Close
Menu

ਹੈਦਰਾਬਾਦ ਖ਼ਿਲਾਫ਼ ਜਿੱਤ ਨਾਲ ਚੇਨੱਈ ਦੀ ਪਲੇਆਫ ’ਚ ਥਾਂ ਪੱਕੀ

-- 14 May,2018

ਪੁਣੇ, ਸਲਾਮੀ ਬੱਲੇਬਾਜ਼ ਅੰਬਾਤੀ ਰਾਇਡੂ ਦੇ ਨਾਬਾਦ ਸੈਂਕੜੇ ਤੇ ਸ਼ੇਨ ਵਾਟਸਨ (57) ਦੇ ਨੀਮ ਸੈਂਕੜੇ ਅਤੇ ਦੋਵਾਂ ਵਿਚਾਲੇ ਪਹਿਲੇ ਵਿਕਟ ਲਈ 134 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਚੇਨੱਈ ਸੁਪਰਕਿੰਗਜ਼ ਨੇ ਅੱਜ ਇਥੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਆਈਪੀਐਲ ਦੇ ਇਕ ਮੈਚ ਵਿੱਚ ਅੱਠ ਵਿਕਟਾਂ ਦੀ ਜਿੱਤ ਦਰਜ ਕਰਦਿਆਂ ਪਲੇਆਫ਼ ਵਿੱਚ ਆਪਣੀ ਥਾਂ ਲਗਪਗ ਪੱਕੀ ਕਰ ਲਈ ਹੈ। ਪਹਿਲਾਂ ਹੀ ਪਲੇਆਫ਼ ਵਿੱਚ ਥਾਂ ਪੱਕੀ ਕਰ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ 12 ਮੈਚਾਂ ਵਿੱਚ 18 ਅੰਕਾਂ ਨਾਲ ਸਿਖਰ ’ਤੇ ਬਰਕਰਾਰ ਹੈ ਜਦਕਿ ਚੇਨੱਈ ਦੀ ਟੀਮ ਇੰਨੇ ਹੀ ਮੈਚਾਂ ਵਿੱਚ ਸੱਤ ਜਿੱਤਾਂ ਨਾਲ 16 ਅੰਕ ਲੈ ਕੇ ਦੂਜੇ ਸਥਾਨ ’ਤੇ ਕਾਬਜ਼ ਹੈ। ਨਾਬਾਦ ਸੈਂਕੜੇ ਲਈ ਅੰਬਾਤੀ ਰਾਇਡੂ ਨੂੰ ‘ਮੈਨ ਆਫ਼ ਦਿ ਮੈਚ ਐਲਾਨਿਆ ਗਿਆ।
ਹੈਦਰਾਬਾਦ ਨੇ ਧੀਮੀ ਸ਼ੁਰੂਆਤ ਤੋਂ ਉਭਰਨ ਮਗਰੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (79) ਤੇ ਕਪਤਾਨ ਕੇਨ ਵਿਲੀਅਮਸਨ (51) ਦੇ ਨੀਮ ਸੈਂਕੜਿਆਂ ਤੇ ਦੋਵਾਂ ਦਰਮਿਆਨ ਦੂਜੇ ਵਿਕਟ ਲਈ 123 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਚਾਰ ਵਿਕਟਾਂ ਦੇ ਨੁਕਸਾਨ ਨਾਲ 179 ਦੌੜਾਂ ਬਣਾ ਕੇ ਚੁਣੌਤੀਪੂਰਨ ਸਕੋਰ ਬਣਾਇਆ ਸੀ। ਰਾਇਡੂ ਦੇ 62 ਗੇਂਦਾਂ ਵਿੱਚ ਸੱਤ ਚੌਕਿਆਂ ਤੇ ਇੰਨੇ ਹੀ ਛੱਕੇ ਜੜ ਕੇ ਬਣਾਏ ਸੈਂਕੜੇ ਤੇ ਵਾਟਸਨ (35 ਗੇਂਦਾਂ ਵਿੱਚ ਪੰਜ ਚੌਕੇ ਤੇ ਤਿੰਨ ਛੱਕੇ) ਦੇ ਨੀਮ ਸੈਂਕੜੇ ਦੀ ਬਦੌਲਤ ਚੇਨੱਈ ਸੁਪਰਕਿੰਗਜ਼ ਨੇ ਇਸ ਟੀਚੇ ਨੂੰ 19 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ਨਾਲ 180 ਦੌੜਾਂ ਬਣਾ ਕੇ ਪੂਰਾ ਕਰ ਲਿਆ। ਪਾਵਰ ਪਲੇਅ ਦੇ 6 ਓਵਰਾਂ ’ਚ ਟੀਮ ਨੇ ਬਿਨਾਂ ਕੋਈ ਵਿਕਟ ਗੁਆਇਆਂ 53 ਦੌੜਾਂ ਜੋੜੀਆਂ। ਕਪਤਾਨ ਮਹਿੰਦਰ ਸਿੰਘ ਧੋਨੀ 20 ਦੌੜਾਂ ਨਾਲ ਨਾਬਾਦ ਰਿਹਾ। ਇਸ ਤੋਂ ਪਹਿਲਾਂ ਧੋਨੀ ਨੇ ਟਾਸ ਜਿੱਤ ਕੇ ਫਿਲਡਿੰਗ ਦਾ ਫ਼ੈਸਲਾ ਕੀਤਾ ਤੇ ਦੀਪਕ ਚਹਿਰ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ। ਚਹਿਰ ਨੂੰ ਇਕ ਜਦੋਂਕਿ ਸ਼ਰਦੁਲ ਠਾਕੁਰ ਨੇ 32 ਦੌੜਾਂ ਬਦਲੇ ਦੋ ਵਿਕਟ ਲਏ।

Facebook Comment
Project by : XtremeStudioz