Close
Menu

ਅਲਬਰਟਾ ਵਿੱਚ ਜੇਸਨ ਕੇਨੀ ਦੀ ਯੂਸੀਪੀ ਨੇ ਦਰਜ ਕਰਵਾਈ ਵੱਡੀ ਜਿੱਤ

-- 18 April,2019

ਅਲਬਰਟਾ, 18 ਅਪਰੈਲ : ਸਾਬਕਾ ਫੈਡਰਲ ਕੈਬਨਿਟ ਮੰਤਰੀ ਜੇਸਨ ਕੇਨੀ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਅਲਬਰਟਾ ਦੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਬਹੁਗਿਣਤੀ ਨਾਲ ਜਿੱਤ ਦਰਜ ਕਰਵਾਈ ਹੈ। ਉਨ੍ਹਾਂ ਰੇਚਲ ਨੌਟਲੇ ਦੀ ਅਗਵਾਈ ਵਾਲੀ ਐਨਡੀਪੀ ਸਰਕਾਰ ਨੂੰ ਸਿ਼ਕਸਤ ਦਿੱਤੀ।
ਕੇਨੀ ਦੀ ਜਿੱਤ ਪਿੱਛੇ 28 ਦਿਨ ਤੱਕ ਚੱਲੀ ਸਿਆਸੀ ਖਿੱਚੋਤਾਣ, ਨਿਜੀ ਹਮਲੇ, ਵੋਟਰ ਫਰਾਡ ਦੇ ਲੱਗੇ ਦੋਸ਼ ਤੇ ਯੂਸੀਪੀ ਦੇ ਉਮੀਦਵਾਰ ਦੇ ਆਫਿਸ ਦੀ ਆਖਰੀ ਮਿੰਟ ਵਿੱਚ ਆਰਸੀਐਮਪੀ ਵੱਲੋਂ ਲਈ ਗਈ ਤਲਾਸ਼ੀ ਆਦਿ ਸ਼ਾਮਲ ਹਨ। ਕੇਨੀ ਨੇ ਕੈਲਗਰੀ-ਲੌਫੀਡ ਦੇ ਆਪਣੇ ਇਲਾਕੇ ਤੋਂ ਜਿੱਤ ਦਰਜ ਕਰਵਾਈ। ਯੂਸੀਪੀ ਦੇ ਨੀਲੇ ਪਿੱਕ ਅੱਪ ਟਰੱਕ ਵਿੱਚ ਗੇੜਾ ਕੱਢ ਕੇ ਕੇਨੀ ਨੇ ਪਹਿਲਾਂ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਫਿਰ ਉਨ੍ਹਾਂ ਆਪਣੇ ਸਾਰੇ ਸੁੱ਼ਭਚਿੰਤਕਾਂ ਸਾਹਮਣੇ ਸਟੇਜ ਉੱਤੇ ਪਹੁੰਚ ਕੇ ਦੁਬਾਰਾ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਉਣ ਲਈ ਅਲਬਰਟਾ ਵਾਸੀਆਂ ਦਾ ਸ਼ੁਕਰੀਆ ਕੀਤਾ।
ਕੇਨੀ ਨੇ ਆਖਿਆ ਕਿ ਅੱਜ ਸਾਡੀ ਪ੍ਰੋਵਿੰਸ ਨੇ ਕੈਨੇਡਾ ਤੇ ਪੂਰੀ ਦੁਨੀਆ ਨੂੰ ਇਹ ਦੱਸ ਦਿੱਤਾ ਹੈ ਕਿ ਅਸੀਂ ਕਾਰੋਬਾਰ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਲਈ ਮਦਦ ਰਾਹ ਵਿੱਚ ਹੈ ਤੇ ਸਾਡੀ ਆਸ ਵੀ ਆਸਮਾਨ ਉੱਤੇ ਹੈ। ਜਿ਼ਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ 87 ਸੀਟਾਂ ਵਿੱਚੋਂ ਯੂਸੀਪੀ ਨੂੰ 63 ਸੀਟਾਂ ਉੱਤੇ ਜਿੱਤ ਹਾਸਲ ਹੋਈ। ਬਾਕੀ 24 ਸੀਟਾਂ ਐਨਡੀਪੀ ਦੀ ਝੋਲੀ ਪਈਆਂ। ਕੇਨੀ ਨੇ ਆਪਣੀ ਜਿੱਤ ਨੂੰ ਅਲਬਰਟਾ ਵਾਸੀਆਂ ਨੂੰ ਮੁੜ ਕੰਮ ਉੱਤੇ ਪਰਤਾਉਣ ਵਾਲਾ ਦੱਸਿਆ। ਉਨ੍ਹਾਂ ਆਖਿਆ ਕਿ ਐਨਡੀਪੀ ਦੇ ਕਾਰਜਕਾਲ ਵਿੱਚ ਅਲਬਰਟਾ ਦੀ ਤੇਲ ਤੇ ਗੈਸ ਇੰਡਸਟਰੀ ਨੂੰ ਕਾਫੀ ਢਾਹ ਲੱਗੀ ਹੈ ਤੇ ਇਸ ਦਾ ਅਸਰ ਪ੍ਰੋਵਿੰਸ ਦੇ ਅਰਥਚਾਰੇ ਉੱਤੇ ਵੀ ਬਹੁਤ ਨਕਾਰਾਤਮਕ ਰਿਹਾ ਹੈ।
ਜਦੋਂ ਕੇਨੀ ਦੇ ਸਮਰਥਕਾਂ ਨੇ “ਪਾਈਪ ਦਾ ਨਿਰਮਾਣ ਕਰੋ” ਦੇ ਨਾਅਰੇ ਲਾਏ ਤਾਂ ਉਨ੍ਹਾਂ ਥੋੜ੍ਹੀ ਸੋਧ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ “ਸਾਰੀਆਂ ਪਾਈਪਲਾਈਨਜ਼ ਦਾ ਨਿਰਮਾਣ ਕਰੋ” ਕਹਿਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ ਨੇ ਅਲਬਰਟਾ ਦੇ ਅਰਥਚਾਰੇ ਦੁਆਲੇ ਜਿਹੜੀ ਲਾਲ ਫੀਤਾਸ਼ਾਹੀ ਦੀ ਟੇਪ ਵਲ੍ਹੇਟੀ ਹੈ ਅਸੀਂ ਉਸ ਨੂੰ ਕੱਟ ਦੇਵਾਂਗੇ ਤੇ ਕੈਨੇਡਾ ਭਰ ਵਿੱਚ ਸਾਡੀ ਯੂਸੀਪੀ ਸਰਕਾਰ ਦੀਆਂ ਟੈਕਸ ਦਰਾਂ ਸੱਭ ਤੋਂ ਘੱਟ ਹੋਣਗੀਆਂ।
ਕੇਨੀ ਨੇ ਤਹੱਈਆ ਪ੍ਰਗਟਾਉਂਦਿਆਂ ਆਖਿਆ ਕਿ ਜਿਸ ਕਿਸੇ ਨੇ ਅਲਬਰਟਾ ਦੀ ਤੇਲ ਤੇ ਗੈਸ ਸਨਅਤ ਦਾ ਵਿਰੋਧ ਕੀਤਾ ਹੈ ਅਸੀਂ ਉਸ ਖਿਲਾਫ ਜੰਗ ਦਾ ਬਿਗਲ ਵਜਾਵਾਂਗੇ। ਉਨ੍ਹਾਂ ਆਖਿਆ ਕਿ ਅਸੀਂ ਆਪਣੇ ਆਪ ਲਈ, ਆਪਣੇ ਰੋਜ਼ਗਾਰ ਤੇ ਆਪਣੇ ਭਵਿੱਖ ਲਈ ਖੜ੍ਹੇ ਹੋਵਾਂਗੇ। ਅੱਜ ਤੋਂ ਅਸੀਂ ਅਲਬਰਟਾ ਵਾਸੀ ਖੁਦ ਲਈ ਲੜਾਈ ਸ਼ੁਰੂ ਕਰਾਂਗੇ। ਇਸ ਮੌਕੇ ਨੌਟਲੇ ਨੇ ਵੀ ਕੇਨੀ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਜਿ਼ਕਰਯੋਗ ਹੈ ਕਿ ਕੇਨੀ ਦੀ ਇਹ ਜਿੱਤ ਟਰੂਡੋ ਲਈ ਵੀ ਵੱਡੀ ਸਿਰਦਰਦੀ ਬਣ ਸਕਦੀ ਹੈ। ਟਰੂਡੋ ਇਸ ਸਾਲ ਦੇ ਅੰਤ ਵਿੱਚ (ਅਕਤੂਬਰ ਵਿੱਚ) ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਮੁੜ ਹਿੱਸਾ ਲੈਣ ਜਾ ਰਹੇ ਹਨ। ਕੇਨੀ ਨੇ ਇਹ ਵੀ ਆਖਿਆ ਕਿ ਸੱਭ ਤੋਂ ਪਹਿਲਾਂ ਉਹ ਕਾਰਬਨ ਟੈਕਸ ਨੂੰ ਖਤਮ ਕਰਨਗੇ ਤੇ ਕਲਾਈਮੇਟ ਚੇਂਜ ਦੀ ਆਪਣੀ ਯੋਜਨਾ ਲਈ ਫੈਡਰਲ ਸਰਕਾਰ ਖਿਲਾਫ ਕੇਸ ਕਰਨਗੇ।

Facebook Comment
Project by : XtremeStudioz