Close
Menu

ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਮੋਦੀ ਸਰਕਾਰ ਪਾਕਿਸਤਾਨ ਅਤੇ ਚੀਨ ਨਾਲ ਤਣਾਅ ਪੈਦਾ ਕਰ ਰਹੀ-ਕੈਪਟਨ ਅਮਰਿੰਦਰ ਸਿੰਘ

-- 15 May,2019

ਪਰਨੀਤ ਕੌਰ ਦੇ ਹੱਕ ਵਿੱਚ ਨਾਭਾ ‘ਚ ਚੋਣ ਪ੍ਰਚਾਰ, ਅਮਲੋਹ ਵਿਧਾਇਕ ਵੱਲੋਂ ਸਪੱਸ਼ਟ ਸਮਰਥਨ
ਨਾਭਾ, 15 ਮਈ:
ਪਾਕਿਸਤਾਨ ਅਤੇ ਚੀਨ ਨਾਲ ਤਣਾਅ ਪੈਦਾ ਕਰਕੇ ਸਰਹੱਦੀ ਸੂਬੇ ਪੰਜਾਬ ਲਈ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰਨ ਦੇ ਨਾਲ-ਨਾਲ ਭਾਰਤ ਦੀ ਸੁਰੱਖਿਆ ਨੂੰ ਖਤਰੇ ‘ਚ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ।
ਪਟਿਆਲਾ ਲੋਕ ਸਭਾ ਹਲਕੇ ਤੋਂ ਆਪਣੀ ਪਤਨੀ ਪਰਨੀਤ ਕੌਰ ਦੇ ਸਮਰਥਨ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦਾ ਏਜੰਡਾ ਸਰਹੱਦਾਂ ‘ਤੇ ਤਣਾਅ ਪੈਦਾ ਕਰਕੇ ਪਿਛਲੇ ਪੰਜ ਸਾਲਾਂ ਤੋਂ ਇਕ ਵੀ ਵਾਅਦਾ ਪੂਰਾ ਨਾ ਕਰਨ ਵਿੱਚ ਨਾਕਾਮ ਰਹਿਣ ਲਈ ਲੋਕਾਂ ਦਾ ਧਿਆਨ ਲਾਂਭੇ ਕਰਨਾ ਹੈ।
ਉਨ੍ਹਾਂ ਕਿਹਾ ਕਿ ਵਾਹਗਾ ਸਰਹੱਦ ਦੇ ਬੰਦ ਹੋਣ ਨਾਲ ਪੰਜਾਬ ਦੇ ਵਪਾਰੀਆਂ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ ਹੈ। ਵਾਹਗਾ ਰਾਹੀਂ ਵਸਤਾਂ ਪਾਕਿਸਤਾਨ ਵਿੱਚ ਨਹੀਂ ਜਾ ਰਹੀਆਂ ਜਦਕਿ ਇਨ੍ਹਾਂ ਨੂੰ ਕਾਂਡਲਾ ਬੰਦਰਗਾਹ ਰਸਤੇ ਕਰਾਚੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬੀਆਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਸਪੱਸ਼ਟ ਤੌਰ ‘ਤੇ ਪਰਨੀਤ ਕੌਰ ਦੇ ਹੱਕ ਵਿੱਚ ਆ ਜਾਣ ਕਾਰਨ ਉਨ੍ਹਾਂ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਨਾਲ ਪਟਿਆਲਾ ਹਲਕੇ ਵਿੱਚੋਂ ਪਾਰਟੀ ‘ਚ ਮਤਭੇਦ ਬਾਰੇ ਫੈਲੀਆਂ ਸਾਰੀਆਂ ਅਫਵਾਹਾਂ ਰੱਦ ਹੋ ਗਈਆਂ ਹਨ।
ਪਟਿਆਲਾ ਅਤੇ ਸੂਬੇ ਦੇ ਵਿਕਾਸ ਵਿੱਚ ਨਾਭਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬਹੁਤ ਜ਼ਿਆਦਾ ਰੁਝੇਵਿਆਂ ਦੇ ਬਾਵਜੂਦ ਉਹ ਇੱਥੇ ਆਏ ਹਨ। ਇਸ ਦਾ ਉਨ੍ਹਾਂ ਦੇ ਪਰਿਵਾਰ ਨਾਲ ਨੇੜੇ ਦਾ ਸਬੰਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਸ਼ਹਿਰਾਂ ਦੇ ਵਿਕਾਸ ਦੀ ਜ਼ਰੂਰਤ ਹੈ ਅਤੇ ਇਹ ਸਿਰਫ ਕਾਂਗਰਸ ਹੀ ਕਰ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਧਰਮ ਅਤੇ ਜਾਤ ਦੇ ਆਧਾਰ ‘ਤੇ ਵੰਡਣ ਵਿੱਚ ਰੁੱਝੀ ਹੋਈ ਹੈ ਜਿਸ ਨਾਲ ਇਹ ਧਰਮ ਨਿਰਪੱਖਤਾ ਅਤੇ ਵਿਭਿੰਨਤਾ ਦੀ ਤਾਕਤ ਨੂੰ ਤਬਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਕੂਲ ਅਤੇ ਹਸਪਤਾਲ ਆਦਿ ਚਾਹੁੰਦੇ ਹਨ ਜਦਕਿ ਮੋਦੀ ਸਰਕਾਰ ਨੇ ਆਪਣੇ ਵੱਖਰੇ ਏਜੰਡੇ ਫੜੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸ ਕਿਸਮ ਦੀ ਸਰਕਾਰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਹੀ ਫੈਸਲਾ ਕਰਨਾ ਹੈ ਕਿ ਦੇਸ਼ ਅਤੇ ਇੱਥੋਂ ਦੇ ਬੱਚਿਆਂ ਦੇ ਭਵਿੱਖ ਨੂੰ ਕੌਣ ਸੁਰੱਖਿਅਤ ਬਣਾ ਸਕਦਾ ਹੈ।
ਨੋਟਬੰਦੀ ਅਤੇ ਜੀ.ਐਸ.ਟੀ. ਨਾਲ ਆਰਥਿਕਤਾ ਨੂੰ ਤਬਾਹ ਕਰਨ ਦੇਣ ਲਈ ਪ੍ਰਧਾਨ ਮੰਤਰੀ ‘ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅੰਬਾਨੀ ਅਤੇ ਅਡਾਨੀ ਵਰਗੇ ਅਮੀਰ ਉਦਯੋਗਪਤੀਆਂ ਦੀ ਜੇਬਾਂ ਭਰਨ ਲਈ ਗਰੀਬ ਲੋਕਾਂ ਨੂੰ ਦੁੱਖ ਦੀ ਭੱਠੀ ਵਿੱਚ ਝੋਕ ਦਿੱਤਾ।
ਸੂਬੇ ਨੂੰ ਹਰ ਪਾਸਿਓਂ ਤਬਾਹੀ ਵੱਲ ਲਿਜਾਣ ਲਈ ਬਾਦਲਾਂ ‘ਤੇ ਤਾਬੜਤੋੜ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਦੇ ਮੰਤਰੀ ਮੰਡਲ ਵਿੱਚ ਵਜ਼ੀਰ ਹੋਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਪੰਜਾਬ ਲਈ ਕੱਖ ਨਹੀਂ ਲੈ ਕੇ ਆਈ ਅਤੇ ਨਾ ਹੀ ਉਸ ਨੇ ਪੰਜਾਬ ਨਾਲ ਜੁੜੇ ਮਸਲਿਆਂ ‘ਤੇ ਕਦੇ ਆਪਣੀ ਚੁੱਪ ਤੋੜੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੋਟਾਂ ਮੰਗਣ ਦਾ ਸਾਰੇ ਨੈਤਿਕ ਹੱਕ ਗੁਆ ਬੈਠਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਆਪਣੀ ਹੋਂਦ ਬਚਾਉਣ ਲਈ ਜਦੋ-ਜਹਿਦ ਕਰ ਰਿਹਾ ਹੈ ਜੋ ਲੀਹ ਤੋਂ ਲਹਿ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਵੀ ਖੇਰੂੰ-ਖੇਰੂੰ ਚੁੱਕੀ ਹੈ ਅਤੇ ਹੁਣ ਇਹ ਲੋਕਾਂ ਕੋਲੋਂ ਵੋਟਾਂ ਮੰਗਣ ਜੋਗੀ ਵੀ ਨਹੀਂ ਰਹੀ।
ਰੈਲੀ ਨੂੰ ਸੰਬੋਧਨ ਕਰਦਿਆਂ ਪਰਨੀਤ ਕੌਰ ਨੇ ਮੋਦੀ ਸਰਕਾਰ ਤੋਂ ਮੁਲਕ ਨੂੰ ਮੁਕਤ ਕਰਵਾਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਕਿਉਂ ਜੋ ਕੇਂਦਰ ਸਰਕਾਰ ਨੇ ਲੋਕਾਂ ਦਾ ਭਲਾ ਕਰਨ ਦੀ ਬਜਾਏ ਉਨ੍ਹਾਂ ਲਈ ਦੁੱਖਾਂ ਦੇ ਪਹਾੜ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੀ ਨਿਆਏ ਕਰ ਸਕਦੀ ਹੈ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ 1986 ‘ਚ ਨਕੋਦਰ ‘ਚ ਹੱਤਿਆਵਾਂ ਹੋਣ ਦੀ ਘਟਨਾ ਦੀ ਵਿਸਥਾਰਤ ਜਾਂਚ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਬੇਕਸੂਰ ਲੋਕਾਂ ‘ਤੇ ਕਿਸੇ ਵੀ ਢੰਗ ਨਾਲ ਤਸ਼ੱਦਦ ਢਾਹੁਣ ਵਾਲੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਹ ਜ਼ਿਕਰਯੋਗ ਹੈ ਕਿ ਨਕੋਦਰ ਵਿੱਚ ਇਕ ਰੋਸ ਮਾਰਚ ਦੌਰਾਨ ਚਾਰ ਨੌਜਵਾਨਾਂ ਦੀ ਹੱਤਿਆ ਹੋਈ ਸੀ ਜਿਸ ਨੇ ਪੰਜਾਬ ਨੂੰ ਹਲੂਣ ਕੇ ਰੱਖ ਦਿੱਤਾ ਸੀ ਅਤੇ ਉਸ ਵੇਲੇ ਵੀ ਅਕਾਲੀ ਹੀ ਸੱਤਾ ਵਿੱਚ ਸਨ।
1984 ਦੇ ਦੰਗਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਆਸੀ ਲਾਹਾ ਉਠਾਉਣ ਲਈ ਹਰੇਕ ਚੋਣ ਮੌਕੇ ਅਕਾਲੀ ਇਸ ਮੁੱਦੇ ਨੂੰ ਚੁੱਕਦੇ ਹਨ। ਉਹ ਹਮੇਸ਼ਾ ਕਹਿੰਦੇ ਆਏ ਕਿ ਐਫ.ਆਈ.ਆਰ. ਵਿੱਚ ਆਰ.ਐਸ.ਐਸ. ਦੇ ਨਾਂ ਵੀ ਸ਼ਾਮਲ ਸਨ ਅਤੇ ਹਿੰਸਕ ਕਾਰਵਾਈ ਨਾਲ ਜੁੜੇ ਕੁਝ ਕਾਂਗਰਸੀ ਲੀਡਰਾਂ ਸਮੇਤ ਇਨ੍ਹਾਂ ਖਿਲਾਫ ਵੀ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

Facebook Comment
Project by : XtremeStudioz