Close
Menu

ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਮੁਕਤ ਭਾਰਤ ਦਾ ਸੱਦਾ

-- 16 May,2019

ਕੇਂਦਰ ਵਿੱਚ ਅਗਲੀ ਸਰਕਾਰ ਯੂ.ਪੀ.ਏ.-3 ਦੀ ਬਣੇਗੀ

ਪਟਿਆਲਾ ਬਾਰ ਐਸੋਸੀਏਸ਼ਨ ਅਤੇ ਡੇਰਾ ਬੱਸੀ ਦੇ ਲੋਕਾਂ ਨਾਲ ਚੋਣ ਮਗਰੋਂ ਮੰਗਾਂ ਹੱਲ ਕਰਨ ਦਾ ਵਾਅਦਾ

ਪਟਿਆਲਾ/ਡੇਰਾ ਬੱਸੀ, 16 ਮਈ

ਦੇਸ਼ ਦੀ ਏਕਤਾ ਅਤੇ ਭਵਿੱਖ ਦੀ ਸੁਰੱਖਿਆ ਲਈ ਭਾਜਪਾ ਮੁਕਤ ਭਾਰਤ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਦੇਸ਼ ਦੀਆਂ ਧਰਮ ਨਿਰਪੱਖ ਤੰਦਾਂ ਨੂੰ ਬਚਾਉਣ ਅਤੇ ਇਸ ਨੂੰ ਵਿਕਾਸ ਦੇ ਮਾਰਗ ‘ਤੇ ਲਿਜਾਣ ਲਈ ਯੂ.ਪੀ.ਏ.-3 ਸਰਕਾਰ ਦੇਸ਼ ਦੀ ਵਾਗਡੋਰ ਸੰਭਾਲੇਗੀ।

ਪਟਿਆਲਾ ਜੁਡੀਸ਼ਰੀ ਕੰਪਲੈਕਸ ਵਿੱਚ ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਅਤੇ ਡੇਰਾ ਬੱਸੀ ਵਿਖੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਗੈਰ-ਰਸਮੀ ਗੱਲਬਾਤ ਦੌਰਾਨ ਇਹ ਵਿਚਾਰ ਪ੍ਰਗਟ ਕੀਤੇ।

ਬਾਰ ਐਸੋਸੀਏਸ਼ਨ ਨੇ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਜੁਡੀਸ਼ਲ ਕੰਪਲੈਕਸ ਦੇ ਵਿਕਾਸ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ ਜਿਸ ਵਿੱਚ ਨਵੇਂ ਚੈਂਬਰ ਬਣਾਉਣ ਤੋਂ ਇਲਾਵਾ ਵਕੀਲਾਂ ਲਈ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਘੁੰਮਣ ਅਤੇ ਵੀ.ਪੀ. ਸ਼ਿਵਮ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਸਾਡੇ ਪਰਿਵਾਰ ਵਾਂਗ ਹਨ ਜਿਨ੍ਹਾਂ ਨੇ ਬਾਰ ਐਸੋਸੀਏਸ਼ਨ ਅਤੇ ਪਟਿਆਲਾ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ ਜਦਕਿ ਪਿਛਲੀ ਸਰਕਾਰ ਨੇ ਇਸ ਨੂੰ ਪੂਰੀ ਤਰ੍ਹਾਂ ਅਣਗੌਲੀ ਰੱਖਿਆ।

ਪਹਿਲਾ ਬਾਰ ਐਸੋਸੀਏਸ਼ਨ ਅਤੇ ਬਾਅਦ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੀ ਧਰਮ ਨਿਰਪੱਖਤਾ ਨੂੰ ਵੱਡੀ ਢਾਹ ਲਾਈ ਹੈ ਜੋ ਕਿ ਭਾਰਤ ਦੀ ਮਜ਼ਬੂਤੀ ਹੈ। ਉਨ੍ਹਾਂ ਕਿਹਾ ਕਿ ਇਹ ਧਰਮ ਨਿਰਪੱਖਤਾ ਹੁਣ ਭਾਰੀ ਖਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਦੇਸ਼ ਇਸ ਵੇਲੇ ਗੰਭੀਰ ਸਮੇਂ ‘ਚੋਂ ਗੁਜ਼ਰ ਰਿਹਾ ਹੈ ਜਿਸ ਕਰਕੇ ਦੇਸ਼ ਅਤੇ ਲੋਕਾਂ ਦੇ ਭਵਿੱਖ ਦੇ ਹਿੱਤ ਵਿੱਚ ਇਸ ਵਿੱਚ ਪਰਿਵਰਤਨ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਕਾਸ ਚਾਹੀਦਾ ਹੈ ਨਾ ਕਿ ਵੰਡੀਆਂ ਪਾਉਣਾ।

ਕੈਪਟਨ ਅਮਰਿੰਦਰ ਸਿੰਘ ਨੇ ਸੌੜੇ ਸਿਆਸੀ ਹਿੱਤਾਂ ਲਈ ਲੋਕਾਂ ਦਾ ਧਰੁਵੀਕਰਨ ਕਰਨ ਵਾਸਤੇ ਧਰਮ ਦੀ ਸਿਆਸਤ ਖੇਡਣ ਵਾਲੇ ਅਕਾਲੀਆਂ ‘ਤੇ ਵਰ੍ਹਦਿਆਂ ਦੋਸ਼ ਲਾਇਆ ਇਨ੍ਹਾਂ ਨੇ 10 ਸਾਲਾਂ ਵਿੱਚ ਸੂਬੇ ਦਾ ਭੱਠਾ ਬਿਠਾ ਦਿੱਤਾ ਜਿਵੇਂ ਕਿ ਭਾਜਪਾ ਨੇ ਪੰਜ ਸਾਲਾਂ ਵਿੱਚ ਮੁਲਕ ਦਾ ਬੇੜਾ ਡੋਬ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਸ਼ਾਸਨਕਾਲ ਦੌਰਾਨ ਬੇਅਦਬੀ ਦੀ ਇਕ ਤੋਂ ਬਾਅਦ ਇਕ ਘਟਨਾ ਇਹ ਸਿੱਧ ਕਰਦੀ ਹੈ ਕਿ ਇਹ ਲੋਕ ਧਰਮ ਦੇ ਨਾਂ ‘ਤੇ ਸਿਆਸਤ ਕਰਨ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਨੇ ਅਕਾਲੀਆਂ ਵੱਲੋਂ ਬਰਗਾੜੀ ਅਤੇ ਬੇਅਦਬੀ ਦੀਆਂ ਹੋਰ ਘਟਨਾਵਾਂ ਰਾਹੀਂ ਭਾਈਚਾਰਿਆਂ ‘ਚ ਵੰਡੀਆਂ ਪਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਦੀ ਸਖ਼ਤ ਆਲੋਚਨਾ ਕੀਤੀ।

ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਮੋਦੀ ਨੇ ਫਿਰਕੂਪੁਣੇ ਨੂੰ ਹਵਾ ਕੇ ਮੁਲਕ ਨੂੰ ਤੋੜਨ ਦੀ ਸੋਚੀ ਪਾਲੀ ਹੋਈ ਹੈ ਜਦਕਿ ਲੋਕ ਇਸ ਦੇ ਪੂਰੀ ਤਰ੍ਹਾਂ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਭਾਰਤ ਨੂੰ ਭਾਜਪਾ ਮੁਕਤ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਸਿਆਸੀ ਸਫਲਤਾ ਦੀ ਟੀਸੀ ‘ਤੇ ਪਹੁੰਚ ਚੁੱਕੀ ਹੈ ਅਤੇ ਹੁਣ ਮੂਧੇ-ਮੂੰਹ ਡਿੱਗਣ ਲੱਗੀ ਹੈ। ਉਨ੍ਹਾਂ ਕਿਹਾ ਕਿ ਉਤਰਾਅ-ਚੜ੍ਹਾਅ ਜਮਹੂਰੀ ਸਿਆਸਤ ਦਾ ਹਿੱਸਾ ਹਨ ਅਤੇ ਕੁਝ ਸਮਾਂ ਕਾਂਗਰਸ ਵੀ ਪੱਛੜੀ ਰਹੀ ਹੈ ਪਰ ਹੁਣ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਵਿੱਚ ਸੱਤਾ ਤਬਦੀਲੀ ਲਈ ਲੋਕਾਂ ਦੀ ਇੱਛਾ ਮੁਤਾਬਕ ਯੂ.ਪੀ.ਏ.-3 ਉੱਭਰ ਕੇ ਸਾਹਮਣੇ ਆਵੇਗਾ।

ਗੁਰਦਾਸਪੁਰ ਵਿੱਚ ਚੋਣ ਮੁਕਾਬਲੇ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਥੇ ਸੁਨੀਲ ਜਾਖੜ ਨਹੀਂ ਸਗੋਂ ਸਨੀ ਦਿਓਲ ਪੂਰੀ ਤਰ੍ਹਾਂ ਪੱਛੜਣ ਦੀ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਭਾਜਪਾ ਨੂੰ ਕੋਈ ਸਥਾਨਕ ਉਮੀਦਵਾਰ ਨਹੀਂ ਲੱਭਾ ਜਿਸ ਕਰਕੇ ਬੁਖਲਾਹਟ ਵਿੱਚ ਆ ਕੇ ਸਨੀ ਦਿਓਲ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲਿਆ।

ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਸੀ ਅਤੇ ਪੰਜਾਬ ਦਾ ਹੀ ਰਹੇਗਾ ਅਤੇ ਹਰਿਆਣਾ ਵੱਲੋਂ ਆਪਣੇ ਪੈਸੇ ਨਾਲ ਵੱਖਰੀ ਰਾਜਧਾਨੀ ਲਈ ਸ਼ਹਿਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਰੱਖਿਆ ਫੋਰਸਾਂ ਦੇ ਧਰੁਵੀਕਰਨ ਲਈ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਫੋਰਸਾਂ ਹਮੇਸ਼ਾ ਹੀ ਨਿਰਪੱਖ ਰਹੀਆਂ ਹਨ ਅਤੇ ਇਨ੍ਹਾਂ ਦਾ ਚਰਿੱਤਰ ਧਰਮ ਨਿਰਪੱਖ ਰਿਹਾ ਹੈ।

ਇਸ ਤੋਂ ਪਹਿਲਾਂ ਡੇਰਾਬੱਸੀ ਵਿਖੇ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਰਹੱਦ ‘ਤੇ ਦੁਸ਼ਮਣਾਂ ਨਾਲ ਲੜਣ ਦਾ ਸਿਹਰਾ ਆਪਣੇ ਸਿਰ ਨਹੀਂ ਬੰਨਿਆ ਜਿਵੇਂ ਕਿ ਮੋਦੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਥਲ ਅਤੇ ਹਵਾਈ ਫੌਜਾਂ ਦੀਆਂ ਪ੍ਰਾਪਤੀਆਂ ਉੱਤੇ ਪੰਜਾਬ ਨੂੰ ਮਾਣ ਹੈ ਪਰ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਜੰਗ ਨਹੀਂ ਚਾਹੁੰਦਾ। ਜੰਗ ਲੱਗਣ ਦੀ ਸੂਰਤ ਵਿਚ ਪੰਜਾਬ ਨੂੰ ਹੀ ਸਭ ਤੋਂ ਵੱਧ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਪਟਿਆਲਾ ਬਾਰ ਅਤੇ ਡੇਰਾ ਬੱਸੀ ਵਿਖੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਪੂਰੀ ਤਰ੍ਹਾਂ ਜਾਣੂ ਹਨ ਪਰ ਚੋਣ ਜ਼ਾਬਤੇ ਦੇ ਮੱਦੇਨਜ਼ਰ ਉਹ ਰਾਹਤ ਕਦਮਾਂ ਬਾਰੇ ਕੁਝ ਵੀ ਐਲਾਨ ਨਹੀਂ ਕਰ ਸਕਦੇ। ਉਨ੍ਹਾਂ ਨੇ ਬਾਰ ਐਸੋਸੀਏਸ਼ਨ ਅਤੇ ਡੇਰਾ ਬੱਸੀ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।

ਪੰਜਾਬ ਵਿਚ ਪਿਛਲੀ ਸਰਕਾਰ ਦੇ ਦੁਰਪ੍ਰਬੰਧ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਤੀ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ। ਇੱਥੋਂ ਤੱਕ ਕਿ ਇਸ  ਨਾਲ ਸੂਬੇ ਦੇ ਲੋਕਾਂ ਨੂੰ ਵੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਰੁਜ਼ਗਾਰੀ ਅਤੇ ਆਰਥਿਕ ਸਮੱਸਿਆਵਾਂ ਲਈ ਉਦਯੋਗੀਕਰਨ ਨੂੰ ਇਕੋ ਇੱਕ ਹੱਲ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਟਿਆਲਾ ਨੂੰ ਉਦਯੋਗ ਦਾ ਧੁਰਾ ਬਣਾਵੇਗੀ ਅਤੇ ਪਟਿਆਲਾ ਦੇ ਨੌਜਵਾਨਾਂ ਲਈ ਇੱਕ ਲੱਖ ਨੌਕਰੀਆਂ ਪੈਦਾ ਕਰੇਗੀ।

ਕਿਸਾਨੀ ਖੁਦਕੁਸ਼ੀਆਂ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਾਸਤੇ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਵਾਅਦਾ ਕੀਤਾ ਹੈ ਜੋ ਕਿ ਕਿਸਾਨੀ ਸਮੱਸਿਆਵਾਂ ਦੇ ਸਥਾਈ ਹੱਲ ਦਾ ਇਕੋ ਇੱਕ ਰਾਹ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਖੇਤੀ ਕਰਜ਼ਾ ਮੁਆਫੀ ਸਕੀਮ ਰਾਹੀਂ ਕਿਸਾਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ।

ਨੋਟਬੰਦੀ ਅਤੇ ਜੀ.ਐਸ.ਟੀ ਦੇ ਨਾਲ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਉਸ ਸਮੇਂ ਪੰਜਾਬ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦੀ ਸਰਕਾਰ ਨੂੰ ਤਨਖਾਹਾਂ ਦੇਣ ਵਿਚ ਵੀ ਦੇਰੀ ਕਰਨੀ ਪਈ।

ਦੇਸ਼ ਦੇ ਭਵਿੱਖ ਲਈ ਇਹ ਚੋਣਾਂ ਫੈਸਲਾਕੁੰਨ ਹੋਣ ਦਾ ਜ਼ਿਕਰ ਕਰਦਿਆਂ ਪਰਨੀਤ ਕੌਰ ਨੇ ਵੀ ਭਾਰਤ ਦੀ ਧਰਮ ਨਿਰਪੱਖਤਾ ਦੀ ਮਜ਼ਬੂਤੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਵੰਡੀਆਂ ਪਾਉਣ ਵਾਲੀ ਸਰਕਾਰ ਨਹੀਂ ਚਾਹੁੰਦੇ। ਮੋਦੀ ਆਪਣੇ ਕੰਮਾਂ ਦੇ ਅਧਾਰ ਉੱਤੇ ਲੋਕਾਂ ਨੂੰ ਵੋਟ ਪਾਉਣ ਲਈ ਨਹੀਂ ਆਖ ਰਿਹਾ ਸਗੋਂ ਉਹ ਸ਼ਹੀਦ ਫੌਜੀਆਂ ਦੇ ਨਾਂ ਉੱਤੇ ਵੋਟ ਮੰਗ ਰਿਹਾ ਹੈ। ਉਨ੍ਹਾਂ ਨੇ ਵੋਟ ਪਾਉਣ ਵਾਸਤੇ ਲੋਕਾਂ ਨੂੰ ਆਪਣੇ ਦਿਲ ਦੀ ਆਵਾਜ਼ ਸੁਣਨ ਦੀ ਅਪੀਲ ਕੀਤੀ ਅਤੇ ਅਜਿਹਾ ਕਰਦੇ ਹੋਏ ਦੇਸ਼ ਆਪਣੇ ਹਿੱਤਾਂ ਨੂੰ ਧਿਆਨ ਵਿਚ ਰੱਖਣ ਲਈ ਕਿਹਾ।

ਉਨ੍ਹਾਂ ਨੇ ਡੇਰਾ ਬੱਸੀ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਖਿੱਤੇ ਦੇ ਸਾਰੇ ਲੰਬਿਤ ਪਏ ਵਿਕਾਸ ਕਾਰਜ ਅਗਲੇ ਤਿੰਨ ਸਾਲਾਂ ਵਿਚ ਮੁਕੰਮਲ ਹੋ ਜਾਣਗੇ।

ਪਰਨੀਤ ਕੌਰ ਨੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੇ ਵੱਖ ਵੱਖ ਵਾਅਦਿਆਂ ਦਾ ਵੀ ਜ਼ਿਕਰ ਕੀਤਾ ਅਤੇ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ।

Facebook Comment
Project by : XtremeStudioz