Close
Menu

ਪੀਟਰ ਤੇ ਭੋਲੂ

-- 02 May,2017

ਕਰੋੜਾਂ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਧਰਤੀ ’ਤੇ ਬਹੁਤ ਸਾਰੇ ਡਾਇਨਾਸੋਰ ਰਹਿੰਦੇ ਸਨ। ਉਸ ਸਮੇਂ ਧਰਤੀ ਉੱਪਰ ਜੰਗਲ ਵੱਧ ਸਨ। ਸ਼ਾਕਾਹਾਰੀ ਡਾਇਨਾਸੋਰ ਪੱਤੇ ਤੇ ਫੁੱਲ ਖਾ ਕੇ ਆਪਣਾ ਪੇਟ ਭਰਦੇ ਸਨ। ਮਾਸਾਹਾਰੀ ਡਾਇਨਾਸੋਰ ਆਪਣੇ ਤੋਂ ਘੱਟ ਤਾਕਤਵਰ ਤੇ ਛੋਟੇ ਡਾਇਨਾਸੋਰਾਂ ਨੂੰ ਮਾਰ ਕੇ ਖਾਂਦੇ ਸਨ। ਜੰਗਲ ਦੇ ਹੋਰ ਜਾਨਵਰ ਮਾਸਾਹਾਰੀ ਡਾਇਨਾਸੋਰਾਂ ਨੂੰ ਦੇਖ ਕੇ ਲੁਕ ਜਾਂਦੇ। ਸ਼ਾਹਾਕਾਰੀ ਡਾਇਨਾਸੋਰ ਦੂਜੇ ਜਾਨਵਰਾਂ ਵਾਂਗ ਹੀ ਰਹਿੰਦੇ ਸਨ।
ਇੱਕ ਵਾਰ ਇੱਕ ਭਾਲੂ ਦਲਦਲ ਵਿੱਚ ਫਸ ਗਿਆ। ਉਹ ਆਪਣੀ ਮਦਦ ਲਈ ਪੁਕਾਰਨ ਲੱਗਿਆ। ਇੰਨੇ ਵਿੱਚ ਇੱਕ ਡਾਇਨਾਸੋਰ ਆਇਆ ਜਿਸ ਨੂੰ ਦੇਖਕੇ ਭਾਲੂ ਡਰਦੇ ਮਾਰੇ ਰੋਣ ਲੱਗਾ। ਉਸ ਨੂੰ ਰੋਂਦੇ ਦੇਖ ਕੇ ਡਾਇਨਾਸੋਰ ਨੇ ਕਿਹਾ ‘ਰੋ ਨਾ ਮੇਰੇ ਭਾਈ, ਮੈਂ ਤੈਨੂੰ ਕੁਝ ਨਹੀਂ ਕਹਾਂਗਾ।’ ਪਰ ਭਾਲੂ ਰੋਈ ਜਾ ਰਿਹਾ ਸੀ।
‘ਮੈਂ ਮਾਸਾਹਾਰੀ ਨਹੀਂ। ਮੈਂ ਤੇਰੀ ਮਦਦ ਕਰਾਂਗਾ।’
ਭਾਲੂ ਨੇ ਡਾਇਨਾਸੋਰ ਦੀ ਗੱਲ ਤਾਂ ਸੁਣ ਲਈ, ਪਰ ਉਹ ਕੁਝ ਨਾ ਬੋਲਿਆ। ਉਸ ਦੇ ਅੰਦਰ ਮੌਤ ਦਾ ਡਰ ਸੀ। ਉਸ ਨੂੰ ਲੱਗ ਰਿਹਾ ਸੀ ਕਿ ਸਾਹਮਣੇ ਖੜ੍ਹਾ ਡਾਇਨਾਸੋਰ ਜਲਦੀ ਹੀ ਉਸਨੂੰ ਖਾ ਜਾਵੇਗਾ। ਪਰ ਇੰਜ ਨਾ ਹੋਇਆ। ਡਾਇਨਾਸੋਰ ਨੇ ਭਾਲੂ ਦੀ ਮਦਦ ਕੀਤੀ ਤੇ ਉਸ ਨੂੰ ਦਲਦਲ ਵਿੱਚੋਂ ਬਾਹਰ ਕੱਢਿਆ। ਭਾਲੂ ਦੇ ਮਨ ਵਿੱਚ ਅਜੇ ਵੀ ਡਰ ਸੀ ਕਿ ਸ਼ਾਇਦ ਡਾਇਨਾਸੋਰ ਉਸ ਨੂੰ ਬਾਹਰ ਕੱਢ ਕੇ ਖਾ ਜਾਵੇਗਾ। ਉਹ ਬਾਹਰ ਨਿਕਲ ਕੇ ਵੀ ਸਹਿਮਿਆ ਖੜ੍ਹਾ ਸੀ।
‘ਆ ਭਰਾ, ਨਦੀ ’ਤੇ ਚੱਲੀਏ। ਉੱਥੇ ਤੂੰ ਨਹਾ ਲਵੀਂ।’
ਭਾਲੂ ਕੁਝ ਨਾ ਬੋਲਿਆ। ਉਹ ਚੁੱਪਚਾਪ ਡਾਇਨਾਸੋਰ ਨਾਲ ਤੁਰ ਪਿਆ। ਉਹ ਦੋਵੋਂ ਨਦੀ ’ਤੇ ਪਹੁੰਚ ਗਏ। ਭਾਲੂ ਨੇ ਪਾਣੀ ਵੀ ਪੀ ਲਿਆ ਤੇ ਆਪਣੀ ਸਫ਼ਾਈ ਵੀ ਕਰ ਲਈ। ਫਿਰ ਵੀ ਉਸ ਦੇ ਦਿਲ ਵਿੱਚ ਡਾਇਨਾਸੋਰ ਦਾ ਡਰ ਸੀ।
‘ਅੱਛਾ, ਭਰਾ ਮੈਂ ਜਾਂਦਾ ਹਾਂ।’
‘ਤੂੰ ਕਿੱਥੇ ਜਾ ਰਿਹਾ ਭਰਾ?’
‘ਬੱਸ ਇੱਧਰ-ਓਧਰ ਹੀ ਚਰਨ ਚੱਲਿਆਂ।’
‘ਤੇਰਾ ਨਾਂ ਕੀ ਐ।’
‘ਮੇਰਾ ਨਾਂ ਪੀਟਰ ਐ।’
‘ਅੱਛਾ ਭਰਾ ਪੀਟਰ ਤੇਰਾ ਬਹੁਤ-ਬਹੁਤ ਧੰਨਵਾਦ। ਤੂੰ ਮੇਰੀ ਜਾਨ ਬਚਾਈ।’
‘ਧੰਨਵਾਦ ਵਾਲੀ ਗੱਲ ਨਹੀਂ। ਇਹ ਸਾਡਾ ਫ਼ਰਜ਼ ਐ। ਅਸੀਂ ਇੱਕ-ਦੂਜੇ ਦੀ ਮਦਦ ਕਰੀਏ।’
‘ਜਦੋਂ ਕਿਤੇ ਮੈਂ ਤੁਹਾਡੇ ਕੰਮ ਆਉਣਯੋਗ ਹੋਵਾਂ ਤਾਂ ਤੁਸੀਂ ਮੈਨੂੰ ਜ਼ਰੂਰ ਸੇਵਾ ਦਾ ਮੌਕਾ ਦੇਣਾ।’
‘ਠੀਕ ਐ। ਭਾਲੂ, ਭਰਾ, ਤੇਰਾ ਕੀ ਨਾਮ ਐ?’
‘ਮੇਰਾ ਨਾਂ ਭੋਲੂ ਹੈ।’
‘ਠੀਕ ਐ।’
ਇਸ ਤਰ੍ਹਾਂ ਪੀਟਰ ਤੇ ਭੋਲੂ ਦੀ ਆਪਸ ਵਿੱਚ ਦੋਸਤੀ ਹੋ ਗਈ। ਹੁਣ ਪੀਟਰ ਤੇ ਭੋਲੂ ਰੋਜ਼ ਮਿਲਦੇ। ਉਹ ਇੱਕ-ਦੂਜੇ ਦਾ ਹਾਲ ਪੁੱਛਦੇ। ਇੱਕ ਦਿਨ ਭੋਲੂ ਪੀਟਰ ਨੂੰ ਮਿਲਣ ਆਇਆ ਤਾਂ ਉਹ ਉਸ ਨੂੰ ਕਿਤੇ ਨਾ ਮਿਲਿਆ। ਭੋਲੂ ਨੂੰ ਚਿੰਤਾ ਹੋ ਗਈ। ਉਸ ਨੇ ਸੋਚਿਆ ਕਿ ਕਿਧਰੇ ਪੀਟਰ ਬਿਪਤਾ ਵਿੱਚ ਨਾ ਹੋਵੇ। ਉਹ ਪੀਟਰ ਨੂੰ ਲੱਭਣ ਤੁਰ ਪਿਆ। ਇੰਨੇ ਨੂੰ ਪੀਟਰ ਦੌੜਦਾ-ਦੌੜਦਾ ਆ ਰਿਹਾ ਸੀ। ਉਸ ਦਾ ਸਾਹ ਚੜ੍ਹਿਆ ਹੋਇਆ ਸੀ। ਉਸ ਨੂੰ ਇੰਜ ਦੇਖ ਕੇ ਭੋਲੂ ਨੂੰ ਪਤਾ ਲੱਗ ਗਿਆ ਕਿ ਜ਼ਰੂਰ ਕੋਈ ਮਾਸਾਹਾਰੀ ਡਾਇਨਾਸੋਰ ਉਸ ਦੇ ਪਿੱਛੇ ਹੈ। ਪੀਟਰ ਨੇ ਵੀ ਉਸ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਤੇ ਆਪ ਅੱਗੇ ਭੱਜਣ ਲੱਗਾ। ਭੋਲੂ ਦਾ ਇੱਕ ਘੋਟੂ ਨਾਂ ਦਾ ਬਾਂਦਰ ਦੋਸਤ ਸੀ। ਉਹ ਬਹੁਤ ਚਲਾਕ ਸੀ। ਭੋਲੂ ਨੇ ਸੋਚਿਆ ਕਿ ਕਿਉਂ ਨਾ ਘੋਟੂ ਦੀ ਮਦਦ ਲਈ ਜਾਵੇ। ਉਸ ਨੇ ਘੋਟੂ ਨੂੰ ਆਵਾਜ਼ ਦਿੱਤੀ। ਉਹ ਦਰੱਖਤ ਉੱਤੋਂ ਹੀ ਬੋਲਿਆ। ਭੋਲੂ ਨੇ ਆਪਣੇ ਦੋਸਤ ਪੀਟਰ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਹੋਣ ਦੀ ਗੱਲ ਦੱਸੀ ਤੇ ਮਦਦ ਕਰਨ ਲਈ ਕਿਹਾ। ਓਧਰ ਪੀਟਰ ਦਾ ਪਿੱਛਾ ਕਰਦਾ ਦੂਜਾ ਡਾਇਨਾਸੋਰ ਆ ਗਿਆ। ਘੋਟੂ ਨੇ ਦਰੱਖਤ ਦੀਆਂ ਟਾਹਣੀਆਂ ਤੋੜ ਕੇ ਉਸ ’ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਬਾਂਦਰ ਵੀ ਉਸ ਨਾਲ ਲੱਗ ਗਏ। ਡਾਇਨਾਸੋਰ ਉਲਝ ਗਿਆ। ਉਸ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਘੋਟੂ ਉਸ ਦੇ ਉੱਤੇ ਬੈਠ ਕੇ ਉਸ ਦੇ ਝਾੜੀਆਂ ਮਾਰਨ ਲੱਗਾ। ਭੋਲੂ ਉਸ ਦੇ ਹੇਠਾਂ ਖੜ੍ਹ ਕੇ ਕੁਤਕੁਤੀਆਂ ਕਰਨ ਲੱਗਾ। ਇਸ ਤਰ੍ਹਾਂ ਘੋਟੂ ਤੇ ਭੋਲੂ ਤੋਂ ਤੰਗ ਆ ਕੇ ਉਹ ਟਾਹਣੀਆਂ ਵਿੱਚ ਫਸਿਆ ਹੋਇਆ ਵੀ ਤੁਰਨ ਲੱਗਾ। ਤੁਰਦਾ-ਤੁਰਦਾ ਉਹ ਦਲਦਲ ਵਿੱਚ ਫਸ ਗਿਆ। ਹੁਣ ਉਸ ਨੂੰ ਨਿਕਲਣਾ ਮੁਸ਼ਕਿਲ ਹੋ ਗਿਆ। ਡਾਇਨਾਸੋਰ ਉੱਚੀ-ਉੱਚੀ ਆਪਣੀ ਮਦਦ ਲਈ ਪੁਕਾਰਨ ਲੱਗਾ। ਕੋਈ ਵੀ ਉਸ ਦੀ ਸਹਾਇਤਾ ਲਈ ਨਾ ਆਇਆ।
ਭੋਲੂ ਪੀਟਰ ਨੂੰ ਲੱਭਣ ਲਈ ਚਲ ਪਿਆ। ਉਸ ਨਾਲ ਘੋਟੂ ਵੀ ਚਲ ਪਿਆ।
ਅਚਾਨਕ ਘੋਟੂ ਦੀ ਨਜ਼ਰ ਪੀਟਰ ’ਤੇ ਪਈ। ਉਹ ਦਰੱਖਤਾਂ ਦੇ ਝੁੰਡ ਵਿੱਚ ਲੁਕਿਆ ਤੇ ਸਹਿਮਿਆ ਹੋਇਆ ਸੀ। ਘੋਟੂ ਨੇ ਭੋਲੂ ਨੂੰ ਦੱਸਿਆ ਤੇ ਉਹ ਉਸ ਨੂੰ ਆਵਾਜ਼ਾਂ ਦੇਣ ਲੱਗੇ। ਪੀਟਰ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਹ ਖ਼ੁਸ਼ ਹੋ ਕੇ ਬਾਹਰ ਆਇਆ। ਭੋਲੂ ਨੇ ਪੀਟਰ ਨੂੰ ਕਿਹਾ ‘ਵੀਰ ਮੇਰਾ ਦੁਸ਼ਮਣ ਤਾਂ ਦਲਦਲ ਵਿੱਚ ਫਸ ਗਿਆ। ਆ ਤੈਨੂੰ ਦਿਖਾਈਏ।’
‘ਕਿਵੇਂ?’ ਪੀਟਰ ਨੇ ਖ਼ੁਸ਼ੀ ਵਿੱਚ ਪੁੱਛਿਆ।
‘ਜਦੋਂ ਤੂੰ ਭੱਜਿਆ ਆ ਰਿਹਾ ਸੀ ਤਾਂ ਘੋਟੂ ਨੇ ਉਸ ਉੱਤੇ ਟਾਹਣੀਆਂ ਤੋੜ-ਤੋੜ ਕੇ ਸੁੱਟੀਆਂ। ਹੋਰ ਵੀ ਮਿੱਤਰ ਸਹਾਇਤਾ ਕਰਨ ਲੱਗੇ ਤੇ ਅਖੀਰ ਉਹ ਜਾਨ ਬਚਾ ਕੇ ਭੱਜਣ ਲੱਗਾ ਤੇ ਦਲਦਲ ਵਿੱਚ ਜਾ ਡਿੱਗਿਆ।’ ਘੋਟੂ ਤੇ ਭੋਲੂ ਨੇ ਸਾਰੀ ਗੱਲ ਦੱਸੀ।
‘ਕੀ ਉਹ ਸੱਚਮੁੱਚ ਹੀ ਦਲਦਲ ਵਿੱਚ ਏ?’
‘ਹਾਂ।’ ‘ਆਓ, ਚੱਲੀਏ।’
ਫਿਰ ਘੋਟੂ, ਪੀਟਰ ਤੇ ਭੋਲੂ ਡਾਇਨਾਸੋਰ ਨੂੰ ਦੇਖਣ ਚਲੇ ਗਏ।
ਡਾਇਨਾਸੋਰ ਨੂੰ ਮੁਸ਼ਕਿਲ ਵਿੱਚ ਫਸਾਉਣ ਵਾਲੀ ਗੱਲ ਤੋਂ ਪੀਟਰ ਬਹੁਤ ਖ਼ੁਸ਼ ਹੋਇਆ। ਉਸ ਨੇ ਭੋਲੂ ਤੇ ਘੋਟੂ ਨੂੰ ਵਾਰ-ਵਾਰ ਗਲਵੱਕੜੀ ਪਾ ਕੇ ਕਿਹਾ ‘ਦੋਸਤੀ ਰੱਬ ਦਾ ਨਾਂ ਹੈ।’

Facebook Comment
Project by : XtremeStudioz