Close
Menu

ਡਰ ਭੱਜਿਆ ਦੂਰ

-- 14 February,2016

ਜਦੋਂ ਦਾ ਮਿੰਟੂ ਤੋਤੇ ਨੇ ਜੰਗਲ ਵਿੱਚ ਸਕੂਲ ਖੋਲ੍ਹਿਆ ਸੀ ਸਿੱਖਿਆ ਦਾ ਚਾਨਣ ਹਰ ਪਾਸੇ ਫੈਲਣਾ ਸ਼ੁਰੂ ਹੋ ਗਿਆ ਸੀ। ਆਪ ਸ਼ਹਿਰ ਦੇ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਕੇ ਉਹ ਜੰਗਲ ਦੇ ਬਾਕੀ ਜੀਵਾਂ ਨੂੰ ਵੀ ਸਿੱਖਿਆ ਦੇ ਨਾਲ ਜੋੜਨਾ ਚਾਹੁੰਦਾ ਸੀ। ਇਸ ਸਭ ਲਈ ਭਾਵੇਂ ਉਸ ਦੀ ਜੰਗਲ ਵਿੱਚ ਕਿਸੇ ਨੇ ਵੀ ਮਦਦ ਨਹੀਂ ਸੀ ਕੀਤੀ, ਪਰ ਫਿਰ ਵੀ ਉਹ ਸ਼ਹਿਰ ਵਿੱਚ ਆਪਣੇ ਨਾਲ ਪੜ੍ਹਦੇ ਦੋਸਤਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਬਦੌਲਤ ਜੰਗਲ ਵਿੱਚ ਸਕੂਲ ਖੋਲ੍ਹਣ ਵਿੱਚ ਕਾਮਯਾਬ ਹੋ ਗਿਆ ਸੀ ਤੇ ਖ਼ੁਸ਼ੀ-ਖ਼ੁਸ਼ੀ ਸਕੂਲ ਚਲਾ ਰਿਹਾ ਸੀ।
ਭਾਵੇਂ ਅਗਿਆਨਤਾ ਹੋਣ ਕਾਰਨ ਅਜੇ ਬਹੁਤੇ ਜੀਵਾਂ ਨੇ ਆਪਣੇ ਬੱਚੇ ਸਕੂਲ ਵਿੱਚ ਨਹੀਂ ਭੇਜੇ ਸਨ, ਪਰ ਫਿਰ ਵੀ ਸਕੂਲ ਵਿੱਚ ਦਾਖਲ ਹੋਏ 20 ਬੱਚੇ ਉਸ ਨੂੰ ਖ਼ੁਸ਼ੀ ਦੇ ਰਹੇ ਸਨ ਅਤੇ ਉਹ ਆਪਣੇ ਅਧਿਆਪਕਾਂ ਦੁਆਰਾ ਸਿੱਖੇ ਸਿੱਖਿਆ ਦੇ ਮਹੱਤਵ ਨੂੰ ਅੱਗੇ ਵੰਡਣ ਵਿੱਚ ਕਾਮਯਾਬ ਹੋ ਰਿਹਾ ਸੀ। ਚਿੰਕੂ ਬਾਂਦਰ, ਮੋਟੂ ਗਿੱਦੜ ਅਤੇ ਭੋਲੂ ਕਾਂ ਨੇ ਅਜੇ ਤਕ ਆਪਣੇ ਬੱਚੇ ਸਕੂਲ ਵਿੱਚ ਦਾਖ਼ਲ ਨਹੀਂ ਕਰਾਏ ਸਨ, ਪਰ ਉਹ ਹੋਰਾਂ ਨੂੰ ਵੀ ਸਕੂਲ ਵਿੱਚ ਬੱਚੇ ਦਾਖ਼ਲ ਕਰਾਉਣੋਂ ਰੋਕ ਰਹੇ ਸਨ। ਚਿੰਕੂ ਬਾਂਦਰ ਤਾਂ ਇੱਥੋਂ ਤਕ ਕਹਿ ਰਿਹਾ ਸੀ ਕਿ ਮਿੰਟੂ ਨੇ ਜੰਗਲ ਦੇ ਸਭ ਜੀਵਾਂ ਨੂੰ ਵਿਹਲੜ ਬਣਾ ਦੇਣਾ ਹੈ ਤੇ ਆਪ ਉਨ੍ਹਾਂ ਦੇ ਸਿਰ ’ਤੇ ਪੈਸੇ ਬਟੋਰ ਕੇ ਐਸ਼ ਕਰਨੀ ਹੈ। ਇਹ ਗੱਲ ਕਈ ਜਣਿਆਂ ਨੇ ਮਿੰਟੂ ਨੂੰ ਦੱਸ ਵੀ ਦਿੱਤੀ ਸੀ, ਪਰ ਮਿੰਟੂ ਨੂੰ ਆਪਣੇ ਅਧਿਆਪਕਾਂ ਦੀ ਇਹ ਗੱਲ ਯਾਦ ਸੀ ਕਿ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਤਾਂ ਨਿਕੰਮੇ ਲੋਕਾਂ ਨੇ ਲੱਤ ਜ਼ਰੂਰ ਖਿੱਚਣੀ ਹੁੰਦੀ ਹੈ। ਇਸ ਕਰਕੇ ਉਹ ਆਪਣੇ ਬਾਰੇ ਬੋਲੀਆਂ ਜਾ ਰਹੀਆਂ ਬਹੁਤੀਆਂ ਗੱਲਾਂ ’ਤੇ ਧਿਆਨ ਨਹੀਂ ਦਿੰਦਾ ਸੀ। ਉਸ ਦੇ ਅਜਿਹੇ ਵਿਵਹਾਰ ਕਾਰਨ ਹੀ ਹੁਣ ਉਸ ਨੂੰ ਬਾਕੀ ਜੀਵ ਚੰਗੇ ਸੁਭਾਅ ਵਾਲਾ ਵੀ ਆਖਣ ਲੱਗ ਪਏ ਸਨ।
ਚਿੰਕੂ, ਮੋਟੂ ਅਤੇ ਭੋਲੂ ਦੀ ਤਿੱਕੜੀ ਉਸ ਦੇ ਸਕੂਲ ਨੂੰ ਫੇਲ੍ਹ ਕਰਨ ਦੀਆਂ ਵਿਉਂਤਾਂ ਬਣਾਉਂਦੀ ਰਹਿੰਦੀ, ਪਰ ਬੱਚਿਆਂ ਨੂੰ ਸਿਖਾਈਆਂ ਚੰਗੀਆਂ ਗੱਲਾਂ ਸਦਕਾ ਮਿੰਟੂ ਦੇ ਸਕੂਲ ਦਾ ਨਾਂ ਹੋਰ ਰੋਸ਼ਨ ਹੁੰਦਾ ਗਿਆ। ਇੱਕ ਦਿਨ ਮੋਟੂ ਗਿੱਦੜ ਕਹਿਣ ਲੱਗਾ, ‘‘ਭਰਾਵੋ, ਇੰਜ ਤਾਂ ਮਿੰਟੂ ਸਾਰੇ ਜੰਗਲ ਨੂੰ ਨਿਕੰਮਾ ਬਣਾ ਦੇਵੇਗਾ ਤੇ ਅਸੀਂ ਹੱਥ ’ਤੇ ਹੱਥ ਧਰ ਬੈਠੇ ਰਹਾਂਗੇ।’’ ਉਸ ਦੀ ਹਾਂ ਵਿੱਚ ਹਾਂ ਮਿਲਾਉਂਦਾ ਭੋਲੂ ਕਾਂ ਬੋਲਿਆ, ‘‘ਪਹਿਲਾਂ ਮੇਰੀ ਆਵਾਜ਼ ਸੁਣ ਬੱਚੇ ਡਰ ਜਾਂਦੇ ਸਨ, ਪਰ ਪਤਾ ਨਹੀਂ ਉਸ ਨੇ ਕੀ ਪਾਠ ਪੜ੍ਹਾਇਆ ਕਿ ਮੇਰੀ ਕਾਂ-ਕਾਂ ਨਾਲ ਹੁਣ ਬੱਚੇ ਡਰਦੇ ਤਾਂ ਕੀ ਹੱਸਣ ਲੱਗ ਜਾਂਦੇ ਨੇ।’’ ਚਿੰਕੂ ਕਿਹੜਾ ਘੱਟ ਸੀ ਉਹ ਕਹਿਣ ਲੱਗਾ, ‘‘ਇਸ ਦਾ ਹੱਲ ਲੱਭਣਾ ਪੈਣਾ, ਐਂ ਨ੍ਹੀਂ ਗੱਲ ਬਣਨੀ।’’ ਤਿੰਨਾਂ ਨੇ ਸਕੂਲ ਬੰਦ ਕਰਾਉਣ ਲਈ ਰਾਜੇ ਸ਼ੇਰ ਕੋਲ ਸ਼ਿਕਾਇਤ ਕਰਨ ਦਾ ਫ਼ੈਸਲਾ ਲਿਆ।
ਰਾਜਾ ਆਪ ਤਾਂ ਭਾਵੇਂ ਅਨਪੜ੍ਹ ਸੀ, ਪਰ ਉਹ ਜੰਗਲ ਦੇ ਜੀਵਾਂ ਨੂੰ ਸਿੱਖਿਆ ਦੇਣ ਦੇ ਹੱਕ ਵਿੱਚ ਸੀ। ਇਸ ਕਰਕੇ ਉਸ ਨੇ ਤਿੰਨਾਂ ਦੀ ਇੱਕ ਨਾ ਸੁਣੀ। ਤਿੰਨੋਂ ਆਪਣਾ ਮੂੰਹ ਲਟਕਾ ਕੇ ਵਾਪਸ ਆ ਗਏ। ਰਸਤੇ ਵਿੱਚ ਉਨ੍ਹਾਂ ਨੂੰ ਬੁੱਧੂ ਭਾਲੂ ਮਿਲ ਗਿਆ। ਤਿੰਨਾਂ ਦੇ ਉਦਾਸ ਚਿਹਰੇ ਤੋਂ ਉਹ ਜਾਣ ਗਿਆ ਸੀ ਕਿ ਇਹ ਜ਼ਰੂਰ ਹੀ ਰਾਜੇ ਕੋਲੋਂ ਝਿਡ਼ਕਾਂ ਖਾ ਕੇ ਆਏ ਹਨ। ਉਸ ਨੇ ਜਦੋਂ ਪੁਛਿਆਂ ਤਾਂ ਭੋਲੂ ਕਾਂ ਨੇ ਸਾਰੀ ਗੱਲ ਦੱਸ ਦਿੱਤੀ। ਸਾਰੀ ਗੱਲ ਸੁਣ ਬੁੱਧੂ ਭਾਲੂ ਉੱਚੀ ਦੇ ਕੇ ਬੋਲਿਆ, ‘‘ਲੈ ਇਹ ਵੀ ਕੋਈ ਗੱਲ ਹੈ, ਸਕੂਲ ਬੰਦ ਕਰਾਉਣਾ ਤੇ ਸ਼ੇਰ ਦੀ ਅਕਲ ਟਿਕਾਣੇ ’ਤੇ ਲਿਆਉਣੀ ਕੋਈ ਅੌਖੀ ਗੱਲ ਨਹੀਂ। ਨਾਲੇ ਮੈਂ ਆਪਣੀ ਚੋਣਾਂ ਵਾਲੀ ਹਾਰ ਦਾ ਬਦਲਾ ਲੈ ਲਊਂ।’’
ਬੁੱਧੂ ਭਾਲੂ ਉਨ੍ਹਾਂ ਤਿੰਨਾਂ ਨੂੰ ਜੰਗਲ ਤੋਂ ਕੁਝ ਦੂਰੀ ’ਤੇ ਰਹਿੰਦੇ ਇੱਕ ਸਾਧ ਕੋਲ ਲੈ ਗਿਆ। ਉਨ੍ਹਾਂ ਨੇ ਸਕੂਲ ਬੰਦ ਕਰਾਉਣ ਬਾਰੇ ਸਾਧ ਤੋਂ ਰਾਇ ਮੰਗੀ। ਸਾਧ ਨੇ ਉਨ੍ਹਾਂ ਨੂੰ ਕਿਹਾ, ‘‘ਤੁਸੀਂ ਹਰ ਰੋਜ਼ ਸਕੂਲ ਦੇ ਗੇਟ ’ਤੇ ਟੂਣਾ ਕਰਨਾ ਸ਼ੁਰੂ ਕਰ ਦਿਉ। ਇਸ ਤਰ੍ਹਾਂ ਬੱਚੇ ਤਾਂ ਕੀ ਹੋਰ ਕੋਈ ਵੀ ਉੱਥੇ ਪੈਰ ਨਹੀਂ ਧਰੇਗਾ।’’ ਚਾਰਾਂ ਨੂੰ ਇਹ ਸਕੀਮ ਚੰਗੀ ਲੱਗੀ।
ਚਾਰੇ ਹੀ ਸਾਧ ਦੀ ਗੱਲ ਪੱਲੇ ਬੰਨ੍ਹ ਆਪੋ-ਆਪਣੇ ਘਰ ਆ ਗਏ।  ਦੂਜੇ ਦਿਨ ਬਣਾਈ ਵਿਉਂਤ ਮੁਤਾਬਕ ਉਨ੍ਹਾਂ ਨੇ ਕੁਝ ਲੱਡੂ, ਸੰਧੂਰ ਅਤੇ ਕੱਪੜਾ ਸਕੂਲ ਖੁੱਲ੍ਹਣ ਤੋਂ ਪਹਿਲਾਂ ਦਰਵਾਜ਼ੇ ਕੋਲ ਰੱਖ ਦਿੱਤਾ। ਉਨ੍ਹਾਂ ਨੇ ਇਸ ਬਾਰੇ ਪਹਿਲਾਂ ਹੀ ਜੰਗਲ ਵਿੱਚ ਰੌਲਾ ਵੀ ਪਾ ਦਿੱਤਾ ਸੀ ਕਿ ਸਕੂਲ ਦੇ ਅੱਗੇ ਕਿਸੇ ਨੇ ਟੂਣਾ ਕੀਤਾ ਹੋਇਆ ਹੈ। ਦੇਖੋ-ਦੇਖ ਗੱਲ ਸਾਰੇ ਫੈਲ ਗਈ। ਸਕੂਲ ਵਿੱਚ ਬਹੁਤ ਘੱਟ ਬੱਚੇ ਆਏ। ਮਿੰਟੂ ਵੀ ਹੈਰਾਨ ਸੀ ਕਿ ਆਖਰ ਕੀ ਹੋ ਗਿਆ? ਉਸ ਨੇ ਬੱਚਿਆਂ ਦੇ ਮਾਪਿਆਂ ਨੂੰ ਕਈ ਵਾਰ ਸਮਝਾਇਆ ਕਿ ਇਹ ਕਿਸੇ ਦੀ ਸ਼ਰਾਰਤ ਹੈ, ਪਰ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਸੀ। ਹੌਲੀ-ਹੌਲੀ ਕਰਕੇ ਸਭ ਨੇ ਆਪਣੇ ਬੱਚੇ ਸਕੂਲ ਵਿੱਚੋਂ ਹਟਾ ਲਏ, ਪਰ ਸ਼ੇਰ ਨੇ ਆਪਣੇ ਬੱਚੇ ਭੇਜਣੇ ਜਾਰੀ ਰੱਖੇ। ਰਾਜੇ ਸ਼ੇਰ ਦੇ ਬੱਚਿਆਂ ਨੂੰ ਦੇਖ ਹੋਰਾਂ ਨੇ ਵੀ ਆਪਣੇ ਬੱਚੇ ਭੇਜਣੇ ਸ਼ੁਰੂ ਕਰ ਦਿੱਤੇ। ਹੁਣ ਮਿੰਟੂ ਦਾ ਹੌਂਸਲਾ ਵਧ ਗਿਆ।
ਚਾਰੇ ਜਣੇ ਆਪਣੇ ਮਕਸਦ ਵਿੱਚ ਫੇਲ੍ਹ ਹੁੰਦੇ ਜਾ ਰਹੇ ਸਨ ਕਿ ਦੂਜੇ ਦਿਨ ਉਨ੍ਹਾਂ ਨੇ ਕੁਝ ਵੱਡਾ ਟੂਣਾ ਸਕੂਲ ਅੱਗੇ ਕਰਨ ਦਾ ਫ਼ੈਸਲਾ ਲਿਆ ਤਾਂ ਕਿ ਸਾਰੇ ਡਰ ਜਾਣ।
ਉਹ ਜਦੋਂ ਟੂਣੇ ਦਾ ਸਾਮਾਨ ਰੱਖਣ ਲੱਗੇ ਤਾਂ ਸਕੂਲ ਦੇ ਅੰਦਰੋਂ ਇੱਕ ਬੱਚੇ ਦੀ ਆਵਾਜ਼ ਆਈ, ‘‘ਯਾਰ ਕਿੰਨੇ ਭਲੇ ਨੇ ਉਹ ਲੋਕ ਜੋ ਰੋਜ਼ ਸਾਡੇ ਖਾਣ ਲਈ ਲੱਡੂ, ਤਨ ਲਈ ਕੱਪੜਾ ਅਤੇ ਸ਼ਿੰਗਾਰ ਲਈ ਸੰਧੂਰ ਰੱਖ ਕੇ ਜਾਂਦੇ ਨੇ।’’ ਚਾਰੇ ਜਾਣੇ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ ਤੇ ਉਨ੍ਹਾਂ ਉੱਥੋਂ ਭੱਜਣ ਦੀ ਸੋਚੀ।
ਅਜੇ ਉਹ ਭੱਜਣ ਦੀ ਤਿਆਰੀ ਕਰ ਹੀ ਰਹੇ ਸਨ ਕਿ ਸਕੂਲ ਦੇ ਨਜ਼ਦੀਕ ਪਹਿਲਾਂ ਤੋਂ ਹੀ ਪੁੱਜੇ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਐਨੇ ਵਿੱਚ ਰਾਜਾ ਸ਼ੇਰ ਅਤੇ ਮਿੰਟੂ ਵੀ ਆ ਗਏ। ਰਾਜਾ ਸ਼ੇਰ ਆਉਂਦਾ ਹੀ ਗਰਜਿਆ, ‘‘ਜਿਨ੍ਹਾਂ ਵਹਿਮਾਂ-ਭਰਮਾਂ ਦੇ ਜ਼ਰੀਏ ਤੁਸੀਂ ਸਕੂਲ ਨੂੰ ਬੰਦ ਕਰਾਉਣਾ ਚਾਹੁੰਦੇ ਹੋ, ਉਨ੍ਹਾਂ ਨੂੰ ਤਾਂ ਮਿੰਟੂ ਨੇ ਸਿੱਖਿਆ ਰਾਹੀਂ ਮਿਟਾਉਣ ਦਾ ਬੀੜਾ ਚੁੱਕਿਆ ਹੈ।’’
ਮਿੰਟੂ ਆਖਣ ਲੱਗਾ, ‘‘ਸਾਨੂੰ ਪਤਾ ਸੀ ਕਿ ਇਹ ਹਰਕਤ ਤੁਹਾਡੀ ਹੈ, ਇਸ ਕਰਕੇ ਅਸੀਂ ਤੁਹਾਡੇ ’ਤੇ ਨਿਗ੍ਹਾ ਰੱਖੀ। ਦੇਖੋ, ਤੁਹਾਡੇ ਚਾਰਾਂ ਦੇ ਬੱਚੇ ਵੀ ਅੱਜ ਸਕੂਲ ਵਿੱਚ ਦਾਖਲ ਹੋਏ ਹਨ ਕਿਉਂਕਿ ਜਿਸ ਸਮੇਂ ਤੁਸੀਂ ਬੁਰੇ ਕੰਮਾਂ ਬਾਰੇ ਸੋਚਦੇ ਸੀ, ਅਸੀਂ ਉਸ ਸਮੇਂ ਤੁਹਾਡੇ ਘਰਦਿਆਂ ਨੂੰ ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲ ਕਰਾਉਣ ਬਾਰੇ ਸਮਝਾਉਂਦੇ ਸੀ।’’ ਮਿੰਟੂ ਦੀ ਗੱਲ ਕੱਟਦਾ ਸ਼ੇਰ ਆਖਣ ਲੱਗਾ, ‘‘ਇਨ੍ਹਾਂ ਉਪਰਾਲਿਆਂ ਸਦਕਾ ਹੀ ਅੱਜ ਸਾਡੇ ਬੱਚਿਆਂ ਵਿੱਚੋਂ ਵਹਿਮਾਂ-ਭਰਮਾਂ ਦਾ ਡਰ ਦੂਰ ਭੱਜਿਆ ਹੈ ਤੇ ਉਹ ਤੁਹਾਡੇ ਦੁਆਰਾ ਕੀਤੇ ਟੂਣੇ ਤੋਂ ਨਹੀਂ ਡਰ ਰਹੇ।’’ ਇਹ ਸੁਣ ਕੇ ਚਾਰੇ ਮੁਆਫ਼ੀ ਮੰਗਣ ਲੱਗ ਪਏ ਅਤੇ ਉਨ੍ਹਾਂ ਅੱਗੇ ਤੋਂ ਅਜਿਹਾ ਨਾ ਕਰਨ ਦਾ ਫ਼ੈਸਲਾ ਕਰ ਲਿਆ। ਸ਼ੇਰ ਆਖਣ ਲੱਗਾ, ‘‘ਇੰਜ ਮੁਆਫ਼ੀ ਨਾਲ ਨਹੀਂ ਸਰਨਾ, ਕੱਲ੍ਹ ਤੋਂ ਤੁਸੀਂ ਵੀ ਸਕੂਲ ਵਿੱਚ ਆ ਕੇ ਕੁਝ ਸਿੱਖੋ ਅਤੇ ਆਪਣੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰੋ।’’ ਆਲੇ-ਦੁਆਲੇ ਖੜ੍ਹੇ ਬੱਚਿਆਂ ਨੇ ਤਾੜੀਆਂ ਮਾਰ ਕੇ ਰਾਜੇ ਦੇ ਬੋਲਾਂ ’ਤੇ ਫੁੱਲ ਚੜ੍ਹਾਏ। .

-ਬਲਵਿੰਦਰ ਸਿੰਘ ਮਕੜੌਨਾ

Facebook Comment
Project by : XtremeStudioz