Close
Menu

2107 ਵਾਂਗ ਫਿਰ ‘ਫਰੈਂਡਲੀ ਮੈਚ’ ਖੇਡਣ ਲੱਗੇ ਕੈਪਟਨ-ਬਾਦਲ-ਭਗਵੰਤ ਮਾਨ

-- 22 April,2019

ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਚੁੱਕੇ ਸਵਾਲ

ਚੰਡੀਗੜ੍ਹ,  22 ਅਪ੍ਰੈਲ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਬਠਿੰਡਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕਿਆਂ ਲਈ ਕਾਂਗਰਸੀ ਉਮੀਦਵਾਰਾਂ ਦੀ ਚੋਣ ਨੇ ‘ਕੈਪਟਨ-ਬਾਦਲ’ ਮਿਲੀਭੁਗਤ ਦਾ ਦੁਬਾਰਾ ਫਿਰ ਪਰਦਾਫਾਸ਼ ਕਰ ਦਿੱਤਾ ਹੈ।

ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬਾਰੀ ਬੰਨ ਕੇ ਸੱਤਾ ਸੁੱਖ ਮਾਣਨ ਵਾਲੇ ਆਪਣੇ ਨਾਪਾਕ ਏਜੰਡੇ ‘ਤੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਨਾਲ ਆਪਣੀ ਯਾਰੀ ਪੁਗਾ ਦਿੱਤੀ ਹੈ।

ਭਗਵੰਤ ਮਾਨ ਮੁਤਾਬਿਕ ਫ਼ਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ‘ਚ ਇੱਕ ਦੂਸਰੇ ਦਾ ਸਹਾਰਾ ਬਣਦਿਆਂ ਕੈਪਟਨ ਅਤੇ ਬਾਦਲਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਇੱਕ ਨੁਕਾਤੀ ਫ਼ਾਰਮੂਲਾ ਦੁਹਰਾਇਆ ਗਿਆ ਹੈ। 2017 ‘ਚ ਪਟਿਆਲਾ, ਲੰਬੀ ਅਤੇ ਜਲਾਲਾਬਾਦ ‘ਚ ਕੈਪਟਨ ਅਤੇ ਬਾਦਲਾਂ ਨੇ ਜੋ ਫਰੈਂਡਲੀ ਮੈਚ ਖੇਡ ਕੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੇ ਮੁਕਾਬਲੇ ਆਪਸ ‘ਚ ਇੱਕ-ਦੂਜੇ ਨੂੰ ਜਿਤਾਇਆ ਸੀ। ਮਾਨ ਨੇ ਦਾਅਵਾ ਕੀਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਖ਼ੁਦ ਲੰਬੀ ਅਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਨਾ ਬਣਦੇ ਤਾਂ ਨਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਪਹੁੰਚਦੇ। ਮਾਨ ਨੇ ਦੋਸ਼ ਲਗਾਇਆ ਕਿ ਇਸ ਫਰੈਂਡਲੀ ਮੈਚ ਦੇ ਤਹਿਤ ਬਾਦਲਾਂ ਨੇ ਪਟਿਆਲਾ ਤੋਂ ਨਵਾਂ ਅਤੇ ਕਮਜ਼ੋਰ ਉਮੀਦਵਾਰ ਐਲਾਨ ਕੇ ਚੋਣਾਂ ਦੌਰਾਨ ਉਸ ਦੀ (ਜਨਰਲ ਜੇਜੇ ਸਿੰਘ) ਦੀ ਪਾਰਟੀ ਵੱਲੋਂ ਕੋਈ ਮਦਦ ਹੀ ਨਹੀਂ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾ ਕੇ ਲੰਬੀ ਅਤੇ ਜਲਾਲਾਬਾਦ ਵਾਲੀ ‘ਡੀਲ’ ਸਿਰੇ ਚੜ੍ਹਾ ਦਿੱਤੀ। ਭਗਵੰਤ ਮਾਨ ਅਨੁਸਾਰ ਇਹ ਸਿਰਫ਼ ‘ਆਪ’ ਵੱਲੋਂ ਲਗਾਏ ਦੋਸ਼ ਨਹੀਂ ਸਗੋਂ ਕੰਧ ‘ਤੇ ਲਿਖਿਆ ਸੱਚ ਹੈ, ਜਿਸ ਦੀ ਬਾਅਦ ‘ਚ ਅਕਾਲੀਆਂ ਅਤੇ ਕਾਂਗਰਸੀਆਂ ਦੇ ‘ਸਾਂਝੇ’ ਉਮੀਦਵਾਰ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਸਮੇਤ ਕਈ ਹੋਰ ਆਗੂਆਂ ਨੇ ਵੀ ਪੁਸ਼ਟੀ ਕੀਤੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ ਬਠਿੰਡਾ ਤੋਂ ਇੱਕ ਗੈਰ-ਗੰਭੀਰ ਅਤੇ ਮੂੰਹ ਫੱਟ ਨੌਜਵਾਨ ਆਗੂ ਰਾਜਾ ਵੜਿੰਗ ਅਤੇ ਸਥਾਨਕ ਕਾਂਗਰਸੀਆਂ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਅਕਾਲੀ ਤੋਂ ਤਾਜ਼ਾ-ਤਾਜ਼ਾ ਕਾਂਗਰਸੀ ਬਣੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਉਮੀਦਵਾਰ ਬਣਾ ਕੇ ਬਾਦਲ ਪਰਿਵਾਰ ਦਾ ਰਸਤਾ ਸੌਖਾ ਕਰਨ ਦੀ ਚਾਲ ਖੇਡੀ ਹੈ, ਪਰੰਤੂ ‘ਕਾਠ ਦੀ ਹੱਡੀ, ਵਾਰ-ਵਾਰ ਚੁੱਲ੍ਹੇ ਨਹੀਂ ਚੜ੍ਹਦੀ’ ਅਤੇ ਪੰਜਾਬ ਦੇ ਲੋਕਾਂ ਨੇ ਇਸ ਵਾਰ ਦੋਵਾਂ (ਕੈਪਟਨ-ਬਾਦਲਾਂ) ਨੂੰ ਸਬਕ ਸਿਖਾ ਦੇਣਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਸੇ ਫਰੈਂਡਲੀ ਮੈਚ ਦੇ ਕਾਰਨ ਬਾਦਲ ਅਕਾਲੀ ਦਲ ਨੇ ਅਜੇ ਤੱਕ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰ ਨਹੀਂ ਐਲਾਨੇ ਸਨ, ਹੁਣ ਬਣੇ ਮਨਸੂਬੇ ਤਹਿਤ ਕਾਂਗਰਸ ਦੀ ਤਰਫ਼ੋਂ ਰਾਹ ਪੱਧਰਾ ਕਰ ਦਿੱਤਾ ਗਿਆ ਹੈ ਅਤੇ ਹਰਸਿਮਰਤ ਕੌਰ ਬਾਦਲ ਸਮੇਤ ਬਾਦਲ ਪਰਿਵਾਰ ਦਾ ਕੋਈ ਨਾ ਕੋਈ ਹੋਰ ਮੈਂਬਰ ਵੀ ਮੈਦਾਨ ‘ਚ ਉਤਰ ਸਕਦਾ ਹੈ।

Facebook Comment
Project by : XtremeStudioz