸੋਚ ਰਹੀ ਸੀ ਕਿ ਜੇ ਉਹ ਅਧਿਆਪਕਾਂ ਦੇ ਕਹਿਣ ’ਤੇ ਅਮਲ ਨਾ ਕਰਦੀ ਤਾਂ ਉਸ ਨੇ ਪੜ੍ਹਾਈ ਵਿੱਚ ਪਿਛੜ ਜਾਣਾ ਸੀ।

Facebook Comment
Project by : XtremeStudioz