Close
Menu

ਪੰਜਵੇਂ ਗੇੜ ਵਿੱਚ 63.5 ਫੀਸਦ ਪੋਲਿੰਗ

-- 07 May,2019

ਨਵੀਂ ਦਿੱਲੀ, 7 ਮਈ
ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਤਹਿਤ ਅੱਜ ਸੱਤ ਰਾਜਾਂ ਵਿਚਲੀਆਂ 51 ਸੰਸਦੀ ਸੀਟਾਂ ਲਈ ਵੋਟਾਂ ਦਾ ਅਮਲ ਸਿਰੇ ਚੜ੍ਹ ਗਿਆ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਨ੍ਹਾਂ ਸੀਟਾਂ ਲਈ ਕੁੱਲ ਮਿਲਾ ਕੇ 63.5 ਫੀਸਦ ਪੋਲਿੰਗ ਹੋਈ। ਵੋਟਿੰਗ ਦੌਰਾਨ ਜਿੱਥੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪੋਲਿੰਗ ਬੂਥ ’ਤੇ ਗ੍ਰੇਨੇਡ ਹਮਲਾ ਹੋਇਆ, ਉਥੇ ਪੱਛਮੀ ਬੰਗਾਲ ਵਿੱਚ ਬਨਗਾਓਂ, ਹੁਗਲੀ ਤੇ ਬੈਰਕਪੋਰਾ ਸੀਟਾਂ ’ਤੇ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਰਕਰਾਂ ਵਿਚਾਲੇ ਝੜੱਪਾਂ ਹੋਈਆਂ। ਕਈ ਥਾਈਂ ਚੋਣਾਂ ਦਾ ਕੰਮ ਸ਼ੁਰੂ ਹੁੰਦਿਆਂ ਹੀ ਵੋਟਿੰਗ ਮਸ਼ੀਨਾਂ ’ਚ ਨੁਕਸ ਪੈਣ ਦੀਆਂ ਵੀ ਖ਼ਬਰਾਂ ਹਨ। ਇਸ ਦੌਰਾਨ ਮੱਧ ਪ੍ਰਦੇਸ਼ ਵਿੱਚ ਹੋਮ ਗਾਰਡ ਸਮੇਤ ਚੋਣ ਡਿਊਟੀ ’ਤੇ ਤਾਇਨਾਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਵੋਟਿੰਗ ਦਾ ਅਮਲ ਮੁਕੰਮਲ ਹੋਣ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਸਮ੍ਰਿਤੀ ਇਰਾਨੀ ਜਿਹੇ ਪਾਰਟੀ ਆਗੂਆਂ ਦੀ ਕਿਸਮਤ ਈਵੀਐਮਜ਼ ’ਚ ਬੰਦ ਹੋ ਗਈ ਹੈ। ਜੰਮੂ ਕਸ਼ਮੀਰ ’ਚ ਵੋਟਿੰਗ ਦੀ ਸ਼ੁਰੂਆਤ ਹਿੰਸਾ ਨਾਲ ਹੋਈ। ਦਹਿਸ਼ਤਗਰਦਾਂ ਨੇ ਪੁਲਵਾਮਾ ਵਿੱਚ ਰੋਹਮੂ ਪੋਲਿੰਗ ਸਟੇਸ਼ਨ ’ਤੇ ਗ੍ਰੇਨੇਡ ਸੁੱਟਿਆ, ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅਨੰਤਨਾਗ ਸੰਸਦੀ ਹਲਕੇ ਲਈ ਅੱਜ ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਵਿਚ ਵੋਟਾਂ ਪਈਆਂ। ਇਸ ਸੰਸਦੀ ਹਲਕੇ ਤੋਂ ਪੀਡੀਪੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਸਮੇਤ 18 ਉਮੀਦਵਾਰ ਮੈਦਾਨ ਵਿੱਚ ਹਨ। ਦਹਿਸ਼ਤਗਰਦਾਂ ਦੇ ਖੌਫ਼ ਤੇ ਵੱਖਵਾਦੀਆਂ ਵੱਲੋਂ ਦਿੱਤੇ ਬਾਇਕਾਟ ਦੇ ਸੱਦੇ ਦੇ ਚਲਦਿਆਂ ਸ਼ੋਪੀਆਂ ਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਮਹਿਜ਼ ਤਿੰਨ ਫੀਸਦ ਜਦੋਂਕਿ ਲੱਦਾਖ ਵਿੱਚ 64 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ। ਇਸ ਦੌਰਾਨ ਸੜਕਾਂ ’ਤੇ ਸੁੰਨ ਪੱਸਰੀ ਰਹੀ ਤੇ ਸਲਾਮਤੀ ਦਸਤਿਆਂ ਤੇ ਮੀਡੀਆ ਕਰਮੀਆਂ ਦੇ ਵਾਹਨਾਂ ਦੀ ਆਮਦੋ-ਰਫ਼ਤ ਹੀ ਰਹੀ। ਉੱਤਰ ਪ੍ਰਦੇਸ਼ ਦੀਆਂ 14 ਸੰਸਦੀ ਸੀਟਾਂ ਲਈ 57.33 ਫੀਸਦ ਤੋਂ ਵੱਧ ਵੋਟਾਂ ਪਈਆਂ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਬਸਪਾ ਸੁਪਰੀਮੋ ਮਾਇਆਵਤੀ, ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਤੇ ਡੀਜੀਪੀ ਓਪੀ. ਸਿੰਘ ਨੇ ਸਾਜਰੇ ਹੀ ਸੂਬਾਈ ਰਾਜਧਾਨੀ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਦੌਰਾਨ ਕੁਝ ਪੋਲਿੰਗ ਬੂਥਾਂ ’ਤੇ ਈਵੀਐਮਜ਼ ’ਚ ਨੁਕਸ ਪੈਣ ਦੀਆਂ ਸ਼ਿਕਾਇਤਾਂ ਆਈਆਂ, ਜਿਨ੍ਹਾਂ ਨੂੰ ਜਲਦੀ ਹੀ ਦਰੁਸਤ ਕਰ ਲਿਆ ਗਿਆ। ਕਾਂਗਰਸ ਪਰਿਵਾਰ ਦਾ ਗੜ੍ਹ ਕਹੇ ਜਾਂਦੇ ਅਮੇਠੀ ਵਿੱਚ 53 ਫੀਸਦ ਪੋਲਿੰਗ ਹੋਈ। ਰਾਜਸਥਾਨ ਦੀਆਂ 12 ਸੰਸਦੀ ਸੀਟਾਂ ਲਈ 124 ਉਮੀਦਵਾਰ ਮੈਦਾਨ ’ਚ ਸਨ, ਜਿਨ੍ਹਾਂ ’ਚੋਂ ਦੋ ਸਾਬਕਾ ਓਲੰਪੀਅਨ ਵੀ ਸ਼ਾਮਲ ਹਨ। ਰਾਜਸਥਾਨ ਵਿੱਚ 63.78 ਫੀਸਦ ਵੋਟਾਂ ਪੋਲ ਹੋਈਆਂ। ਭਾਜਪਾ ਨੇ ਸੀਕਰ ਸੰਸਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਸੁਭਾਸ਼ ਮੇਹਾਰੀਆਂ ’ਤੇ ਪਾਰਟੀ ਵਰਕਰ ਨੂੰ ਕਥਿਤ ਅਗਵਾ ਤੇ ਹਮਲਾ ਕਰਨਾ ਦਾ ਦੋਸ਼ ਲਾਇਆ। ਪਾਰਟੀ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ। ਮੱਧ ਪ੍ਰਦੇਸ਼ ਦੀਆਂ ਸੱਤ ਸੰਸਦੀ ਸੀਟਾਂ ਲਈ 63.88 ਫੀਸਦ ਫੀਸਦ ਵੋਟਾਂ ਪਈਆਂ। ਝਾਰਖੰਡ ਦੀਆਂ ਚਾਰ ਸੀਟਾਂ ਤੇ ਬਿਹਾਰ ਦੀਆਂ ਪੰਜ ਸੀਟਾਂ ਲਈ ਕ੍ਰਮਵਾਰ 63.72 ਤੇ 57.86 ਫੀਸਦ ਪੋਲਿੰਗ ਦਰਜ ਕੀਤੀ ਗਈ। ਬਿਹਾਰ ਵਿੱਚ ਇਕ ਦੋ ਥਾਵਾਂ ’ਤੇ ਈਵੀਐਮਜ਼ ਵਿੱਚ ਵਿਗਾੜ ਪੈਣ ਤੋਂ ਛੁੱਟ ਚੋਣ ਅਮਲ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ।
ਪੱਛਮੀ ਬੰਗਾਲ ਵਿੱਚ ਟੀਐੱਮਸੀ ਤੇ ਭਾਜਪਾ ਵਰਕਰਾਂ ਵਿਚਾਲੇ ਹੋਈ ਝੜੱਪ ਦੌਰਾਨ ਸੱਤ ਸੰਸਦੀ ਸੀਟਾਂ ਲਈ 74.42 ਫੀਸਦ ਵੋਟਾਂ ਪਈਆਂ। ਕੇਂਦਰੀ ਬਲਾਂ ਵੱਲੋਂ ਕੀਤੇ ਲਾਠੀਚਾਰਜ ਵਿੱਚ ਇਕ ਉਮੀਦਵਾਰ ਜ਼ਖ਼ਮੀ ਹੋ ਗਿਆ। ਕੁਝ ਥਾਈਂ ਉਮੀਦਵਾਰਾਂ ਦੇ ਪੋਲਿੰਗ ਏਜੰਟ ਨਾਲ ਕੁੱਟਮਾਰ ਕੀਤੀ ਗਈ।
ਪੰਜਵੇਂ ਗੇੜ ਤਹਿਤ ਕੁੱਲ 8.75 ਕਰੋੜ ਵੋਟਰ 674 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫੈਸਲਾ ਕਰਨਗੇ। ਪਿਛਲੀ ਵਾਰ 2014 ਵਿੱਚ ਸੱਤਾਧਾਰੀ ਭਾਜਪਾ ਨੇ ਸੱਤ ਰਾਜਾਂ ਦੀਆਂ ਇਨ੍ਹਾਂ 51 ਸੀਟਾਂ ’ਚੋਂ 40 ’ਤੇ ਕਮਲ ਖਿੜਾਇਆ ਸੀ। ਅੱਜ ਦੇ ਗੇੜ ਮਗਰੋਂ ਕੁੱਲ 424 ਸੀਟਾਂ ਲਈ ਵੋਟਿੰਗ ਦਾ ਅਮਲ ਪੂਰਾ ਹੋ ਗਿਆ ਹੈ। ਬਾਕੀ ਰਹਿੰਦੀਆਂ 118 ਸੀਟਾਂ ਲਈ ਛੇਵੇਂ ਤੇ ਸੱਤਵੇਂ ਪੜਾਅ ਤਹਿਤ ਵੋਟਾਂ 12 ਮਈ ਤੇ 19 ਮਈ ਨੂੰ ਪੈਣਗੀਆਂ।

Facebook Comment
Project by : XtremeStudioz