Close
Menu

ਧਰਮ ਰਾਹੀਂ ਵਾਤਾਵਰਣ ਦੀ ਸੰਭਾਲ ਦਾ ਹੰਭਲਾ

-- 28 March,2017

ਵਾਤਾਵਰਨ ਵਿਸ਼ਵ-ਵਿਆਪੀ ਮੁੱਦਾ ਹੈ। ਅੱਜ ਦੁਨੀਆਂ ਦੇ ਹਰੇਕ 10 ਵਿੱਚੋਂ 9 ਲੋਕ ਗੰਦੀ ਹਵਾ ਵਿੱਚ ਸਾਹ ਲੈ ਰਹੇ ਹਨ। ਪ੍ਰਦੂਸ਼ਣ ਕਾਰਨ ਹਰ ਸਾਲ ਦੁਨੀਆਂ ਵਿੱਚ 60 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਆਲਮੀ ਤਪਸ਼ ਪੂਰੇ ਸੰਸਾਰ ਲਈ ਇਸ ਵੇਲੇ ਸਭ ਤੋਂ ਚਿੰਤਾਜਨਕ ਸਮੱਸਿਆ ਹੈ। ਵਿਸ਼ਵ ਸਿਹਤ ਸੰਗਠਨ ਸਮੇਤ ਸੰਸਾਰ ਭਾਈਚਾਰੇ ਦੀਆਂ ਵਾਤਾਵਰਨ ਸਬੰਧੀ ਚਿੰਤਤ ਹੋਰ ਜਥੇਬੰਦੀਆਂ ਅਤੇ ਸੰਸਥਾਵਾਂ ਦੁਨੀਆਂ ਵਿੱਚ ਜ਼ਹਿਰੀਲੇ ਹੋ ਰਹੇ ਵਾਤਾਵਰਨ ਪ੍ਰਤੀ ਬੇਹੱਦ ਸੰਜੀਦਗੀ ਦਾ ਪ੍ਰਗਟਾਵਾ ਕਰ ਰਹੀਆਂ ਹਨ। ਹਰ ਪੱਧਰ ’ਤੇ ਵਾਤਾਵਰਨ ਦੀ ਸ਼ੁੱਧਤਾ ਲਈ ਚੇਤਨਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਵਿਸ਼ਵ ਪੱਧਰ ’ਤੇ ਵਾਤਾਵਰਨ ਪ੍ਰਤੀ ਸਮੱਸਿਆ ਦੇ ਮੱਦੇਨਜ਼ਰ ਵਿਸ਼ਵ ਵਿਆਪੀ ਸਿੱਖ ਸੰਸਥਾਵਾਂ ਨੇ ਹਰ ਸਾਲ ‘ਸਿੱਖ ਵਾਤਾਵਰਨ ਦਿਵਸ’ ਮਨਾਉਣ ਦੀ ਸਾਰਥਿਕ ਸ਼ੁਰੂਆਤ ਕੀਤੀ ਹੈ। ‘ਸਿੱਖ ਵਾਤਾਵਰਨ ਦਿਵਸ’ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਪ੍ਰਕਿਰਤੀ ਪ੍ਰੇਮ ਨੂੰ ਸਮਰਪਿਤ ਜੀਵਨ ਤੋਂ ਪ੍ਰੇਰਿਤ ਇੱਕ ਕੌਮਾਂਤਰੀ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ। ਸ੍ਰੀ ਗੁਰੂ ਹਰਿਰਾਇ ਜੀ ਦਾ ਜਨਮ ਕੀਰਤਪੁਰ ਸਾਹਿਬ ਵਿਖੇ ਹੋਇਆ ਸੀ। ਉਨ੍ਹਾਂ ਨੇ ਕੀਰਤਪੁਰ ਸਾਹਿਬ ਵਿਖੇ ਨੌਲੱਖਾ ਬਾਗ਼ ਬਣਾਇਆ ਹੋਇਆ ਸੀ, ਜਿੱਥੇ ਵਾਤਾਵਰਨ ਦੀ ਸ਼ੁੱਧਤਾ ਅਤੇ ਸਰੀਰਕ ਰੋਗਾਂ ਦੀ ਨਵਿਰਤੀ ਲਈ ਦੁਰਲੱਭ ਕਿਸਮ ਦੀਆਂ ਜੜ੍ਹੀ-ਬੂਟੀਆਂ ਨਾਲ ਰੋਗੀਆਂ ਦੀ ਹਿਕਮਤ ਵੀ ਕੀਤੀ ਜਾਂਦੀ ਸੀ। ਉਹ ਪ੍ਰਕਿਰਤੀ ਤੇ ਵਣ-ਜੀਵਨ ਪ੍ਰਤੀ ਏਨੇ ਸੰਵੇਦਨਸ਼ੀਲ ਸਨ ਕਿ ਇੱਕ ਦਿਨ ਆਪਣੇ ਦਾਦਾ ਸ੍ਰੀ ਗੁਰੂ ਹਰਿਗੋਬਿੰਦ ਜੀ ਨਾਲ ਬਾਗ਼ ’ਚ ਟਹਿਲਦਿਆਂ ਉਨ੍ਹਾਂ ਦੇ ਚੋਲੇ ਦੀ ਕਲੀ ਨਾਲ ਅੜ ਕੇ ਇੱਕ ਫੁੱਲ ਟੁੱਟ ਗਿਆ ਜਿਸ ਨਾਲ ਉਨ੍ਹਾਂ ਦੇ ਕੋਮਲ ਮਨ ਨੂੰ ਬੇਹੱਦ ਦੁੱਖ ਲੱਗਾ। ਗੁਰੂ ਦਾਦੇ ਤੋਂ ਸਿੱਖਿਆ ਮਿਲੀ, ‘‘ਦਾਮਨ ਸੰਕੋਚ ਚਲੋ’’।
ਸ੍ਰੀ ਗੁਰੂ ਹਰਿਰਾਇ ਜੀ ਦੇ ਅਗੰਮੀ ਜੀਵਨ ਤੋਂ ਪ੍ਰੇਰਨਾ ਲੈਂਦਿਆਂ 2011 ਤੋਂ ਅਮਰੀਕਾ ਆਧਾਰਿਤ ਸਿੱਖ ਸੰਸਥਾ ‘ਈਕੋਸਿੱਖ’ ਨੇ ਅਕਾਲ ਤਖ਼ਤ, ਸੰਯੁਕਤ ਰਾਸ਼ਟਰ ਅਤੇ ਪ੍ਰਮੁੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹਰ ਸਾਲ ਸ੍ਰੀ ਗੁਰੂ ਹਰਿਰਾਇ ਜੀ ਦੇ ਗੁਰਤਾ ਗੱਦੀ ਦਿਵਸ ਨੂੰ ‘ਸਿੱਖ ਵਾਤਾਵਰਨ ਦਿਵਸ’ ਵਜੋਂ ਮਨਾਉਣਾ ਸ਼ੁਰੂ ਕੀਤਾ ਜਿਸ ਵਿਚ ਸਿੱਖ ਜਥੇਬੰਦੀਆਂ ਵਲੋਂ ਵੱਡੇ ਪੱਧਰ ’ਤੇ ਬੂਟੇ ਲਾਉਣ-ਸੰਭਾਲ ਦੇ ਪ੍ਰਾਜੈਕਟ, ਪਾਣੀ ਊਰਜਾ ਦੀ ਬੱਚਤ, ਨਗਰ-ਕੀਰਤਨਾਂ ਅਤੇ ਤਿਓਹਾਰਾਂ ਆਦਿ ਨੂੰ ਕੂੜਾ ਰਹਿਤ ਕਰਨ ਦੇ ਅਹਿਮ ਮੁੱਦਿਆਂ ’ਤੇ ਕੰਮ ਸ਼ੁਰੂ ਹੋਇਆ। ਗੁਰਦੁਆਰਿਆਂ ’ਚ ਵਾਤਾਵਰਨ ’ਤੇ ਆਧਾਰਿਤ ਸ਼ਬਦ-ਕੀਰਤਨ, ਕਥਾ, ਪਾਣੀ-ਊਰਜਾ ਸਬੰਧੀ ਸੈਮੀਨਾਰ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਨੇ ਜ਼ੋਰ ਫੜਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਿਛਲੇ ਸਾਲਾਂ ਦੌਰਾਨ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਵਾਤਾਵਰਨ ਦੀ ਅਹਿਮੀਅਤ ਨੂੰ ਉਭਾਰਦਿਆਂ ਗੁਰਦੁਆਰਿਆਂ ਅੰਦਰ ‘ਬੂਟਾ ਪ੍ਰਸ਼ਾਦ’ ਵੰਡਣ ਦੀ  ਸਾਰਥਿਕ ਸ਼ੁਰੂਆਤ ਕੀਤੀ। ਗੁਰਦੁਆਰਿਆਂ ਦੇ ਲੰਗਰਾਂ ’ਚ ਕੁਦਰਤੀ ਖੇਤੀ ਰਾਹੀਂ ਪੈਦਾ ਹੋਏ ਅਨਾਜ ਦੀ ਵਰਤੋਂ ਦਾ ਫ਼ੈਸਲਾ ਲਿਆ ਗਿਆ। ਪਿਛਲੇ ਸਾਲ 5 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦਿਆਂ ਹੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਹੋਰ ਸੰਸਥਾਵਾਂ ਨੂੰ ਨਾਲ ਲੈ ਕੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਡੀ ਮੁਹਿੰਮ ਦਾ ਆਗਾਜ਼ ਕਰਦਿਆਂ ਸ਼੍ਰੋਮਣੀ ਕਮੇਟੀ ਦਾ ਵਾਤਾਵਰਨ ਸਬੰਧੀ ਇੱਕ ਵੱਖਰਾ ਵਿਭਾਗ ਵੀ ਬਣਾ ਦਿੱਤਾ। ਇਸ ਵਾਰ ਸ੍ਰੀ ਗੁਰੂ ਹਰਿਰਾਇ ਜੀ ਦਾ ਗੁਰਤਾ ਗੱਦੀ ਦਿਵਸ 26 ਮਾਰਚ ਨੂੰ ‘ਸਿੱਖ ਵਾਤਾਵਰਨ ਦਿਵਸ’ ਦੇ ਰੂਪ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਰਤਪੁਰ ਸਾਹਿਬ ਵਿਖੇ ਵੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਸਮਾਜ ’ਚ ਵਾਤਾਵਰਨ ਦੀ ਸ਼ੁੱਧਤਾ ਤੇ ਪ੍ਰਕਿਰਤੀ ਦੀ ਸਾਂਭ-ਸੰਭਾਲ ਬਾਰੇ ਜਾਗਰੂਕਤਾ ਦਾ ਸੁਨੇਹਾ ਦਿੱਤਾ ਜਾਵੇਗਾ।
ਧਾਰਮਿਕ ਪੱਧਰ ’ਤੇ ਇਹ ਜਾਗਰੂਕਤਾ ਫੈਲਾਉਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਸਾਫ਼ ਹਵਾ, ਸ਼ੁੱਧ ਪਾਣੀ, ਖੇਤੀ, ਵਣ-ਜੀਵਨ ਆਦਿ ਦੀ ਸੁਰੱਖਿਆ ਨਾ ਕੇਵਲ ਸਿੱਖਾਂ ਨੂੰ ਸਗੋਂ ਸਮੁੱਚੇ ਪੰਜਾਬ ਅਤੇ ਪੰਜਾਬੀਆਂ ਦੀ ਹੋਂਦ ਲਈ ਬੇਹੱਦ ਜ਼ਰੂਰੀ ਹੈ। ਪੰਜਾਬ ਦੇ ਹਰ ਨਾਗਰਿਕ ਖ਼ਾਸ ਕਰਕੇ ਧਾਰਮਿਕ ਸਿੱਖ ਜਥੇਬੰਦੀਆਂ, ਵਿੱਦਿਅਕ ਅਦਾਰਿਆਂ, ਗੁਰੂ-ਘਰਾਂ ਨੂੰ ਹੋਰ ਭਲੇ ਕਾਰਜਾਂ ਦੇ ਨਾਲ ਸਿੱਖ ਵਾਤਾਵਰਨ ਦਿਵਸ ਨੂੰ ਤਵੱਜੋ ਦੇਣੀ ਬੇਹੱਦ ਜ਼ਰੂਰੀ ਹੈ। ਗੁਰਬਾਣੀ ਦੇ ਸੁਨੇਹੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਉੱਤੇ ਅਮਲ ਕਰਨ ਤੇ ਕਰਾਉਣ ਲਈ ਲੋੜੀਂਦੇ ਕਦਮ ਚੁੱਕਣੇ ਬਣਦੇ ਹਨ।  

ਤਲਵਿੰਦਰ ਸਿੰਘ ਬੁੱਟਰ

Facebook Comment
Project by : XtremeStudioz