Close
Menu

ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਮਾਣੂ ਹਥਿਆਰਾਂ ਬਾਰੇ ਮੋਦੀ ਦੇ ਬਿਆਨ ਦੀ ਤਿੱਖੀ ਆਲੋਚਨਾ, ਗੈਰ-ਜ਼ਿੰਮੇਵਾਰਾਨਾ ਟਿੱਪਣੀ ਦੱਸਿਆ

-- 22 April,2019

‘ਲੋਕ ਸਭਾ ਚੋਣਾਂ ਭਵਿੱਖ ਲਈ ਜੰਗ’

ਅੱਛੇ ਦਿਨ ਉਸ ਦਿਨ ਆਉਣਗੇ, ਜਿਸ ਦਿਨ ਇਨਾਂ ਦਾ ਭੋਗ ਪਵੇਗਾ-ਕੈਪਟਨ ਅਮਰਿੰਦਰ ਸਿੰਘ

ਕੇਪੀ ਨਾਲ ਜਲੰਧਰ ਤੋਂ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੇ ਨਾਮਜ਼ਦਗੀ ਪੱਤਰ ਦਾਖ਼ਲ

ਜਲੰਧਰ, 22 ਅਪ੍ਰੈਲ

ਪ੍ਰਮਾਣੂ ਹਥਿਆਰਾਂ ਬਾਰੇ ਮੋਦੀ ਦੇ ਬਿਆਨ ਨੂੰ ਪੂਰੀ ਤਰਾਂ ਗੈਰ-ਜ਼ਿੰਮੇਵਾਰਾਨਾ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਭਵਿੱਖ ਦੀ ਰਾਖੀ ਲਈ ਕਾਂਗਰਸ ਪਾਰਟੀ ਦੀ ‘ਜੰਗ’ ਵਿੱਚ ਉਸ ਦਾ ਸਮਰਥਨ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੂਬੇ ਨੂੰ ਤਬਾਹੀ ਵੱਲ ਧੱਕਿਆ ਹੈ।

ਸੂਬੇ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਜਲੰਧਰ ਤੋਂ ਪ੍ਰਿਆ ਸ਼ੁਰੂ ਕਰਨ ਮੌਕੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਮਾਣੂ ਜੰਗ ਸਬੰਧੀ ਪ੍ਰਧਾਨ ਮੰਤਰੀ ਦੀ ਧਮਕੀ ਪੂਰੀ ਤਰਾਂ ਗੈਰ-ਜ਼ਿੰਮੇਵਾਰਾਨਾ ਹੈ ਜੋ ਮੁੜ ਜਿੱਤ ਹਾਸਲ ਕਰਨ ਦੀ ਮਨਸ਼ਾ ਨਾਲ ਦਿੱਤੀ ਗਈ ਹੈ। ਇਸ ਮੌਕੇ ਮੁੱਖ ਮੰਤਰੀ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਮੌਜੂਦ ਸਨ।

ਮੁੱਖ ਮੰਤਰੀ ਨਾਲ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਵੀ ਹਾਜ਼ਰ ਸਨ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਸਾਬਕਾ ਸੰਸਦ ਮੈਂਬਰ ਦੇ ਘਰ ਵੀ ਗਏ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕੇਪੀ ਕਾਂਗਰਸ ਦੇ ਸੀਨੀਅਰ ਆਗੂ ਹਨ ਜੋ ਪਾਰਟੀ ਲਈ ਪੂਰੇ ਦਿਲ ਨਾਲ ਮੁਹਿੰਮ ਚਲਾਉਣਗੇ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਤੋਂ ਇਲਾਵਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਹਾਜ਼ਰ ਸਨ।

ਸਾਲ 2017 ਵਿੱਚ ਜਲੰਧਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਵਾਲੇ ਐਡਵੋਕੇਟ ਗੁਲਸ਼ਨ ਸ਼ਰਮਾ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਦਾ ਪਾਰਟੀ ਵਿੱਚ ਆਉਣ ਲਈ ਸਵਾਗਤ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਇਸ ਨਾਲ ਜਲੰਧਰ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ।

ਮੁੱਖ ਮੰਤਰੀ ਨੇ ਬਾਅਦ ਵਿੱਚ ਪੁੱਡਾ ਗਰਾੳੂਂਡ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਇਨਾਂ ਚੋਣਾਂ ਨੂੰ ਦੇਸ਼ ਦੇ ਭਵਿੱਖ ਲਈ ਜੰਗ ਦੱਸਿਆ। ਉਨਾਂ ਕਿਹਾ ਕਿ ਉਹ ਉਸ ਪਾਰਟੀ ਵਿਰੁੱਧ ਲੜ ਰਹੇ ਹਨ ਜਿਸ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਇਕ ਵੀ ਵਾਅਦਾ ਪੂਰਾ ਕਰਨ ਵਿੱਚ ਅਸਫਲ ਰਹੀ। ਮੁੱਖ ਮੰਤਰੀ ਨੇ ਨੋਟਬੰਦੀ, ਜੀ.ਐਸ.ਟੀ. ਆਦਿ ਵਰਗੀਆਂ ਲੋਕ ਵਿਰੋਧੀ ਨੀਤੀਆਂ ਨਾਲ ਦੇਸ਼ ਨੂੰ ਤਬਾਹੀ ਵੱਲ ਧੱਕਣ ਲਈ ਭਾਜਪਾ ਦੀ ਤਿੱਖੀ ਆਲੋਚਨਾ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਰੁਜ਼ਗਾਰੀ ਦੀ ਦਰ ਅੱਜ ਤੱਕ ਸਭ ਤੋਂ ਵੱਧ ਹੈ। ਉਨਾਂ ਨੇ ‘ਅੱਛੇ ਦਿਨਾਂ’ ਬਾਰੇ ਮੋਦੀ ਦੇ ਵਾਅਦੇ ਦੀ ਖਿੱਲੀ ਉਡਾਉਂਦੇ ਹੋਏ ਕਿਹਾ,‘‘ਅੱਛੇ ਦਿਨ, ਉਸ ਦਿਨ ਆਉਣਗੇ ਜਿਸ ਦਿਨ ਇਨਾਂ ਦਾ ਭੋਗ ਪੈ ਜਾਵੇਗਾ।’’

ਮੁੱਖ ਮੰਤਰੀ ਨੇ ਕਿਹਾ ਕਿ ਲੋਕ ਇਨਾਂ ਦੀ ‘ਜੁਮਲੇਬਾਜ਼ੀ’ ਤੋਂ ਹੁਣ ਅੱਕ ਚੁੱਕੇ ਹਨ। ਲੋਕ ਨੌਕਰੀਆਂ ਅਤੇ ਉਦਯੋਗ ਚਾਹੁੰਦੇ ਹਨ। ਉਨਾਂ ਕਿਹਾ ਕਿ ਦੇਸ਼ ਵਾਸੀ ਮੋਦੀ ਸਰਕਾਰ ਨੂੰ ਬਾਹਰ ਦਾ ਰਸਤਾ ਵਿਖਾਉਣਗੇ ਜਿਸ ਨੇ ਪਿਛਲੇ ਪੰਜ ਸਾਲਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਝੂਠ ਮਾਰਨ ਤੋਂ ਇਲਾਵਾ ਕੁਝ ਨਹੀਂ ਕੀਤਾ।

        ਹਥਿਆਰਬੰਦ ਸੈਨਾਵਾਂ ਦਾ ਸਿਆਸੀਕਰਨ ਕੀਤੇ ਜਾਣ ਦੇ ਸ਼ਰਮਨਾਕ ਕਾਰੇ ਲਈ ਪ੍ਰਧਾਨ ਮੰਤਰੀ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫੌਜ ਤੇ ਸੈਨਾਵਾਂ ਮੋਦੀ ਦੀ ਨਿੱਜੀ ਜਾਗੀਰ ਨਹੀਂ ਹੈ ਅਤੇ ਪੁਲਵਾਮਾ ਹਮਲੇ ਤੋਂ ਬਾਅਦ ਕੋਈ ਵੀ ਸਰਕਾਰ ਹੁੰਦੀ, ਉਹ ਇਹੋ ਕਦਮ ਚੁੱਕਦੀ ਜੋ ਉਨਾਂ ਨੇ ਚੁੱਕਿਆ। ਉਨਾਂ ਕਿਹਾ ਕਿ ਹਰ ਰੋਜ਼ ਸਾਡੇ ਫੌਜੀਆਂ ਅਤੇ ਨੀਮ ਫੌਜੀ ਬਲਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਸੈਨਾ ਦੀਆਂ ਕਾਰਵਾਈਆਂ ਦਾ ਸਿਹਰਾ ਆਪਣੇ ਸਿਰ ਬੰਨ ਰਹੇ ਹਨ।

ਮੁੱਖ ਮੰਤਰੀ ਨੇ ਸਾਧਵੀ ਪ੍ਰੱਗਿਆ ਨੂੰ ਟਿਕਟ ਦੇਣ ’ਤੇ ਭਾਜਪਾ ਦੀ ਸਖ਼ਤ ਆਲੋਚਨਾ ਕੀਤੀ ਜੋ ਖੁੱਲੇਆਮ ਫੁੱਟਪਾੳੂ ਅਤੇ ਨਫਰਤ ਭਰੇ ਭਾਸ਼ਣ ਕਰਨ ਤੋਂ ਇਲਾਵਾ ਵਰਦੀਧਾਰੀ ਜਵਾਨਾਂ ਦਾ ਅਪਮਾਨ ਕਰ ਰਹੀ ਹੈ। ਉਨਾਂ ਕਿਹਾ,‘‘ਭਾਰਤ ਦੇ ਲੋਕਾਂ ਨੂੰ ਵੰਡਣ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਅਜਿਹੇ ਲੋਕਾਂ ਨੂੰ ਜਾਣ-ਬੁੱਝ ਕੇ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ।’’ ਉਨਾਂ ਕਿਹਾ ਕਿ ਦੇਸ਼ ਵਾਸੀ ਸੱਤਾਧਾਰੀ ਧਿਰ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਖਾਤਰ ਮੁਲਕ ਦੇ ਸ਼ਾਂਤੀਮਈ ਮਾਹੌਲ ਵਿੱਚ ਕੁੜੱਤਣ ਪੈਦਾ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ’ਚ ਵੰਡੀਆਂ ਪਾਉਣ ਦਾ ਨਹੀਂ ਹੁੰਦਾ, ਉਨਾਂ ਦੀ ਭਲਾਈ ਕਰਨਾ ਹੁੰਦਾ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਗੱਲ ਨੂੰ ਸਮਝਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਘਟਾਉਣ ਵੱਲ ਧਿਆਨ ਦਿੱਤਾ ਜਾਵੇ। 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਲੋਕਾਂ ਦੀ ਭਲਾਈ ਤੇ ਸਮਾਜ ਦੇ ਸਾਰੇ ਤਬਕਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨਾਂ ਨੇ 10.25 ਲੱਖ ਸੀਮਾਂਤ ਤੇ ਛੋਟੇ ਕਿਸਾਨਾਂ ਤੋਂ ਇਲਾਵਾ ਬੇਜ਼ਮੀਨੇ ਕਿਰਤੀਆਂ ਦੇ ਕਰਜ਼ੇ ਮੁਆਫ ਕਰਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਰਕਾਰ ਦੇ ‘ਘਰ ਘਰ ਰੁਜ਼ਗਾਰ ਤੇ ਕਾਰੋਬਾਰ’ ਸਕੀਮ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਤੇ ਸਵੈ-ਰੁਜ਼ਗਾਰ ਲਈ ਸਹਿਯੋਗ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਸਰਕਾਰ ਹਰੇਕ ਨੂੰ ਨੌਕਰੀ ਨਹੀਂ ਦੇ ਸਕਦੀ ਜਿਸ ਕਰਕੇ ਵੱਧ ਤੋਂ ਵੱਧ ਉਦਯੋਗ ਅਤੇ ਪ੍ਰਾਈਵੇਟ ਉੱਦਮੀ ਸੂਬੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਰੁਜ਼ਗਾਰ ਦੇ ਮੌਕੇ ਸਿਰਜੇ ਜਾ ਸਕਣ। ਉਨਾਂ ਨੇ ਜਲੰਧਰ ਵਿੱਚ ਉਦਯੋਗਿਕ ਖੇਤਰ ਦੀ ਸਥਾਪਨਾ ਦਾ ਸੰਕੇਤ ਦਿੱਤਾ ਜਿਸ ਤਹਿਤ ਨਵੇਂ ਉਦਯੋਗ ਲਿਆਉਣ ਤੋਂ ਇਲਾਵਾ ਸਨਅਤੀ ਵਿਕਾਸ ਨੂੰ ਹੋਰ ਉਤਸ਼ਾਹਤ ਕੀਤਾ ਜਾਵੇਗਾ।

ਕਾਂਗਰਸ ਪਾਰਟੀ ਦੇ ਉਮੀਦਵਾਰ ਵੱਲੋਂ ਅੱਜ ਇੱਥੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਨਾਲ ਕਾਂਗਰਸ ਦੇ ‘ਮਿਸ਼ਨ-13’ ਨੂੰ ਹੋਰ ਹੁਲਾਰਾ ਮਿਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਲਕੇ ਤੋਂ ਇਕ ਦਿਨ ਵਿੱਚ ਦੋ ਨਾਮਜ਼ਦਗੀਆਂ ਦਾਇਰ ਹੋਣ ਨਾਲ ਗਤੀ ਹੋਰ ਤੇਜ਼ ਹੋਵੇਗੀ।

ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾਵਾਂ ਵਿੱਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਰਾਣਾ ਗੁਰਜੀਤ ਸਿੰਘ, ਅਵਤਾਰ ਹੈਨਰੀ, ਸੁਸ਼ੀਲ ਕੁਮਾਰ ਰਿੰਕੂ, ਪਰਗਟ ਸਿੰਘ, ਰਾਜਿੰਦਰ ਬੇਰੀ, ਹਰਦੇਵ ਲਾਡੀ ਅਤੇ ਚੌਧਰੀ ਸੁਰਿੰਦਰ ਸਿੰਘ ਵੀ ਹਾਜ਼ਰ ਸਨ।

Facebook Comment
Project by : XtremeStudioz