Close
Menu

ਜਲ, ਥਲ ਤੇ ਆਕਾਸ਼ ’ਚੋਂ ਬਾਹਰ ਆ ਰਹੇ ਨੇ ਰਾਹੁਲ ਦੇ ਘੁਟਾਲੇ: ਮੋਦੀ

-- 06 May,2019

ਸਾਗਰ (ਮੱਧ ਪ੍ਰਦੇਸ਼), 6 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕੇ ਆਧਾਰਿਤ ਫ਼ਰਮ ‘ਬੈਕਔਪਸ’ ਨਾਲ ਕਥਿਤ ਸਾਂਝ ਦੇ ਚਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਫਰਮ ਦਾ ਨਾਂ ਹੀ ਪੁਸ਼ਟੀ ਕਰਦਾ ਹੈ ਕਿ ਕਾਂਗਰਸ ਆਗੂ ਇਸ ਨਾਲ ਪਿਛਲੇ ਦਰਵਾਜ਼ਿਓਂ (ਬੈਕ ਆਫ਼ਿਸ ਅਪਰੇਸ਼ਨਜ਼) ਜੁੜਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜਲ, ਥਲ ਤੇ ਆਕਾਸ਼ ’ਚੋਂ ਕਾਂਗਰਸ ਪ੍ਰਧਾਨ ਦੇ ਘੁਟਾਲੇ ਉਜਾਗਰ ਹੋ ਰਹੇ ਹਨ।
ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠ ਯੂਪੀਏ ਦੇ ਦਸ ਸਾਲਾ ਕਾਰਜਕਾਲ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਥਿਤ ਕਿਹਾ ਕਿ ਕਾਂਗਰਸ ਵੱਲੋਂ ‘ਪਰਿਵਾਰ ਦੇ ਵਫ਼ਾਦਾਰ’ ਸਿੰਘ ਨੂੰ 2004 ਵਿੱਚ ਪ੍ਰਧਾਨ ਮੰਤਰੀ ਬਣਾਉਣ ਨਾਲ ਦੇਸ਼ ਨੇ 21ਵੀਂ ਸਦੀ ਦਾ ਇਕ ਪੂਰਾ ਦਹਾਕਾ ਗੁਆ ਲਿਆ ਕਿਉਂਕਿ ‘ਸ਼ਹਿਜ਼ਾਦਾ’ ਉਦੋਂ ਤਿਆਰ ਨਹੀਂ ਸੀ ਤੇ ਉਦੋਂ ਉਸ ਨੂੰ ‘ਸਿਖਲਾਈ ਦੇਣ’ ਦੇ ਸਾਰੇ ਯਤਨ ਨਾਕਾਮ ਰਹੇ। ਪ੍ਰਧਾਨ ਮੰਤਰੀ ਨੇ ਅਤਿਵਾਦ ਤੇ ਨਕਸਲਵਾਦ ਨੂੰ ਖ਼ਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਸ਼ਹੀਦਾਂ ਦੇ ਖ਼ੂਨ ਦੇ ਹਰ ਕਤਰੇ ਦਾ ਹਿਸਾਬ ਲੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਉੁਹਦੇ ਭਾਈਵਾਲ ਤੀਹਰੇ ਤਲਾਕ ਸਬੰਧੀ ਕਾਨੂੰਨ ਦੇ ਰਾਹ ’ਚ ਅੜਿੱਕਾ ਹਨ, ਪਰ ਇਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਜੁੜੇ ਸਾਰੇ ਘੁਟਾਲੇ ‘ਧਰਤੀ, ਅੰਬਰ ਤੇ ਪਾਣੀ ’ਚੋਂ ਬਾਹਰ ਆ ਰਹੇ ਹਨ। ਯੂਕੇ ਕੰਪਨੀ ਵਿੱਚ ਕਾਂਗਰਸ ਆਗੂ ਦੇ ਕਾਰੋਬਾਰੀ ਭਾਈਵਾਲ ਨੂੰ ਮਹਿਜ਼ ਤਾਲਮੇਲ ਦਾ ਤਜਰਬਾ ਹੋਣ ਦੇ ਬਾਵਜੂਦ ਉਹ ਪਣਡੁੱਬੀ ਦਾ ਠੇਕਾ ਲੈਣ ਵਿੱਚ ਸਫ਼ਲ ਰਿਹਾ। ਯੂਕੇ ਫ਼ਰਮ ਆਧਾਰਿਤ ਫ਼ਰਮ ਨਾਲ ਨੇੜਤਾ ਲਈ ਗਾਂਧੀ ’ਤੇ ਹੱਲਾ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਘੁਟਾਲਾ ਜੱਗ ਜ਼ਾਹਿਰ ਹੋਣ ਮਗਰੋਂ ‘ਨਾਮਦਾਰ ਤੇ ਉਹਦੇ ਰਾਗਦਰਬਾਰੀ’ ਚੁੱਪ ਹੋ ਗਏ ਹਨ। ‘ਬੋਫੋਰਜ਼ ਗੰਨ, ਹੈਲੀਕਾਪਟਰ (ਅਗਸਤਾ ਵੈਸਟਲੈਂਡ) ਤੇ ਹੁਣ ਪਣਡੁੱਬੀ, ਜਿੰਨਾ ਡੂੰਘਾ ਤੁਸੀਂ ਖੋਦੋਗੇ….ਜਲ, ਥਲ ਤੇ ਪਾਣੀ ’ਚੋਂ ਨਾਮਦਾਰਾਂ ਦੇ ਘੁਟਾਲੇ ਸਾਹਮਣੇ ਆਉਣਗੇ। ਮਿਸ਼ੇਲ ਮਾਮਾ ਪਹਿਲਾਂ ਹੀ ਭੇਤ ਖੋਲ੍ਹ ਰਿਹਾ ਹੈ।’ ਯੂਪੀ ਦੇ ਭਦੋਹੀ ਵਿੱਚ ਇਕ ਰੈਲੀ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਮਗਰੋਂ ਦੇਸ਼ ਵਿੱਚ ਚਾਰ ਤਰ੍ਹਾਂ ਦੀਆਂ ਸਰਕਾਰਾਂ, ਪਾਰਟੀਆਂ ਤੇ ਸਿਆਸੀ ਸਭਿਆਚਾਰ- ਨਾਮਪੰਥੀ, ਵਾਮਪੰਥੀ, ਦਾਮ ਤੇ ਦਮਨਪੰਥੀ ਤੇ ਵਿਕਾਸਪੰਥੀ ਰਹੀਆਂ ਹਨ। ਇਨ੍ਹਾਂ ਵਿੱਚੋਂ ਚੌਥੀ, ਵਿਕਾਸਪੰਥੀ ਭਾਜਪਾ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ‘ਮਹਾਮਿਲਾਵਟੀ’ ਮਹਾਂਗਠਜੋੜ ਵਿੱਚ ਸ਼ਾਮਲ ਲੋਕਾਂ ਲਈ ਤਾਕਤ ਦਾ ਮਤਲਬ ਆਪਣੀ ਜਾਇਦਾਦ ਨੂੰ ਦੁੱਗਣਾ ਤਿੱਗਣਾ ਕਰਨਾ ਹੈ।

Facebook Comment
Project by : XtremeStudioz