Close
Menu

ਕਾਨਪੁਰ ਦੇ ਡਾਕਟਰ ਨੇ ਭਾਜਪਾ ਦੇ ਬੁਲਾਰੇ ਵੱਲ ਜੁੱਤੀ ਸੁੱਟੀ

-- 19 April,2019

ਨਵੀਂ ਦਿੱਲੀ, 19 ਅਪਰੈਲ
ਭਾਜਪਾ ਦੇ ਇਥੇ ਕੌਮੀ ਦਫ਼ਤਰ ’ਚ ਪਾਰਟੀ ਦੇ ਬੁਲਾਰੇ ਜੀ ਵੀ ਐਲ ਨਰਸਿਮ੍ਹਾ ਰਾਓ ਵੱਲ ਉਦੋਂ ਇਕ ਸ਼ਖ਼ਸ ਨੇ ਜੁੱਤੀ ਸੁੱਟ ਦਿੱਤੀ ਜਦੋਂ ਉਹ ਆਪਣੇ ਸਾਥੀਆਂ ਨਾਲ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਉਂਜ ਜੁੱਤਾ ਰਾਓ ਨੂੰ ਨਹੀਂ ਲੱਗਿਆ ਪਰ ਸੁਰੱਖਿਆ ਮੁਲਾਜ਼ਮਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਅਤੇ ਕਮਰੇ ਤੋਂ ਬਾਹਰ ਲੈ ਗਏ। ਜੁੱਤਾ ਸੁੱਟਣ ਵਾਲੇ ਵਿਅਕਤੀ ਦੀ ਪਛਾਣ ਸ਼ਕਤੀ ਭਾਰਗਵ ਵਜੋਂ ਹੋਈ ਹੈ ਜੋ ਕਾਨਪੁਰ ਦਾ ਡਾਕਟਰ ਦੱਸਿਆ ਜਾ ਰਿਹਾ ਹੈ ਅਤੇ ਬੀਤੇ ਦਿਨਾਂ ਤੋਂ ਪ੍ਰੇਸ਼ਾਨ ਸੀ। ਦਿੱਲੀ ਪੁਲੀਸ ਅਤੇ ਖੁਫੀਆ ਬਿਊਰੋ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਗਈ। ਭਾਜਪਾ ਵੱਲੋਂ ਸ਼ਿਕਾਿੲਤ ਦਰਜ ਨਾ ਕਰਵਾਏ ਜਾਣ ਕਰਕੇ ਉਸ ਨੂੰ ਬਾਅਦ ’ਚ ਛੱਡ ਦਿੱਤਾ ਗਿਆ। ਸ੍ਰੀ ਨਰਸਿਮ੍ਹਾ ਰਾਓ ਜਦੋਂ ਭੁਪਿੰਦਰ ਯਾਦਵ ਨਾਲ ਮਿਲ ਕੇ ਸਾਧਵੀ ਪ੍ਰੱਗਿਆ ਬਾਰੇ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਤਾਂ ਸ਼ਕਤੀ ਭਾਰਗਵ ਨੇ ਉਨ੍ਹਾਂ ਵੱਲ ਅਚਾਨਕ ਜੁੱਤਾ ਉਛਾਲ ਦਿੱਤਾ। ਇਸ ਨਾਲ 2009 ਦੀ ਉਹ ਘਟਨਾ ਤਾਜ਼ਾ ਹੋ ਗਈ ਜਦੋਂ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਜਰਨੈਲ ਸਿੰਘ ਨੇ ਯੂਪੀਏ ਸਰਕਾਰ ਦੇ ਮੰਤਰੀ ਪੀ ਚਿਦੰਬਰਮ ਵੱਲ ਜੁੱਤੀ ਵਗਾਹ ਮਾਰੀ ਸੀ।
ਭਾਜਪਾ ਆਗੂ ਨਲਿਨ ਕੋਹਲੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਵਿਅਕਤੀ ਨੇ ਕਿਸੇ ਦੇ ਕਹਿਣ ’ਤੇ ਇਹ ਕਾਰਾ ਕੀਤਾ ਹੈ ਤਾਂ ਇਹ ਦੁੱਖ ਵਾਲੀ ਗੱਲ ਹੈ। ‘ਇਹ ਮਰਿਆਦਾ ਵਾਲਾ ਵਿਹਾਰ ਨਹੀਂ ਹੈ ਅਤੇ ਲੋਕਤੰਤਰ ਵਿੱਚ ਇਸ ਲਈ ਕੋਈ ਥਾਂ ਨਹੀਂ ਹੈ।’
ਸ਼ਕਤੀ ਭਾਰਗਵ ਦੇ ਪਰਿਵਾਰ ਦਾ ਕਾਨਪੁਰ ’ਚ ਵੱਡਾ ਹਸਪਤਾਲ ਹੈ। ਸੂਤਰਾਂ ਮੁਤਾਬਕ ਉਹ ਪਰਿਵਾਰ ਤੋਂ ਵੱਖ ਰਹਿੰਦਾ ਹੈ ਅਤੇ ਉਸ ਕੋਲ ਬੇਨਾਮੀ ਜਾਇਦਾਦ ਹੋਣ ਬਾਰੇ ਵੀ ਜਾਣਕਾਰੀ ਮਿਲੀ ਹੈ ਜਿਸ ਬਾਰੇ ਆਮਦਨ ਕਰ ਮਹਿਕਮਾ ਜਾਂਚ ਕਰ ਰਿਹਾ ਹੈ। ਦੱਸਿਆ ਗਿਆ ਹੈ ਕਿ ਸ਼ਕਤੀ ਨੇ ਤਿੰਨ ਬੰਗਲੇ ਖ਼ਰੀਦੇ ਅਤੇ 11.5 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। 2018 ’ਚ ਜਾਂਚ ਦੌਰਾਨ ਸ਼ਕਤੀ ਦੇ ਟਿਕਾਣਿਆਂ ਤੋਂ 28 ਲੱਖ ਨਗਦ ਅਤੇ 50 ਲੱਖ ਰੁਪਏ ਮੁੱਲ ਦੇ ਗਹਿਣੇ ਬਰਾਮਦ ਹੋਏ ਸਨ। ਆਮਦਨ ਕਰ ਮਹਿਕਮੇ ਵੱਲੋਂ 10 ਕਰੋੜ ਰੁਪਏ ਦੀ ਕਮਾਈ ਬਾਰੇ ਜਾਂਚ ਕੀਤੀ ਜਾ ਰਹੀ ਹੈ।

Facebook Comment
Project by : XtremeStudioz