Close
Menu

ਪੁਲਸ ਕਹੇ: ਸਾਨੂੰ ਦੱਸੋ ਸਮੱਸਿਆ

-- 06 August,2013

Punjab-Police

ਇਹ ਜਾਣ ਕੇ ਸਭ ਨੂੰ ਖੁਸ਼ੀ ਮਹਿਸੂਸ ਹੋਵੇਗੀ ਕਿ ਪੰਜਾਬ ਪੁਲਸ ਅੱਜ-ਕੱਲ੍ਹ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਬੇਚੈਨ ਹੈ। ਨਹੀਂ ਤਾਂ ਪਹਿਲਾਂ ਜਨਤਾ ਨੂੰ ਆਮ ਸ਼ਿਕਾਇਤ ਰਹਿੰਦੀ ਸੀ ਕਿ ਪੁਲਸ ਕਿਸੇ ਦੀ ਗੱਲ ਸੁਣਦੀ ਹੀ ਨਹੀਂ।
ਇਨ੍ਹੀਂ ਦਿਨੀਂ ਪੰਜਾਬ ਸੂਬੇ ਅੰਦਰ ਕੰਨ ਸਾਫ ਕਰਨ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ। ਰੇਲਵੇ ਸਟੇਸ਼ਨ ਤੋਂ ਲੈ ਕੇ ਬੱਸ ਸਟੈਂਡ, ਮਟਕਾ ਚੌਕ, ਸਕੱਤਰੇਤ ਪਾਰਕਾਂ ਤੋਂ ਲੈ ਕੇ ਹੋਰ ਅਨੇਕ ਅਜਿਹੀਆਂ ਥਾਵਾਂ ਹਨ ਜਿਥੇ ਕੰਨ ਸਾਫ ਕਰਨ ਵਾਲੇ ਨਜ਼ਰ ਆ ਰਹੇ ਹੋਣਗੇ। ਕੰਨ ਸਾਫ ਕਰਨ ਵਾਲੇ ਦੇ ਕੋਲ ਬੈਠੇ ਇਕ ਪੁਲਸ ਵਾਲੇ ਤੋਂ ਮੈਂ ਪੁੱਛਿਆ, ‘‘ਤੁਸੀਂ ਆਪਣੀ ਡਿਊਟੀ ਛੱਡ ਕੇ ਰੂੰ ਦੇ ਫੰਬੇ ਨਾਲ ਆਪਣੇ ਕੰਨ ਸਾਫ ਕਰਵਾ ਰਹੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ?”
ਪੁਲਸ ਵਾਲਾ ਗੁੱਸੇ ਹੋ ਗਿਆ। ਹੋਵੇ ਵੀ ਕਿਉਂ ਨਾ ਪੰਜਾਬ ਪੁਲਸ ਦਾ ਮੁਲਾਜ਼ਮ ਜੁ ਹੋਇਆ। ਉਹ ਥੋੜ੍ਹੀ ਉੱਚੀ ਆਵਾਜ਼ ਵਿੱਚ ਬੋਲਿਆ, ‘‘ਇਹ ਕੀ ਹੈ ਨਾ ਕਿ ਅਸੀਂ ਨਾ ਹੌਲੀ ਬੋਲ ਸਕਦੇ ਹਾਂ, ਨਾ ਹੌਲੀ ਸੁਣ ਸਕਦੇ ਹਾਂ। ਸਾਡਾ ਸੁਭਾਅ ਹੀ ਕੁਝ ਅਜਿਹਾ ਹੋ ਗਿਆ ਹੈ। ਸੱਚ ਦੱਸਾਂ ਤਾਂ ਅਸੀਂ ਝਿੜਕਾਂ ਹੀ ਖਾਂਦੇ ਹਾਂ। ਸਮਝ ਲਓ ਸਰਕਾਰ ਸਾਨੂੰ ਝਿੜਕਾਂ ਖਾਣ ਦੀ ਤਨਖਾਹ ਦਿੰਦੀ ਹੈ।”
‘‘ਕਹਿਣ ਦੇ ਲਈ ਅਸੀਂ ਪੁਲਸ ਵਾਲੇ ਹਾਂ, ਪਰ ਸਾਡੇ ਕੋਲ ਕੋਈ ਹੱਕ ਨਹੀਂ ਹੈ। ਸਾਰੇ ਕੰਮ ਜਾਂ ਤਾਂ ਅਸੀਂ ਵੱਡੇ ਅਫਸਰਾਂ ਤੋਂ ਹੁਕਮ ਲੈ ਕੇ ਕਰਦੇ ਹਾਂ ਜਾਂ ਫਿਰ ਗੁੰਡਾ ਗਿਰੋਹ ਦੇ ਮੁਖੀਆਂ ਦੇ ਕਹਿਣ ‘ਤੇ। ਕਹਿਣ ਦਾ ਮਤਲਬ ਇਕ ਪਾਸੇ ਖੂਹ ਤੇ ਦੂਸਰੇ ਪਾਸੇ. . .” ਬੋਲਦੇ ਹੋਏ ਉਸ ਨੇ ਆਪਣਾ ਦੂਸਰਾ ਕੰਨ ਸਾਫ ਕਰਵਾਉਣਾ ਸ਼ੁਰੂ ਕਰ ਦਿੱਤਾ।
ਕੰਨ ਸਾਫ ਕਰਨ ਵਾਲਾ ਆਦਮੀ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝ ਰਿਹਾ ਸੀ ਕਿ ਉਹ ਅੱਜ ਪੰਜਾਬ ਪੁਲਸ ਦੇ ਕੰਨ ਖਿੱਚਣ ਦੀ ਤਾਕਤ ਰੱਖਦਾ ਹੈ।
ਪੁਲਸ ਵਾਲੇ ਨੇ ਮੇਰੇ ਤੋਂ ਪੁੱਛਿਆ, ‘‘ਲੱਗਦਾ ਹੈ ਸਾਰੇ ਲੋਕ ਬੋਲੇ ਹੋ ਗਏ ਹਨ। ਨਾ ਸਰਕਾਰ ਕੋਈ ਮੁਸ਼ਕਲ ਸੁਣਦੀ ਹੈ ਨਾ ਮੁਲਾਜ਼ਮ ਸੁਣਦੇ ਹਨ। ਕੀ ਤੁਸੀਂ ਵੀ ਆਪਣੇ ਕੰਨ ਦੀ ਮੈਲ ਕਢਵਾਉਣ ਆਏ ਹੋ?”
ਮੈਂ ਪੁੱਛਿਆ, ‘‘ਕਿਉਂ?”
ਉਹ ਮੁਸਕਰਾ ਕੇ ਬੋਲਿਆ, ‘‘ਕੀ ਤੁਸੀਂ ਅਖਬਾਰ ਨਹੀਂ ਪੜ੍ਹਦੇ? ਅੱਜ-ਕੱਲ੍ਹ ਸਰਕਾਰ ਨੇ ਸਾਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਏ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰੀਏ। ਹੁਣ ਤੁਸੀਂ ਹੀ ਦੱਸੋ ਜਦੋਂ ਅਸੀਂ ਲੋਕਾਂ ਦੀਆਂ ਢੇਰ ਸਾਰੀਆਂ ਮੁਸ਼ਕਲਾਂ ਸੁਣਨੀਆਂ ਹਨ ਤਾਂ ਸਾਨੂੰ ਆਪਣੇ ਕੰਨ ਤਾਂ ਸਾਫ ਕਰਵਾਉਣੇ ਹੀ ਪੈਣਗੇ ਨਾ? ਰਹਿ ਗਈ ਗੱਲ ਚਿੰਤਾ ਦੀ ਤਾਂ ਹੁਣ ਤੁਸੀਂ ਹੀ ਦੱਸੋ ਕਿ ਚਿੰਤਾ ਕੋਈ ਮੱਖੀ ਤਾਂ ਹੈ ਨਹੀਂ ਕਿ ਤਾੜੀ ਵਜਾਈ ਅਤੇ ਉੱਡ ਗਈ।”
ਮੈਨੂੰ ਪੁਲਸ ਵਾਲੇ ‘ਤੇ ਰਹਿਮ ਆਇਆ। ਮੈਂ ਉਸ ਨੂੰ ਕਿਹਾ ਤੁਸੀਂ ਸੱਚਮੁੱਚ ਮਹਾਨ ਹੋ। ਨੇਕ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਵਧਾਈ ਦੇ ਹੱਕਦਾਰ ਹੋ। ਤੁਹਾਡੇ ‘ਤੇ ਸਮਾਜਿਕ ਸੁਰੱਖਿਆ, ਅਪਰਾਧ ਦੀਆਂ ਚਿੰਤਾਵਾਂ ਕਿਹੜੀਆਂ ਘੱਟ ਸਨ, ਜੋ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕੱਢਣ ਦੀ ਜ਼ਿੰਮੇਵਾਰੀ ਦਾ ਬੋਝ ਵੀ ਤੁਹਾਡੇ ਮੋਢਿਆਂ ‘ਤੇ ਪਾ ਦਿੱਤਾ।”
ਉਹ ਕੁਝ ਟੈਨਸ਼ਨ ਮੁਕਤ ਹੋਇਆ। ਉਸ ਦਾ ਗੁੰਮ ਹੋਇਆ ਆਤਮ ਵਿਸ਼ਵਾਸ ਦੁਬਾਰਾ ਬਣ ਰਿਹਾ ਸੀ। ਉਹ ਬੋਲਿਆ, ‘‘ਤੁਸੀਂ ਪਹਿਲੇ ਆਦਮੀ ਹੋ ਸਾਹਿਬ ਜਿਨ੍ਹਾਂ ਨੇ ਪੁਲਸ ਵਾਲਿਆਂ ਦੇ ਦਰਦ ਨੂੰ ਸਮਝਿਆ। ਜ਼ਿਆਦਾਤਰ ਲੋਕਾਂ ਦੀਆਂ ਨਜ਼ਰਾਂ ਵਿੱਚ ਪੁਲਸ ਤਾਂ ਮੁਫਤ ਦੀ ਤਨਖਾਹ ਲੈਣ ਵਾਲੀ ਹੈ। ਭ੍ਰਿਸ਼ਟਾਚਾਰੀ ਅਤੇ ਬੋਲੀ ਹੈ।”
ਮੈਂ ਉਸ ਨੂੰ ਹਿੰਮਤ ਦਿੰਦਿਆਂ ਕਿਹਾ, ‘‘ਭਾਈ ਸਾਹਿਬ ਇਹ ਗੱਲ ਨਹੀਂ ਹੈ। ਪੁਲਸ ਨੂੰ ਬਦਨਾਮ ਕਰਨ ਦੀ ਵਿਰੋਧੀਆਂ ਦੀ ਚਾਲ ਹੈ। ਉਪਰ ਵਾਲਾ ਵੀ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਖੁਦ ਕਰਦਾ ਹੈ। ਇਹ ਤੁਸੀਂ ਬਚਪਨ ਵਿੱਚ ਪੜ੍ਹਿਆ ਹੀ ਹੋਵੇਗਾ।
ਹੁਣ ਤੁਸੀਂ ਹੀ ਦੱਸੋ ਕਿ ਤੁਹਾਡਾ ਮਹਿਕਮਾ ਲੋਕਾਂ ਨੂੰ ਵਾਰ-ਵਾਰ ਅਪੀਲ ਕਰਦਾ ਹੈ ਕਿ ਜਦੋਂ ਵੀ ਕੋਈ ਸ਼ਹਿਰ ਤੋਂ ਬਾਹਰ ਜਾਵੇ ਤਾਂ ਪੁਲਸ ਨੂੰ ਸੂਚਿਤ ਕਰੋ। ਅੱਜ ਤੱਕ ਕਿਸੇ ਨੇ ਇਸ ਅਪੀਲ ‘ਤੇ ਧਿਆਨ ਦਿੱਤਾ ਹੈ? ਕਿਸੇ ਨੇ ਪੁਲਸ ਨੂੰ ਲਿਖਤੀ ਤੌਰ ‘ਤੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਤੁਹਾਡੀਆਂ ਸੇਵਾਵਾਂ ਦੀ ਜ਼ਰੂਰਤ ਹੈ। ਚੋਰ ਤਾਂ ਬੱਸ ਇੰਤਜ਼ਾਰ ਕਰਦੇ ਹਨ ਕਿ ਕਿਸੇ ਦੇ ਘਰ ਜਿੰਦਰਾ ਵੱਜਿਆ ਦਿਸਿਆ, ਬਸ ਕਰ ਦਿੱਤਾ ਹੱਥ ਸਾਫ। ਸਾਮਾਨ ਤਾਂ ਚੋਰੀ ਕਰਨਾ ਹੀ ਹੁੰਦਾ ਹੈ ਛਾਬੇ ‘ਚ ਬਚੀਆਂ ਰਾਤ ਦੀਆਂ ਬੇਹੀਆਂ ਰੋਟੀਆਂ ਵੀ ਖਾ ਜਾਂਦੇ ਹਨ। ਖਾਲੀ ਬਚਿਆ ਛਾਬਾ ਵੀ ਪੰਡ ‘ਚ ਬੰਨ੍ਹ ਲੈਂਦੇ ਹਨ। ਫਿਰ ਲੋਕ ਬਜ਼ਾਰਾਂ ‘ਚ ਥਾਣਿਆਂ ਅੱਗੇ ਰੋਸ ਪ੍ਰਦਰਸ਼ਨ ਕਰਦੇ ਹਨ ਕਿ ਪੁਲਸ ਨਿਕੰਮੀ ਹੈ।”
ਪੁਲਸ ਵਾਲਾ ਆਪਣੀ ਤਾਰੀਫ ਸੁਣ ਕੇ ਫੁੱਲਿਆ ਨਹੀਂ ਸਮਾ ਰਿਹਾ ਸੀ। ਬੋਲਿਆ, ‘‘ਤੁਸੀਂ ਕਿੱਥੇ ਰਹਿੰਦੇ ਹੋ? ਸਾਡੀਆਂ ਸੇਵਾਵਾਂ ਬਾਰੇ ਤੁਹਾਡੇ ਵਿਚਾਰ ਸੁਣ ਕੇ ਅਸੀਂ ਧੰਨ ਹੋ ਗਏ। ਬਸ, ਤੁਸੀਂ ਚਿੰਤਾ ਮੁਕਤ ਰਹੋ। ਮਹੀਨਾ ਘਰ ਤੋਂ ਬਾਹਰ ਰਹੋ। ਤੁਹਾਡਾ ਘਰ ਮਹਿਫੂਜ਼ ਰਹੇਗਾ।” ਕਹਿੰਦੇ ਹੋਏ ਉਸ ਨੇ ਇਕ ਫਾਰਮ ਅੱਗੇ ਵਧਾ ਦਿੱਤਾ।
ਮੈਂ ਉਸ ਨੂੰ ਧਿਆਨ ਨਾਲ ਪੜ੍ਹਿਆ, ਲਿਖਿਆ ਸੀ ਕਿ ਆਪਣੀਆਂ ਮੁਸ਼ਕਲਾਂ ਸਾਨੂੰ ਦੱਸੋ, ਚਿੰਤਾਵਾਂ ਦੂਰ ਭਜਾਓ, ਜੇਕਰ ਤੁਹਾਨੂੰ ਕੋਈ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਤੁਸੀਂ ਨਿਸ਼ਚਿੰਤ ਹੋ ਕੇ ਸਾਨੂੰ ਹੇਠ ਲਿਖੇ ਪਤੇ ‘ਤੇ ਲਿਖ ਕੇ ਭੇਜੋ ਜਾਂ ਟੋਲ ਫਰੀ ਫੋਨ ਕਰੋ।
ਨਾਗਰਿਕ ਹੈਲਪ ਲਾਈਨ ‘ਤੇ ਫੋਨ ਕਰ ਕੇ ਸਾਡੀ ਸੇਵਾ ਦਾ ਤੁਰੰਤ ਲਾਭ ਉਠਾ ਸਕਦੇ ਹਨ। ਤੁਹਾਡੀ ਸੇਵਾ ਵਿੱਚ ‘ਪੰਜਾਬ ਪੁਲਸ’ ।
ਸਭ ਤੋਂ ਆਖਿਰ ਵਿੱਚ ਕਰਨੇ ਸਨ ਦਸਤਖ਼ਤ। ਥੱਲੇ ਜਗ੍ਹਾ ਸੀ, ਆਪਣਾ ਨਾਮ, ਐਡਰੈੱਸ, ਫੋਨ ਨੰਬਰ ਅਤੇ ਮੁਸ਼ਕਲ।
ਪੁਲਸ ਦੇ ਫਾਰਮ ‘ਤੇ ਦਸਤਖ਼ਤ ਕਰਨ ਤੋਂ ਪਹਿਲਾਂ ਹਰ ਪੰਜਾਬੀ ਆਦਮੀ ਦੀ ਆਤਮਾ ਕੰਬ ਜਾਂਦੀ ਹੈ। ਮੇਰੀ ਵੀ ਆਤਮਾ ਕੰਬ ਗਈ। ਮੈਂ ਡਰਦੇ ਹੋਏ ਨੇ ਕਿਹਾ, ‘‘ਮੇਰੀ ਕੋਈ ਮੁਸ਼ਕਲ ਨਹੀਂ ਹੈ, ਫਿਰ ਤੁਹਾਡੇ ਹੁੰਦੇ ਹੋਏ ਮੈਨੂੰ ਚਿੰਤਾ ਜਾਂ ਡਰ ਕੀ ਹੋ ਸਕਦਾ ਹੈ?”
ਮੈਂ ਅੱਗੇ ਆਪਣੀ ਗੱਲ ਜਾਰੀ ਰੱਖਦਾ, ਇਸ ਤੋਂ ਪਹਿਲਾਂ ਪੁਲਸ ਵਾਲਾ ਬੋਲਿਆ, ‘‘ਸਾਹਿਬ, ਤੁਸੀਂ ਮੈਨੂੰ ਕਿਸੇ ਵੀ ਇਕ ਆਦਮੀ ਨਾਲ ਮਿਲਵਾ ਦੇਵੋ, ਜਿਸ ਦੀ ਮੈਂ ਮੁਸ਼ਕਲ ਸੁਣ ਸਕਾਂ ਅਤੇ ਉਸ ਦੀ ਚਿੰਤਾ ਦੂਰ ਕਰ ਕੇ ਆਪਣੇ ਆਪ ਨੂੰ ਤਾਰੀਫਯੋਗ ਬਣਾ ਲਵਾਂ। ਮੈਂ ਆਪਣਾ ਬਣਦਾ ਫਰਜ਼ ਪੂਰਾ ਕਰ ਲਵਾਂ।”
ਮੈਂ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ, ਕੋਈ ਨਾ ਕੋਈ ਜ਼ਰੂਰ ਆਵੇਗਾ ਤੇਰੀ ਮਦਦ ਕਰਨ ਲਈ ਮੇਰੀਆਂ ਸ਼ੁੱਭ ਕਾਮਨਾਵਾਂ ਤੇਰੇ ਨਾਲ ਹਨ।”
ਮੈਂ ਸੋਚ ਰਿਹਾ ਸੀ ਕਿ ਸਰਕਾਰ ਦਾ ਕੀ ਐ, ਬਸ ਅਖਬਾਰਾਂ ਵਿੱਚ ਨਿਯਮਿਤ ਇਸ਼ਤਿਹਾਰ ਛਪਦੇ ਰਹਿਣੇ ਚਾਹੀਦੇ ਹਨ। ਜਿਸ ਨਾਲ ਲੋਕਾਂ ਨੂੰ ਸੁਨੇਹਾ ਮਿਲਦਾ ਰਹੇ ਕਿ ਸਰਕਾਰ ਕੰਮ ਕਰ ਰਹੀ ਹੈ ਜਾਂ ਨਹੀਂ। ਪੁਲਸ ਨੂੰ ਆਪਣੀ ਸਮੱਸਿਆ ਦੱਸ ਕੇ ਮਰਨਾ।
ਮੈਂ ਪਿੱਛੇ ਮੂੰਹ ਘੁਮਾ ਕੇ ਵੇਖਿਆ ਕਿ ਪੁਲਸ ਵਾਲਾ ਕੰਨ ਸਾਫ ਕਰਨ ਵਾਲੇ ਤੋਂ ਰੂੰ ਮੰਗ ਰਿਹਾ ਹੈ, ਜਿਸ ਨਾਲ ਕੰਨ ਤੇ ਹੱਥ ‘ਤੇ ਹੋ ਰਹੀ ਖੁਰਕ ਦੂਰ ਕਰ ਸਕੇ। ਉਹ ਅਜਿਹੇ ਆਦਮੀ ਦੀ ਭਾਲ ਕਰ ਰਿਹਾ ਸੀ, ਜਿਹੜਾ ਆਪਣੀ ਮੁਸ਼ਕਲ ਦੱਸ ਕੇ ਉਸ ਨੂੰ ਮਦਦ ਕਰਨ ਦਾ ਮੌਕਾ ਦੇਵੇ।

Facebook Comment
Project by : XtremeStudioz