Close
Menu

12 ਪਾਰਟੀਆਂ ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਉਣ ਲਈ ਸਹਿਮਤ

-- 18 July,2018

ਨਵੀਂ ਦਿੱਲੀ, 18 ਜੁਲਾਈ
ਕਾਂਗਰਸ ਨੇ ਅੱਜ ਆਖਿਆ ਕਿ ਵਿਰੋਧੀ ਧਿਰ ਦੀਆਂ 12 ਪਾਰਟੀਆਂ ਵੱਲੋਂ ਕੇਂਦਰ ਵਿੱਚ ਐਨਡੀਏ ਸਰਕਾਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਉਣ ਲਈ ਸਹਿਮਤੀ ਪੈਦਾ ਕੀਤੀ ਜਾ ਰਹੀ ਹੈ ਤੇ ਹੋਰ ਪਾਰਟੀਆਂ ਨਾਲ ਵੀ ਸਹਿਮਤੀ ਦੇ ਯਤਨ ਕੀਤੇ ਜਾ ਰਹੇ ਹਨ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਅਤੇ ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਸਾਂਝੇ ਤੌਰ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂਂ ਕਿਹਾ ਕਿ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਵਿਰੋਧੀ ਧਿਰ ਦੀਆਂ 12 ਪਾਰਟੀਆਂ ਅੰਦਰ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਸਹਿਮਤੀ ਬਣੀ ਹੈ। ਸ੍ਰੀ ਖੜਗੇ ਨੇ ਕਿਹਾ ਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਪਾਰਲੀਮੈਂਟ ਵਿੱਚ ਜਨਤਕ ਹਿੱਤ ਦੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਨੂੰ ਇਹ ਵਡਿਆ ਕੇ ਦੱਸ ਸਕੇ ਜਿਸ ਕਰ ਕੇ ਇਹ ਵਿਰੋਧੀ ਖੇਮੇ ਨੂੰ ਪਾਟੋਧਾੜ ਕਰਨ ਲਈ ਕੁਝ ਬੇਸਿਰ ਪੈਰ ਦੇ ਮੁੱਦੇ ਚੁੱਕ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਹੋਰ ਮੁੱਦਿਆਂ ਤੋਂ ਇਲਾਵਾ ਬੇਰੁਜ਼ਗਾਰਾਂ ਨੂੰ ਨੌਕਰੀਆਂ, ਭੀੜ ਵੱਲੋਂ ਨਿਹੱਥਿਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਕੁੱਟ ਕੁੱਟ ਕੇ ਮਾਰਨ ਅਤੇ ਔਰਤਾਂ ਦੀ ਸੁਰੱਖਿਆ ਦੇ ਮੁੱਦਿਆਂ ਪ੍ਰਮੁੱਖਤਾ ਨਾਲ ਚੁੱਕੇਗੀ। ਸ੍ਰੀ ਖੜਗੇ ਨੇ  ਕਿਹਾ, ‘‘ਸੰਸਦ ਦੇ ਸੈਸ਼ਨ ਦੀ ਸਫ਼ਲਤਾ ਲਈ ਅਸੀਂ ਸਰਕਾਰ ਨੂੰ ਪੂਰਾ ਸਹਿਯੋਗ ਦੇਵਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਦੇਸ਼ ਦੇ ਮਹੱਤਵਪੂਰਨ ਮੁੱਦੇ ਚੁੱਕਣ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇਗੀ।’’ ਖੜਗੇ ਨੇ ਕਿਹਾ, ‘‘ਸਰਕਾਰ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ।’’

ਬੇਭਰੋਸਗੀ ਮਤੇ ਲਈ ਤਿਆਰ: ਅਨੰਤ ਕੁਮਾਰ

ਨਵੀਂ ਦਿੱਲੀ, 18 ਜੁਲਾਈ
ਪਾਰਲੀਮਾਨੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਅੱਜ ਆਖਿਆ ਹੈ ਕਿ ਸਰਕਾਰ ਕੋਲ ਲੋਕ ਸਭਾ ਵਿੱਚ ਬਹੁਮੱਤ ਹੈ ਤੇ ਇਹ ਵਿਰੋਧੀ ਧਿਰ ਵੱਲੋਂ ਲਿਆਂਦੇ ਜਾ ਰਹੇ ਬੇਭਰੋਸਗੀ ਮਤੇ ਦਾ ਸਾਹਮਣਾ ਕਰਨ ਲਈ ਤਿਆਰ ਹੈ। ਸ੍ਰੀ ਕੁਮਾਰ ਨੇ ਇੱਥੇ ਐਨਡੀਏ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਰਾਹੁਲ ਵੱਲੋਂ ਕਾਂਗਰਸ ਵਰਕਿੰਗ ਕਮੇਟੀ ਦਾ ਪੁਨਰਗਠਨ

ਨਵੀਂ ਦਿੱਲੀ, 18 ਜੁਲਾਈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ਦਾ ਪੁਨਰਗਠਨ ਕਰ ਦਿੱਤਾ ਹੈ। ਇਸ ਦੇ ਵਿੱਚ ਏਕੇ ਐਟੋਨੀ, ਅਹਿਮਦ ਪਟੇਲ, ਅੰਬਿਕਾ ਸੋਨੀ, ਮੋਤੀ ਲਾਲ ਵੋਹਰਾ, ਗੁਲਾਮ ਨਬੀ ਆਜ਼ਾਦ, ਮਲਿਕਅਰਜੁਨ ਖੜਗੇ, ਆਨੰਦ ਸ਼ਰਮਾ ਅਤੇ ਕੁਮਾਰੀ ਸ਼ੈਲਜਾ ਦੇ ਨਾਂਅ ਸ਼ਾਮਲ ਹਨ। ਨਵੀਂ ਵਰਕਿੰਗ ਕਮੇਟੀ ਦੇ 23 ਮੈਂਬਰ ਹਨ। ਇਨ੍ਹਾਂ ਵਿੱਚ 19 ਸਥਾਈ ਮੈਂਬਰ ਅਤੇ 9 ਵਿਸ਼ੇਸ਼ ਇਨਵਾਇਟੀ ਮੈਂਬਰ ਹਨ। ਦਿਗਵਿਜੈ ਸਿੰਘ, ਕਮਲਨਾਥ, ਜਨਾਰਦਨ ਦਿਵੇਦੀ, ਸ਼ਿੰਦੇ ਅਤੇ ਕਰਨ ਸਿੰਘ ਨੂੰ ਕਮੇਟੀ ’ਚ ਨਹੀਂ ਲਿਆ।  ਕਾਂਗਰਸ ਪ੍ਰਧਾਨ ਨੇ ਨਵੀਂ ਵਰਕਿੰਗ ਕਮੇਟੀ ਦੀ ਮੀਟਿੰਗ 22 ਜੁਲਾਈ ਨੂੰ ਬੁਲਾਈ ਹੈ। ਕਮੇਟੀ ਵਿੱਚ ਖ਼ੁਦ ਕਾਂਗਰਸ ਪ੍ਰਧਾਨ, ਸ੍ਰਮਤੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਵਿੱਚ ਅਸ਼ੋਕ ਗਹਿਲੋਤ, ਓਮਨ ਚਾਂਡੀ, ਤਰੁਨ ਗੰਗੋਈ, ਸਿੱਧਾਰਮਈਆ ਅਤੇ ਹਰੀਸ਼ ਰਾਵਤ ਸ਼ਾਮਲ ਹਨ। ਰਾਵਤ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾ ਕੇ ਆਸਾਮ ਦਾ ਇੰਚਾਰਜ ਲਾ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭੁਪਿੰਦਰ ਸਿੰਘ ਹੁੱਡਾ, ਵੀਰਭੱਦਰ ਸਿੰਘ, ਮੋਹਨ ਪ੍ਰਕਾਸ਼, ਆਸਕਰ ਫਰਨਾਡਿਜ਼, ਸੀਪੀ ਜੋਸ਼ੀ, ਮੋਹਸਿਨਾ ਕਿਦਵਈ, ਸ਼ੀਲਾ ਦੀਕਸ਼ਿਤ, ਪੀ ਚਿਦੰਬਰਮ, ਜਿਓਤੀਰਦਿੱਤਿਆ ਸਿੰਧੀਆ, ਰਣਦੀਪ ਸੂਰਜੇਵਾਲਾ, ਬਾਲਾ ਸਾਹਿਬ ਥਰੋਟ, ਤਾਰਿਕ ਹਾਮਿਦ, ਤਾਰਿਕ ਅਹਿਮਦ ਕਾਰਾ ਅਤੇ ਪੀਸੀ ਚਾਕੂ ਦੇ ਨਾਂ ਸ਼ਾਮਲ ਹਨ। ਦੀਪੇਂਦਰ ਹੁੱਡਾ ਨੂੰ ਵਿਸ਼ੇਸ਼ ਨਿਮੰਤਰਿਤ ਮੈਂਬਰ ਲਾਇਆ ਗਿਆ ਹੈ।

Facebook Comment
Project by : XtremeStudioz