Close
Menu

ਚਿੰਤੋ ਲੂੰਬੜੀ

-- 17 May,2017

ਚਿੰਤੋ ਲੂੰਬੜੀ ਇੱਕ ਬੁੱਢੇ ਖ਼ਰਗੋਸ਼ ਦਾ ਪਿੱਛਾ ਕਰਦੀ ਹੋਈ ਡੂੰਘੀ ਖੱਡ ਵਿੱਚ ਜਾ ਡਿੱਗੀ। ਖੱਡ ਵਿੱਚੋਂ ਬਾਹਰ ਨਿਕਲਣ ਲਈ ਉਸ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੀ। ਅਖੀਰ ਉਹ ਥੱਕ-ਹਾਰ ਪਿਛਲੀਆਂ ਲੱਤਾਂ ਦੇ ਸਹਾਰੇ ਬੈਠ ਕੇ ਕੁਝ ਸੋਚਣ ਲੱਗ ਗਈ।
ਇੰਨੇ ਵਿੱਚ ਜੱਬੂ ਸ਼ੇਰ ਸ਼ਿਕਾਰ ਦੀ ਭਾਲ ਕਰਦਾ ਹੋਇਆ ਉਸ ਖੱਡ ਦੇ ਕੋਲ ਪੁੱਜਾ ਜਿਸ ਵਿੱਚ ਬੈਠੀ ਚਿੰਤੋ ਲੂੰਬੜੀ ਹਟਕੋਰੇ ਭਰ-ਭਰ ਕੇ ਰੋ ਰਹੀ ਸੀ। ਜੱਬੂ ਨੇ ਚਿੰਤੋ ਦੀਆਂ ਚੀਕਾਂ ਸੁਣੀਆਂ ਤੇ ਖੱਡ ਦੇ ਨਜ਼ਦੀਕ ਜਾ ਕੇ ਉਸ ਨੇ ਦੇਖਿਆ ਕਿ ਚਿੰਤੋ ਨੇ ਮੂੰਹ ਉਤਾਂਹ ਵੱਲ ਨੂੰ ਚੁੱਕਿਆ ਹੋਇਆ ਹੈ ਅਤੇ ਉਹ ਉੱਚੀ ਉੱਚੀ ਚੀਕਾਂ ਮਾਰ ਕੇ ਰੋ ਰਹੀ ਸੀ।
‘‘ਕੀ ਗੱਲ ਹੋ ਗਈ … ਬਹੁਤੀਏ ਸਿਆਣੀਏ?’’ ਲੂੰਬੜੀ ਵੱਲ ਮੂੰਹ ਕਰ ਕੇ ਜੱਬੂ ਸ਼ੇਰ ਨੇ ਪੁੱਛਿਆ।
ਜੱਬੂ ਸ਼ੇਰ ਦੀ ਆਵਾਜ਼ ਸੁਣ ਚਿੰਤੋ ਲੂੰਬੜੀ ਇਕਦਮ ਸੰਭਲ ਗਈ ਤੇ ਆਪਣੇ ਚਿਹਰੇ ’ਤੇ ਬਨਾਉਟੀ ਚਿੰਤਾ ਲਿਆਉਂਦੀ ਹੋਈ ਬੋਲੀ ‘‘ਚੰਗਾ ਹੋਇਆ, ਤੂੰ ਆ ਗਿਆ ਭਰਾਵਾ। ਮੈਂ ਤਾਂ ਸੰਘ ਪਾੜ-ਪਾੜ ਸਭ ਨੂੰ ਦੱਸਦੀ ਆਈ ਆਂ ਬਈ ਜੇ ਬਚ ਹੁੰਦਾ ਹੈ ਤਾਂ ਅੱਜ ਬਚ ਜੋ।’’
‘‘ਭੈਣ ਮੇਰੀਏ, ਆਖਰ ਗੱਲ ਕੀ ਆ…ਕੁਝ ਪਤਾ ਵੀ ਤਾਂ ਲੱਗੇ?’’ ਚਿੰਤੋ ਦੀ ਗੱਲ ਸੁਣ ਕੇ ਹੈਰਾਨ ਹੋਏ ਜੱਬੂ ਸ਼ੇਰ ਨੇ ਪੁੱਛਿਆ।
‘‘ਵੀਰਾ, ਮੈਨੂੰ ਤਾਂ ਨਦੀਓਂ ਪਾਰ ਵਾਲੇ ਜੰਗਲ ਵਿੱਚੋਂ ਪਤਾ ਲੱਗਿਆ ਬਈ ਅੱਜ ਸ਼ਾਮ ਤਕ ਆਸਮਾਨ ਨੇ ਧਰਤੀ ’ਤੇ ਡਿੱਗ ਪੈਣਾ ਤੇ ਆਪਣੇ ਵਰਗਿਆਂ ਨੇ ਥੱਲੇ ਆ ਜਾਣਾ।’’
‘‘ਭੈਣ ਮੇਰੀਏ, ਜੇ ਇਹ ਗੱਲ ਸੱਚੀਂ ਵਾਪਰ ਗਈ ਫੇਰ ਤਾਂ ਆਪਣਾ ਨਾਮ-ਨਿਸ਼ਾਨ ਵੀ ਨਹੀਂ ਰਹਿਣਾ।’’ ਚਿੰਤੋ ਲੂੰਬੜੀ ਦੀਆਂ ਗੱਲਾਂ ਦੇ ਜਾਲ਼ ਵਿੱਚ ਫਸ ਚੁੱਕਿਆ ਜੱਬੂ ਸ਼ੇਰ ਪੂਰੀ ਤਰ੍ਹਾਂ ਡਰ ਗਿਆ।
‘‘ਆਹੀ ਗੱਲ ਸੋਚ ਕੇ ਤਾਂ ਮੈਂ ਏਸ ਖੱਡ ਵਿੱਚ ਆ ਕੇ ਬੈਠੀ ਹਾਂ।’’ ਚਿੰਤੋ ਅੱਗੇ ਬੋਲੀ ‘‘ਚਲੋ ਜੇ ਆਸਮਾਨ ਧਰਤੀ ’ਤੇ ਆ ਡਿੱਗਿਆ ਤਾਂ ਏਸ ਖੱਡ ਵਿੱਚ ਮੇਰਾ ਕੋਈ ਨੁਕਸਾਨ ਨਹੀਂ ਹੋਊਗਾ…ਮੈਨੂੰ ਤਾਂ ਇਹ ਖੱਡ ਮਸਾਂ ਲੱਭੀ ਏ।’’
‘‘ਭੈਣੇ, ਗੱਲ ਤਾਂ ਤੇਰੀ ਸੋਲ੍ਹਾਂ ਆਨੇ ਸਹੀ ਆ।’’ ਜੱਬੂ ਸ਼ੇਰ ਵਿਚਾਰਾ ਜਿਹਾ ਬਣ ਕੇ ਬੋਲਿਆ ‘‘ਭੈਣੇ ਜੇ ਤੂੰ ਮੈਨੂੰ ਵੀ ਥੋੜ੍ਹੀ ਜਿਹੀ ਥਾਂ ਦੇ ਦੇਵੇਂ ਤਾਂ ਰੱਬ ਦੀ ਕਰੋਪੀ ਤੋਂ ਮੈਂ ਵੀ ਬਚ ਜਾਵਾਂਗਾ।’’
‘‘ਭਾਈਆਂ ਤੋਂ ਵੱਧ ਪਿਆਰਿਆ, ਤੇਰੀ ਖਾਤਰ ਤਾਂ ਮੈਂ ਏਹ ਜਗ੍ਹਾ ਛੱਡ ਵੀ ਸਕਦੀ ਹਾਂ।’’ ਜੱਬੂ ਨੂੰ ਚੰਗੀ ਤਰ੍ਹਾਂ ਬੁੱਧੂ ਬਣਾਉਂਦੀ ਹੋਈ ਚਿੰਤੋ ਲੂੰਬੜੀ ਬੋਲੀ ‘‘ਹਾਂ ਜੇ ਤੂੰ ਇੱਥੇ ਮੇਰੇ ਕੋਲ ਈ ਬੈਠਣਾ ਚਾਹੇਂ ਤਾਂ ਤੇਰੇ ਜੋਗੀ ਥਾਂ ਤਾਂ ਹੈਗੀ ਆ।’’
ਚਿੰਤੋ ਨੇ ਆਪਣੀ ਗੱਲ ਪੂਰੀ ਕੀਤੀ ਹੀ ਸੀ ਕਿ ਜੱਬੂ ਨੇ ਖੱਡ ਵਿੱਚ ਛਾਲ ਮਾਰ ਦਿੱਤੀ।
ਖੱਡ ਵਿੱਚ ਡਿੱਗਿਆ ਜੱਬੂ ਆਪਣੇ ਆਪ ਨੂੰ ਸੰਭਾਲਦਾ ਖੜ੍ਹਾ ਹੋਇਆ ਹੀ ਸੀ ਕਿ ਚਿੰਤੋ ਲੂੰਬੜੀ ਬੜੀ ਫੁਰਤੀ ਨਾਲ ਜੱਬੂ ਸ਼ੇਰ ਦੀ ਪਿੱਠ ’ਤੇ ਚੜ੍ਹੀ ਤੇ ਥੋੜ੍ਹਾ ਜਿਹਾ ਉੱਛਲ ਕੇ ਖੱਡ ਵਿੱਚੋਂ ਬਾਹਰ ਆ ਗਈ।
ਖੱਡ ਦੇ ਕਿਨਾਰੇ ’ਤੇ ਖੜ੍ਹ ਚਿੰਤੋ ਲੂੰਬੜੀ ਮੁਸਕਰਾਉਂਦੀ ਹੋਈ ਬੋਲੀ ‘‘ਓ ਜੰਗਲ ਦਿਆ ਰਾਜਿਆ!…ਮੈਂ ਮੁਸੀਬਤ ’ਚ ਫਸੀ ਹੋਈ ਸੀ। ਇਸ ਖੱਡ ਵਿੱਚੋਂ ਬਾਹਰ ਨਿਕਲਣ ਲਈ ਕੋਈ ਰਾਹ ਨਹੀਂ ਦਿਸ ਰਿਹਾ ਸੀ। ਇਸ ਕਰਕੇ ਮੈਂ ਆਸਮਾਨ ਧਰਤੀ ’ਤੇ ਡਿੱਗ ਪੈਣ ਦੀ ਅਫ਼ਵਾਹ ਛੱਡੀ।
ਤੂੰ ਬਿਨਾਂ ਸੋਚ-ਵਿਚਾਰ ਕੀਤਿਆਂ ਮੇਰੀ ਅਫ਼ਵਾਹ ਨੂੰ ਸੱਚ ਮੰਨ ਬੈਠਾ। ਹੁਣ ਤੂੰ ਵੀ ਚੀਕ-ਚਿਹਾੜਾ ਪਾਵੀਂ। ਮੈਂ ਸੱਚ ਕਹਿ ਰਹੀ ਆਂ ਕਿ ਤੇਰਾ ਹਾਲ ਜਾਨਣ ਲਈ ਕੋਈ ਵੀ ਪਸ਼ੂ-ਪੰਛੀ ਇਸ ਖੱਡ ਨੇੜੇ ਨਹੀਂ ਆਵੇਗਾ ਕਿਉਂਕਿ ਤੇਰੇ ਜ਼ੁਲਮਾਂ ਤੋਂ ਸਭ ਤੰਗ ਨੇ। ਚੰਗਾ, ਮੈਂ ਚੱਲੀ ਜੰਗਲ ਵਿਚਲੇ ਭਾਈਚਾਰੇ ਨੂੰ ਦੱਸਣ ਕਿ ਹੱਸੋ, ਖੇਡੋ ਤੇ ਖ਼ੁਸ਼ੀ ਮਨਾਓ।’’

Facebook Comment
Project by : XtremeStudioz