Close
Menu

ਅਖਿਲੇਸ਼, ਪੂਨਮ ਸਿਨਹਾ ਅਤੇ ਮੇਨਕਾ ਵੱਲੋਂ ਪਰਚੇ ਦਾਖ਼ਲ

-- 19 April,2019

ਲਖਨਊ/ਆਜ਼ਮਗੜ੍ਹ/ਸੁਲਤਾਨਪੁਰ 19 ਅਪਰੈਲ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਦੋ ਦਿਨ ਪਹਿਲਾਂ ਪਾਰਟੀ ’ਚ ਸ਼ਾਮਲ ਹੋਈ ਸ਼ਤਰੂਘਣ ਸਿਨਹਾ ਦੀ ਪਤਨੀ ਪੂਨਮ ਸਿਨਹਾ ਅਤੇ ਭਾਜਪਾ ਆਗੂ ਮੇਨਕਾ ਗਾਂਧੀ ਨੇ ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਆਜ਼ਮਗੜ੍ਹ ਲੋਕ ਸਭਾ ਸੀਟ ਤੋਂ ਅਖਿਲੇਸ਼ ਯਾਦਵ ਨੇ ਜਦੋਂ ਪਰਚੇ ਦਾਖ਼ਲ ਕੀਤੇ ਤਾਂ ਉਨ੍ਹਾਂ ਨਾਲ ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਵੀ ਹਾਜ਼ਰ ਸਨ। ਕੁਲੈਕਟਰ ਦਫ਼ਤਰ ’ਚ ਕਾਗਜ਼ ਦਾਖ਼ਲ ਕੀਤੇ ਜਾਣ ਮਗਰੋਂ ਸ੍ਰੀ ਯਾਦਵ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਧਿਆਨ ’ਚ ਰੱਖ ਕੇ ਵੋਟਾਂ ਪਾਉਣਗੇ। ਪਾਰਟੀ ਮੁਖੀ ਨੇ ਕਿਹਾ ਕਿ ਆਜ਼ਮਗੜ੍ਹ ਸਮਾਜਵਾਦੀਆਂ ਦੀ ‘ਕਰਮਭੂਮੀ’ ਹੈ ਅਤੇ ਲੋਕ ਉਸ ਨੂੰ ਆਸ਼ੀਰਵਾਦ ਦੇਣਾ ਜਾਰੀ ਰਖਣਗੇ। 2014 ’ਚ ਇਹ ਸੀਟ ਉਨ੍ਹਾਂ ਦੇ ਪਿਤਾ ਮੁਲਾਇਮ ਸਿੰਘ ਯਾਦਵ ਨੇ ਜਿੱਤੀ ਸੀ।
ਉਧਰ ਸਮਾਜਵਾਦੀ ਪਾਰਟੀ ’ਚ ਦੋ ਦਿਨ ਪਹਿਲਾਂ ਸ਼ਾਮਲ ਹੋਈ ਸ਼ਤਰੂਘਣ ਸਿਨਹਾ ਦੀ ਪਤਨੀ ਪੂਨਮ ਸਿਨਹਾ ਨੇ ਲਖਨਊ ਤੋਂ ਪਰਚੇ ਭਰੇ। ਉਨ੍ਹਾਂ ਦਾ ਮੁਕਾਬਲਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਹੈ। ਪਰਚੇ ਦਾਖ਼ਲ ਕਰਨ ਸਮੇਂ ਪੂਨਮ ਨਾਲ ਪਤੀ ਸ਼ਤਰੂਘਣ ਸਿਨਹਾ ਅਤੇ ਸਮਾਜਵਾਦੀ ਪਾਰਟੀ ਦੀ ਡਿੰਪਲ ਯਾਦਵ ਵੀ ਹਾਜ਼ਰ ਸਨ। ਇਸ ਦੌਰਾਨ ਸੁਲਤਾਨਪੁਰ ਲੋਕ ਸਭਾ ਸੀਟ ਤੋਂ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਸਵੇਰੇ ਉਨ੍ਹਾਂ ਸ਼ਾਸਤਰੀ ਨਗਰ ਸਥਿਤ ਰਿਹਾਇਸ਼ ’ਤੇ ਪੂਜਾ ਪਾਠ ਕੀਤਾ। ਨਾਮਜ਼ਦਗੀ ਕਾਗਜ਼ ਭਰਨ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਮੇਨਕਾ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦਾ ਸੱਦਾ ਦਿੱਤਾ।

Facebook Comment
Project by : XtremeStudioz