Close
Menu

ਨਸ਼ਿਆਂ ਵਿੱਚ ਗਰਕ ਰਹੀ ਪੰਜਾਬ ਦੀ ਜਵਾਨੀ

-- 05 August,2013

drug-abuse-in-punjab

ਨਸ਼ਿਆਂ ਦੀ ਬੀਮਾਰੀ ਦੇ ਕਾਰਨ ਬੇਸ਼ੱਕ ਕਈ ਹਨ, ਪਰ ਜੇ ਇੱਕੋ ਪ੍ਰਮੁੱਖ ਕਾਰਨ ਮਿੱਥਣਾ ਹੋਵੇ ਤਾਂ ਨਵੇਂ ਉਠੇ ਗੱਭਰੂਆਂ ਵਿੱਚ ਫੈਲੀ ਬੇਰੁਜ਼ਗਾਰੀ ਤੇ ਮਨਾਂ ਵਿਚਲੀ ਘੋਰ ਨਿਰਾਸ਼ਾ ਹੈ। ਅਸੀਂ ਉਨ੍ਹਾਂ ਨੂੰ ਸਕੂਲੋਂ-ਕਾਲਜੋਂ ਨਿਕਲਦਿਆਂ ਨੂੰ ਕੰਮ ਨਹੀਂ ਦੇ ਸਕਦੇ। ਨਸ਼ੇੜੀਆਂ ਵਿੱਚ ਬਹੁ-ਗਿਣਤੀ ਥੋੜ੍ਹੇ-ਪੜ੍ਹੇ, ਅਰਥਾਤ ਸਕੂਲੀ ਵਿਦਿਆ ਅੱਧ ਵਿਚਕਾਰੋਂ ਛੱਡ ਕੇ ਭੱਜੇ ਵਿਦਿਆਰਥੀਆਂ ਦੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਦਸਵੀਂ-ਬਾਰ੍ਹਵੀਂ ਮਸਾਂ ਪਾਸ ਕੀਤੀ ਹੈ। ਅੱਗੇ ਭਵਿੱਖ ਧੁੰਦਲਾ ਹੈ। ਕਾਲਜ ਵਿੱਚ ਉਹ ਪੱਕੇ ਪੈਰੀਂ ਖੜੋਣ ਦੇ ਸਮਰੱਥ ਨਹੀਂ ਬਣ ਸਕੇ ਜਾਂ ਦਸਵੀਂ-ਬਾਰ੍ਹਵੀਂ ਵਿੱਚੋਂ ਆਈ ਕੰਪਾਰਟਮੈਂਟ ਨਹੀਂ ਟੁੱਟੀ। ਜੇ ਬਾਰ੍ਹਵੀਂ ਕਿੱਤਾ ਮੁਖੀ ਸਿਖਿਆ ਨਾਲ ਪਾਸ ਕੀਤੀ ਹੈ ਤਾਂ ਇਸ ਕੋਰਸ ਨੂੰ ਨੌਕਰੀ ਲੈਣ ਲਈ ਆਈ ਟੀ ਆਈ ਸਰਟੀਫਿਕੇਟ ਦੇ ਬਰਾਬਰ ਦੀ ਤਕਨੀਕੀ ਯੋਗਤਾ ਨਹੀਂ ਮੰਨਿਆ ਜਾਂਦਾ। ਕੁਝ ਅਜਿਹੇ ਹਨ, ਜਿਨ੍ਹਾਂ ਨੂੰ ਮਾਪਿਆਂ ਨੇ ਆਪਣੀ ਅਧੂਰੀ ਰਹਿ ਗਈ ਖਾਹਿਸ਼ ਨੂੰ ਪੂਰੀ ਕਰਨ ਲਈ ਜ਼ਬਰਦਸਤੀ ਅਜਿਹੇ ਵਿਸ਼ੇ ਪੜ੍ਹਨ ਲਈ ਮਜਬੂਰ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਦੀ ਆਪਣੀ ਕੋਈ ਦਿਲਚਸਪੀ ਨਹੀਂ ਸੀ। ਰੁਚੀ ਦੀ ਘਾਟ ਅਤੇ ਅਕੇਵੇਂ ਨੇ ਇਨ੍ਹਾਂ ਨੂੰ ਉਚਾਟ ਕੀਤਾ ਹੈ। ਇੰਜ ਪੰਜਾਬ ਦਾ ਗੰਭਰੇਟ, ਭਾਵੇਂ ਉਹ ਕਿਸੇ ਵੀ ਵਰਗ ਨਾਲ ਸਬੰਧਤ ਹੈ, ਸਿੱਧੀ ਦਿਹਾੜੀ ਜਾਂ ਮਜ਼ਦੂਰੀ ਕਰਨ ਨੂੰ ਆਪਣੀ ਹੇਠੀ ਸਮਝਦਾ ਹੈ। ਵਿਦੇਸ਼ਾਂ ਵਾਂਗ ਇਥੇ ਯੋਗ ਇਵਜ਼ਾਨਾ ਵੀ ਨਹੀਂ ਮਿਲਦਾ। ਬੰਨ੍ਹੀ ਤਨਖਾਹ ਵਾਲੀ ਨਿਗੂਣੀ ਜਿਹੀ ਨੌਕਰੀ ਮਿਲਦੀ ਨਹੀਂ। ਜੇ ਮਿਲ ਵੀ ਜਾਵੇ ਤਾਂ ਦੋ-ਚਾਰ ਹਜ਼ਾਰ ਰੁਪਏ ਨਾਲ ਭਵਿੱਖ ਕੀ ਰੌਸ਼ਨ ਹੋਵੇਗਾ। ਮੌਜੂਦਾ ਸਿਸਟਮ ਵਲੋਂ ਉਨ੍ਹਾਂ ਨੂੰ ਸਮਾਜਕ ਸੁਰੱਖਿਆ ਵੀ ਨਹੀਂ ਮਿਲਦੀ।
ਵਰਤਮਾਨ ਢਾਂਚਾ ਬੇਵੱਸ ਹੈ। ਜੇ ਮਾਂ-ਪਿਓ ਮਜ਼ਦੂਰ ਹਨ, ਤਾਂ ਵੀ ਨੌਜਵਾਨ ਆਪਣੇ-ਆਪ ਨੂੰ ਇੰਨਾ ਨੀਵਾਂ ਕਰਨ ਵਿੱਚ ਹੱਤਕ ਸਮਝਦਾ ਹੈ। ਜ਼ਮੀਨ ਵਿਕਣ ਕਾਰਨ ਖੁੱਲ੍ਹਾ ਪੈਸਾ ਕੁਝ ਮਾਪਿਆਂ ਕੋਲ ਆ ਗਿਆ ਹੈ। ਸਕੂਲੀ ਵਿਦਿਆ ਨੇ ਉਸ ਨੂੰ ਕਿਰਤ ਦੀ ਕਦਰ ਕਰਨੀ ਨਹੀਂ ਦੱਸੀ। ਮਾਪਿਆਂ ਨੇ ਵੀ ਉਸ ਨੂੰ ਪੜ੍ਹਾਈ ਦੇ ਸਾਲਾਂ ਦੌਰਾਨ ਕੰਮ ਨੂੰ ਹੱਥ ਨਹੀਂ ਲਾਉਣ ਦਿੱਤਾ। ਅਸਲੀ ਨੁਕਸ ਕਿਤੇ ਸਕੂਲੀ ਪੱਧਰ ਉਤੇ ਹੀ ਪੈ ਗਿਆ। ਬਹੁ-ਗਿਣਤੀ ਅਧਿਆਪਕਾਂ ਨੂੰ ਆਪਣੀ ਸੰਸਥਾ ਵਿੱਚ ਹੁੰਦੀ ਪੜ੍ਹਾਈ ਉਤੇ ਵੀ ਵਿਸ਼ਵਾਸ ਨਹੀਂ। ਉਨ੍ਹਾਂ ਵਿੱਚੋਂ ਬਹੁਤੇ ਸਵੇਰੇ ਸਕੂਲ ਆਉਣ ਤੋਂ ਪਹਿਲਾਂ ਆਪਣੇ ਨਿੱਕੇ ਜਾਂ ਵੱਡੇ ਜਵਾਕਾਂ ਨੂੰ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਆਪ ਛੱਡ ਕੇ ਆਉਂਦੇ ਹਨ। ਸੋਚਣ ਵਾਲੀ ਗੱਲ ਹੈ ਕਿ ਜਦੋਂ ਪੁਜਾਰੀ ਨੂੰ ਆਪਣੇ ਪੂਜਾ ਸਥਾਨ ਉਤੇ ਹੀ ਭਰੋਸਾ ਨਹੀਂ, ਜਦੋਂ ਉਹ ਆਪ ਉਥੇ ਮੱਥਾ ਨਹੀਂ ਟੇਕਦਾ, ਜਿੱਥੋਂ ਉਸ ਨੂੰ ਰੋਜ਼ੀ-ਰੋਟੀ ਨਸੀਬ ਹੁੰਦੀ ਹੈ, ਬਾਹਰਲੀ ਸੰਗਤ ਉਸ ਅਸਥਾਨ ਵਿੱਚ ਆਸਥਾ ਕਿਵੇਂ ਰੱਖੇਗੀ? ਜਿਹੜੇ ਮਾਇਕ ਤੰਗੀਆਂ-ਤੁਰਸ਼ੀਆਂ ਦੇ ਮਾਰੇ ਹੋਏ ਇਥੇ ਦਾਖਲ ਹੋ ਜਾਂਦੇ ਹਨ, ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਕਿਵੇਂ ਪੈਦਾ ਹੋਵੇਗਾ?
ਦੂਜੀ ਤਰ੍ਹਾਂ ਦੇ ਬਹੁ-ਗਿਣਤੀ ਮਹਿੰਗੇ ਸਕੂਲ ਲੋੜੀਂਦਾ ਮਾਨਸਿਕ ਵਿਕਾਸ ਨਹੀਂ ਕਰਦੇ। ਗੂੜ੍ਹ ਗਿਆਨ ਅਤੇ ਨੈਤਿਕ ਸਿਖਿਆ ਪੱਖੋਂ ਪਛੜੇ ਵਿਦਿਆਰਥੀ ਮੁੱਖ ਧਾਰਾ ਵਿੱਚ ਭੇਜ ਰਹੇ ਹਨ। ਸਰਕਾਰੀ, ਅਰਧ-ਸਰਕਾਰੀ ਸੰਸਥਾਵਾਂ ਨੇ ਪਾੜ੍ਹਿਆਂ ਨੂੰ ਮਾਤ-ਭਾਸ਼ਾ ਰਾਹੀਂ ਜਿੰਨਾ ਭਰਪੂਰ ਗਿਆਨ ਚਾਹੀਦਾ ਸੀ, ਨਹੀਂ ਦਿੱਤਾ। ਇਸ ਪੱਖ ਤੋਂ 30-40 ਸਾਲ ਪਹਿਲਾਂ ਦੇ ਸਾਡੇ ਅਧਿਆਪਕ ਬਹੁਤ ਅੱਗੇ ਸਨ, ਜਿਹੜੇ ਆਪਣੇ ਅਧੀਨ ਪੜ੍ਹਦੇ ਬੱਚਿਆਂ ਨੂੰ ਸਹਿਜ-ਸੁਭਾਅ ਖੁੱਲ੍ਹਾ ਗਿਆਨ ਅਤੇ ਆਤਮ ਵਿਸ਼ਵਾਸ ਹਾਸਲ ਕਰਵਾ ਦਿੰਦੇ ਸਨ, ਪਰ ਅੱਜ ਅੰਗਰੇਜ਼ੀ-ਹਿੰਦੀ ਨੂੰ ਛੱਡੋ, ਸਾਡੇ ਮੈਟ੍ਰਿਕ ਪਾਸ ਅਜਿਹੇ ਵਿਦਿਆਰਥੀ ਮਿਲ ਜਾਂਦੇ ਹਨ, ਜਿਹੜੇ ਮਾਤ-ਭਾਸ਼ਾ ਵਿੱਚ ਅਰਜ਼ੀ ਲਿਖਣ ਦੇ ਸਮਰੱਥ ਨਹੀਂ। ਨੈਤਿਕ ਕਦਰਾਂ-ਕੀਮਤਾਂ, ਜੋ ਅਧਿਆਪਕ ਨੇ ਆਪਣੇ ਕਿਰਦਾਰ ਰਾਹੀਂ ਅਤੇ ਲਾਇਬਰੇਰੀ ਵਿੱਚੋਂ ਚੋਖੀਆਂ, ਵੰਨ-ਸੁਵੰਨੀਆਂ ਪੁਸਤਕਾਂ ਦੇ ਕੇ ਸਿਖਾਉਣੀਆਂ ਸਨ, ਮੂਲੋਂ ਹੀ ਗਾਇਬ ਹਨ। ਮਾਨਸਿਕ ਅਤੇ ਨੈਤਿਕ ਪੱਖੋਂ ਖੋਖਲੀ ਜਵਾਨੀ ਕਿਧਰ ਜਾਵੇ?
ਅੰਗਰੇਜ਼ੀ ਮਾਧਿਅਮ ਸਕੂਲ ਅਜਿਹਾ ਕਿਉਂ ਨਹੀਂ ਕਰ ਸਕੇ? ਸਾਡਾ ਮਾਇਕ ਪੱਖੋਂ ਸਮਰੱਥ ਵਰਗ ਆਪਣੇ ਬੱਚਿਆਂ ਨੂੰ ਨਰਸਰੀ ਤੋਂ ਹੀ ਉਚੇ ਸਕੂਲ ਵਿੱਚ ਦਾਖਲ ਕਰਾਉਂਦਾ ਹੈ, ਪਰ ਇਨ੍ਹਾਂ ਸੰਸਥਾਵਾਂ ਦੀ ਬਹੁ-ਗਿਣਤੀ ਚਾਨਣਾ ਪੱਖ ਪੇਸ਼ ਨਹੀਂ ਕਰ ਸਕਦੀ। ਜੇ ਸਰਕਾਰੀ ਸੰਸਥਾਵਾਂ ਵਿਖੇ ਖੁੱਲ੍ਹੀ ਖੇਡ ਸੀ ਤਾਂ ਇਥੇ ਸੱਤ ਸਮੁੰਦਰ ਪਾਰ ਦੀ ਬਿਗਾਨੀ ਭਾਸ਼ਾ ਵੱਡਾ ਅੜਿੱਕਾ ਹੈ। ਤਿੰਨ ਸਾਲ ਦੀ ਕੱਚੀ, ਖੇਡਣ-ਮੱਲ੍ਹਣ ਦੀ ਉਮਰ ਤੋਂ ਏ ਬੀ ਸੀ ਅਤੇ ਟੇਬਲ ਬੱਚੇ ਨੂੰ ਉਲਝਾ ਲੈਂਦੇ ਹਨ। ਆਪਣੇ ਗਲੀ-ਮੁਹੱਲੇ ਨੂੰ ਛੱਡੋ, ਪਿੰਡ ਅਤੇ ਨਗਰ ਦੂਰ ਦੀ ਗੱਲ ਹੈ, ਆਪਣੇ ਰਿਸ਼ਤੇਦਾਰਾਂ ਦੇ ਵੀ ਉਸ ਨੂੰ ਨਾਂ ਜਾਂ ਥਾਂ ਦੀ ਪਛਾਣ ਨਹੀਂ ਹੁੰਦੀ, ਕਿਉਂਕਿ ਸੂਰਜ ਚੜ੍ਹਦੇ ਨਾਲ ਉਨ੍ਹਾਂ ਨੂੰ ਮੋਟਰ ਵਿੱਚ ਤੁੰਨ ਕੇ, ਗਲਾਂ ਵਿੱਚ ਤਖਤੀਆਂ ਲਟਕਾਈ, ਪਿੰਡਾਂ ਦੀਆਂ ਸੜਕਾਂ ਦੀ ਧੂੜ ਫੱਕਦੇ, ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦੀ ਬੱਸ ਵਿੱਚ ਡੱਕ ਦਿੱਤਾ ਜਾਂਦਾ ਹੈ। ਦਿਨ ਢਲੇ ਉਹੋ ਸਕੂਲ ਵੈਨ ਘਰ ਲਾਹ ਜਾਂਦੀ ਹੈ। ਹਰ ਵਕਤ ‘ਪੜ੍ਹੋ-ਪੜ੍ਹੋ’ ਕਰਦੇ ਮਾਪੇ ਰੋਟੀ-ਟੁੱਕ ਵੀ ਚੱਜ ਨਾਲ ਨਹੀਂ ਖਾਣ ਦਿੰਦੇ, ਟਿਊਸ਼ਨ-ਮਾਸਟਰ ਕੋਲ ਧੱਕ ਦਿੰਦੇ ਹਨ। ਰਾਤ ਨੂੰ ਨੀਂਦ ਹਰਾਮ ਹੋ ਜਾਂਦੀ ਹੈ। ਸਕੂਲ ਦੀਆਂ ਮੈਡਮਾਂ ਅਤੇ ਭਾਰੀ ਬਸਤਾ ਸੁਪਨੇ ਵਿੱਚ ਦਿੱਸਦਾ ਰਹਿੰਦਾ ਹੈ ਜਾਂ ਟਿਊਸ਼ਨੀਏ ਮਾਸਟਰ ਦੀਆਂ ਝਿੜਕਾਂ ਸੁਣਾਈ ਦਿੰਦੀਆਂ ਹਨ। ਸੁਬ੍ਹਾ ਸਾਝਰੇ ਚੰਗੀ-ਭਲੀ ਪੜ੍ਹੀ-ਲਿਖੀ ਪੰਜਾਬਣ ‘ਮੰਮੀ’ ਵੀ ਮਾਤ-ਭਾਸ਼ਾ ਦੀ ਥਾਂ ਬਿਗਾਨੀ ਭਾਸ਼ਾ ਜਾਂ ‘ਮਾਸੀ-ਚਾਚੀ-ਭਾਸ਼ਾ’ ਬੋਲ ਕੇ ਬੱਚੇ ਨੂੰ ਜਗਾਉਂਦੀ ਹੈ ਤੇ ਵੈਨ ਵਿੱਚ ਬਿਠਾ ਕੇ ਟਾ-ਟਾ ਆਖ ਦਿੰਦੀ ਹੈ। ਇਹੋ ਰੁਟੀਨ ਦਸ-ਬਾਰਾਂ ਸਾਲ ਤੱਕ ਚੱਲਦੀ ਹੈ। ਅੰਗਰੇਜ਼ੀ ਵਿੱਚ ਸਿਰਲੇਖ ਜਾਂ ਕੁਝ ਸਤਰਾਂ ਨੂੰ ਰੱਟਾ ਲਾਇਆ ਅਤੇ ਦਸਵੀਂ ਤੱਕ ਕੋਈ ਫੇਲ੍ਹ ਨਹੀਂ ਕਰਨ ਦੀ ਨੀਤੀ ਅਧੀਨ ਪੇਪਰ ਦੇ ਦਿੱਤੇ। ਮਾਤ-ਭਾਸ਼ਾ ਵੀ ਚੱਜ ਨਾਲ ਨਹੀਂ ਸਿੱਖੀ, ਗਹਿਨ ਅਧਿਐਨ ਕਿੱਥੇ ਕਰਨਾ ਸੀ, ਦਿਮਾਗ ਖਾਲੀ-ਖਾਲੀ ਰਿਹਾ। ਹਿੰਦੀ ਵੀ ਪੂਰੀ ਨਹੀਂ ਆਈ, ਜਿਸ ਵਿੱਚ ਰਾਸ਼ਟਰੀ ਗਿਆਨ ਮਿਲਣਾ ਸੀ।
ਇਥੇ ਮੈਨੂੰ ਦੋ ਸਕੇ ਭੈਣ-ਭਰਾਵਾਂ ਦੀ ਮਿਸਾਲ ਦੇਣੀ ਠੀਕ ਲੱਗਦੀ ਹੈ। ਭੈਣ ਨੂੰ ਵਿਚਾਰੀ ਕੰਨਿਆ ਜਾਂ ਬੇਗਾਨਾ ਧਨ ਸਮਝ ਕੇ ਪਿੰਡ ਵਿਚਲੇ ਪੰਜਾਬੀ ਮੀਡੀਅਮ ਵਾਲੇ ਪਬਲਿਕ ਸਕੂਲ ਵਿੱਚ ਪਾ ਦਿੱਤਾ ਗਿਆ। ਨਿੱਕੇ ਭਰਾ ਨੂੰ ਸ਼ਹਿਰ ਦੇ ਮਹਿੰਗੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਦੀ ਸਹੂਲਤ ਨਰਸਰੀ ਤੋਂ ਦਸਵੀਂ-ਬਾਰ੍ਹਵੀਂ ਤੱਕ ਦਿੱਤੀ ਗਈ। ਬਾਰ੍ਹਵੀਂ ਤੱਕ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹਿਆ ਉਹ ਵਿਦਿਆਰਥੀ ਸ਼ਹਿਰ ਦੀ ਇੱਕ ਪ੍ਰਾਈਵੇਟ ਸੰਸਥਾ ਵਿਖੇ ਅੰਗਰੇਜ਼ੀ ਸਿੱਖਣ ਦਾ ਕੋਰਸ ਕਰਨ ਲੱਗਾ, ਤਾਂ ਕਿ ਵਿਦੇਸ਼ ਜਾ ਸਕੇ। ਇੱਕ ਸਾਲ ਉਥੇ ਰਿਹਾ। ਨਸ਼ੇ ਕਰਨ ਲੱਗ ਪਿਆ। ਮਾਂ ਕੋਲੋਂ ਕਦੇ-ਕਦਾਈਂ ਆ ਕੇ ਇੱਕ ਜ਼ੇਵਰ ਲੈ ਜਾਂਦਾ। ਮਰਨ ਦੀਆਂ ਧਮਕੀਆਂ ਤੋਂ ਡਰਦੀ ਮਾਂ ਕੀ ਕਰਦੀ? ਭੈਣ ਦੀ ਚੰਗੀ ਪੜ੍ਹਾਈ ਵੀ ਰੁਲ ਗਈ। ਮਾਪੇ ਬਿਮਾਰ ਹੋ ਗਏ।
ਨਸ਼ਿਆਂ ਦਾ ਅਗਲਾ ਵੱਡਾ ਕਾਰਨ ਅਨੇਕ ਨਸ਼ਿਆਂ ਦੀ ਸੌਖੀ ਪ੍ਰਾਪਤੀ ਹੈ। ਚਾਲੀ ਸਾਲ ਪਹਿਲਾਂ ਪਿੰਡਾਂ ਵਿੱਚ ਲਗਭਗ ਹਰ ਕਿਸਾਨ ਘਰ ਦੀ ਸ਼ਰਾਬ ਕੱਢਦਾ ਸੀ। ਪਿੰਡਾਂ ਦੀ ਆਮ ਜਨਤਾ ਨੂੰ ਪੁਲਸ ਨੇ ਡੰਡੇ ਨਾਲ ਅਤੇ ਜ਼ਲੀਲ ਕਰ ਕੇ ਰੂੜੀ ਮਾਰਕਾ ਕੱਢਣੋਂ ਜ਼ਰੂਰ ਵਰਜ ਦਿੱਤਾ, ਹਾਲਾਂਕਿ ਜਦੋਂ ਦੇਸੀ ਸ਼ਰਾਬ ਪਿੰਡਾਂ ਵਿੱਚ ਨਿਕਲਦੀ ਸੀ ਤਾਂ ਘਰ ਦੀ ਪੀ ਕੇ ਕਿਸੇ ਨੂੰ ਮਰਦਾ ਨਹੀਂ ਸੀ ਦੇਖਿਆ, ਲੋਹੜੀ-ਦੀਵਾਲੀ ਕੋਈ-ਕੋਈ ਸ਼ਰਾਬੀ ਗਲੀਆਂ ਵਿੱਚ ਬੁੱਕਦਾ ਜ਼ਰੂਰ ਸੁਣਦਾ। ਜਦੋਂ ਠੇਕੇ ਖੁੱਲ੍ਹੇ ਤਾਂ ਮਿਲਾਵਟ ਹੋਣ ਲੱਗੀ। ਉਹ ਮਿਲਾਵਟ ਉਪਰ ਸਿਸਟਮ ਤੋਂ ਕਾਬੂ ਨਹੀਂ ਸੀ ਪਿਆ ਕਿ ਹੋਰ ਅਨੇਕਾਂ ਨਸ਼ਿਆਂ ਦੀ ਭਰਮਾਰ ਹੋ ਗਈ। ਦੇਸੀ ਕੱਢਣ-ਪੀਣ ਵਾਲਿਆਂ ਨੂੰ ਕੁੱਟ ਕੇ ਜ਼ਲੀਲ ਕਰਨ ਵਾਲਾ ਪ੍ਰਸ਼ਾਸਨ ਹੁਣ ਕਿੱਥੇ ਹੈ? ਗਰੀਬ ਬੱਚੇ ਲੋਮੋਟਿਲ ਗੋਲੀਆਂ ਦੇ ਫੱਕੇ ਮਾਰਦੇ ਹਨ। ਨਰਮੇ ਦੀਆਂ ਚੋਗੀਆਂ, ਖੇਤੀ ਕਰਦੇ ਕਿਸਾਨ ਮਜ਼ਦੂਰ ਇਨ੍ਹਾਂ ਨੂੰ ਭੁੱਜੇ ਛੋਲਿਆਂ ਵਾਂਗ ਚੱਬਦੇ ਹਨ। ਅਮੀਰ ਘਰਾਂ ਦੇ ਵਿਗੜੇ ਕਾਕੇ ਖੁਸ਼-ਲੱਭਤੀ ਸਮੈਕ ਦੇ ਸੂਟੇ ਮਾਰਦੇ ਨਸ਼ੇ ਦੇ ਆਦੀ ਹੋ ਗਏ। ਸ਼ਰਾਬੀ ਪੁੱਤਰ ਨੂੰ ਸੁਬ੍ਹਾ ਸੋਫੀ ਉਠਦੇ ਨੂੰ ਸਮਝਾਇਆ ਜਾ ਸਕਦਾ ਸੀ, ਪਰ ਜਿਹੜਾ ਸਮੈਕ ਸੁੰਘਣ ਲੱਗ ਪਿਆ, ਉਹਦੀ ਛੱਤੀ ਘੰਟੇ ਅੱਖ ਚੜ੍ਹੀ ਰਹਿੰਦੀ ਹੈ, ਉਸ ਨੂੰ ਕਿਵੇਂ ਤੇ ਕਦੋਂ ਸਿਖਿਆ ਦਿੱਤੀ ਜਾਵੇਗੀ। ਨਸ਼ਾ-ਛੁਡਾਊ ਕੇਂਦਰ ਅਜਿਹੇ ਹਨ, ਜਿਹੜੇ ਆਪ ਨਸ਼ਾ ਮੁਹੱਈਆ ਕਰਾਉਂਦੇ ਹਨ। ਸਭ ਤੋਂ ਵੱਡਾ ਦੁੱਖ ਸਾਡੇ ਸਿਆਸਤਦਾਨਾਂ ਤੇ ਧਾਰਮਿਕ ਨੇਤਾਵਾਂ ਵਲੋਂ ਇੰਨੀ ਗੰਭੀਰ ਅਲਾਮਤ ਨੂੰ ਅਣਗੌਲਿਆ ਛੱਡਣਾ ਹੈ। ਉਨ੍ਹਾਂ ਨੂੰ ਨਸ਼ਿਆਂ ਵਿੱਚ ਗਲਤਾਨ ਜਵਾਨੀ ਦੀ ਕੋਈ ਚਿੰਤਾ ਹੀ ਨਹੀਂ। ਅਜਿਹੇ ਹਾਲਾਤ ਵਿੱਚ ‘ਗੁਰਾਂ ਦੇ ਨਾਂ ਉਤੇ’ ਵੱਸਦੇ ਪੰਜਾਬ ਦਾ ਰੱਬ ਹੀ ਰਾਖਾ ਹੈ।

Facebook Comment
Project by : XtremeStudioz