Close
Menu

14ਵੇਂ ਰਾਸ਼ਟਰਪਤੀ ਲਈ ਚੋਣ ਅੱਜ

-- 17 July,2017

ਨਵੀਂ ਦਿੱਲੀ, ਭਾਰਤ ਦੇ 14ਵੇਂ ਰਾਸ਼ਟਰਪਤੀ ਲਈ ਚੋਣ ਭਲਕੇ ਹੋਣ ਜਾ ਰਹੀ ਹੈ, ਜਿਸ ਵਿੱਚ ਐਨਡੀਏ ਉਮੀਦਵਾਰ ਰਾਮ ਨਾਥ ਕੋਵਿੰਦ ਦਾ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਦੇ ਮੁਕਾਬਲੇ ਪਲੜਾ ਭਾਰੀ ਲੱਗ ਰਿਹਾ ਹੈ। ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਨਵੀਂ ਦਿੱਲੀ, ਜਿਥੇ ਵੱਖ ਵੱਖ ਸੂਬਿਆਂ ’ਚੋਂ ਬੈਲੇਟ ਬਕਸੇ ਲਿਆਂਦੇ ਜਾਣਗੇ, ਵਿੱਚ ਹੋਵੇਗੀ। ਵੋਟਰ, ਜਿਨ੍ਹਾਂ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਤੇ ਵਿਧਾਨ ਸਭਾਵਾਂ ਦੇ ਮੈਂਬਰ ਸ਼ਾਮਲ ਹਨ, ਐਨਡੀਏ ਉਮੀਦਵਾਰ ਦੇ ਪੱਖ ਵਿੱਚ ਹਨ ਪਰ ਵਿਰੋਧੀ ਧਿਰ ਹਾਲੇ ਵੀ ਕੁੱਝ ਖੇਤਰੀ ਪਾਰਟੀਆਂ ਤੋਂ ਸਮਰਥਨ ਹਾਸਲ ਕਰਨ ਲਈ ਹੱਥ ਪੈਰ ਮਾਰ ਰਹੀ ਹੈ।
ਭਾਜਪਾ ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਹਾਲੇ ਤਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ ਜਦੋਂ ਕਿ ਇਸ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਅੰਤਿਮ ਮਿਤੀ 18 ਜੁਲਾਈ ਹੈ। ਬਿਹਾਰ ਦੇ ਸਾਬਕਾ ਰਾਜਪਾਲ ਸ੍ਰੀ ਕੋਵਿੰਦ ਅਤੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਵੱਲੋਂ ਸਮਰਥਨ ਹਾਸਲ ਕਰਨ ਲਈ ਸੂਬਿਆਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ। ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਸਮਾਪਤ ਹੋਣ ਜਾ ਰਿਹਾ ਹੈ।  ਦੱਸਣਯੋਗ ਹੈ ਕਿ ਕੁੱਲ 4896 ਵੋਟਰ ਹਨ, ਜਿਨ੍ਹਾਂ ਵਿੱਚ 4120 ਵਿਧਾਇਕ ਅਤੇ 776 ਸੰਸਦ ਮੈਂਬਰ ਸ਼ਾਮਲ ਹਨ। ਲੋਕ ਸਭਾ ਦਾ ਸਪੀਕਰ ਵੋਟ ਪਾ ਸਕਦਾ ਹੈ ਪਰ ਹੇਠਲੇ ਸਦਨ ਵਿੱਚ ਨਾਮਜ਼ਦ ਕੀਤੇ ਜਾਂਦੇ ਐਂਗਲੋ-ਇੰਡੀਅਨ ਭਾਈਚਾਰੇ ਦੇ ਦੋ ਮੈਂਬਰ ਵੋਟ ਨਹੀਂ ਪਾ ਸਕਦੇ। ਰਾਜ ਸਭਾ ਵਿੱਚ ਨਾਮਜ਼ਦ ਕੀਤੇ ਜਾਂਦੇ 12 ਮੈਂਬਰ ਵੀ ਵੋਟ ਨਹੀਂ ਪਾ ਸਕਦੇ।
ਭਾਜਪਾ ਦੀ ਅਗਵਾਈ ਵਾਲੇ ਐਨਡੀਏ ਕੋਲ ਸ਼ਿਵ ਸੈਨਾ ਸਮੇਤ 537683 ਵੋਟਾਂ ਹਨ ਅਤੇ ਤਕਰੀਬਨ 12 ਹਜ਼ਾਰ ਵੋਟਾਂ ਘਟਦੀਆਂ ਹਨ ਪਰ ਬੀਜੇਡੀ, ਟੀਆਰਐਸ ਅਤੇ ਵਾਈਐਸਆਰ ਕਾਂਗਰਸ ਵੱਲੋਂ ਸਮਰਥਨ ਦਾ ਭਰੋਸਾ ਅਤੇ ਅੰਨਾ ਡੀਐਮਕੇ ਧੜਿਆਂ ਵੱਲੋਂ ਸਮਰਥਨ ਦਿੱਤੇ ਜਾਣ ਦੀ ਸੰਭਾਵਨਾ ਕਾਰਨ ਐਨਡੀਏ ਉਮੀਦਵਾਰ ਦਾ ਪਲੜਾ ਭਾਰੀ ਲੱਗ ਰਿਹਾ ਹੈ। ਗ਼ੌਰਤਲਬ ਹੈ ਕਿ 2012 ਚੋਣ ਵਿੱਚ ਪ੍ਰਣਬ ਮੁਖਰਜੀ ਨੂੰ 713763 ਵੋਟਾਂ ਮਿਲੀਆਂ ਸਨ।

Facebook Comment
Project by : XtremeStudioz