Close
Menu

ਪੰਜਾਬ ਦੇ ਚੋਣ ਅਖਾੜੇ ’ਚ ਕੁੱਦੀ ਸਾਡੀ ਸੋਚ ਪਾਰਟੀ

-- 17 September,2016

ਪੰਜਾਬ ਵਿਧਾਨ ਸਭਾ ਚੋਣਾਂ ਦੇ ਸਿਆਸੀ ਪਿੜ ’ਚੋਂ ਆਏ ਦਿਨ ਨਵੀਆਂ ਧਿਰਾਂ ਪੁੰਗਰ ਰਹੀਆਂ ਹਨ। ਇਸੇ ਦੌਰਾਨ ਸਾਡੀ ਸੋਚ ਪਾਰਟੀ ਹੋਂਦ ਵਿੱਚ ਆਈ ਹੈ। ਇਹ ਪਾਰਟੀ ਪੰਜਾਬ ਦੇ ਸਾਬਕਾ ਅਧਿਕਾਰੀਆਂ ਅਤੇ ਵਪਾਰੀਆਂ ਵੱਲੋਂ ਬਣਾਈ ਗਈ ਹੈ।
ਸਾਡੀ ਸੋਚ ਪਾਰਟੀ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ, ਮੀਤ ਪ੍ਰਧਾਨ ਪੰਜਾਬ ਦੇ ਸਾਬਕਾ ਅਧਿਕਾਰੀ ਪ੍ਰੇਮ ਗਰਗ, ਜਨਰਲ ਸਕੱਤਰ ਸਰਕਲ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਬਾਨੀ ਜਨਰਲ ਸਕੱਤਰ ਪ੍ਰੋਫ਼ੈਸਰ ਜੇ.ਪੀ. ਸ਼ਰਮਾ, ਖ਼ਜ਼ਾਨਚੀ ਰੁਪਿੰਦਰ ਸਿੰਘ ਵਿਰਕ ਤੇ ਮਹਿਲਾ ਵਿੰਗ ਦੀ ਪ੍ਰਧਾਨ ਸੁਨੀਤਾ ਠਾਕੁਰ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਉਹ 117 ਵਿਧਾਨ ਸਭਾ ਹਲਕਿਆਂ ’ਚ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬੀਆਂ ਨੂੰ ਵੱਡੀਆਂ ਆਸਾਂ ਦਿਖਾ ਕੇ ਚੋਣ ਮੈਦਾਨ ਵਿੱਚ ਉੱਤਰੀ ਸੀ ਪਰ ਇਸ ਪਾਰਟੀ ਦੇ ਆਗੂਆਂ ਦੀ ਆਪਾਧਾਪੀ ਕਾਰਨ ਲੋਕ ਪਾਰਟੀ ਤੋਂ ਨਿਰਾਸ਼ ਹੋ ਚੁੱਕੇ ਹਨ। ਇਸੇ ਤਰ੍ਹਾਂ ਲੋਕ ਸਿੱਧੂ ਜੋੜੀ ਅਤੇ ਸ੍ਰੀ ਛੋਟੇਪੁਰ ਦੀ ਮੌਕਾਪ੍ਰਸਤੀ ਨੂੰ ਭਾਂਪ ਚੁੱਕੇ ਹਨ। ਇਸ ਕਾਰਨ ਪੰਜਾਬੀ ਚੰਗੀ ਸੋਚ ਵਾਲੇ ਆਗੂਆਂ ਦੀ ਭਾਲ ਕਰ ਰਹੇ ਹਨ ਤੇ ਉਨ੍ਹਾਂ ਨੇ ‘ਸਾਡੀ ਸੋਚ’ ਨਾਮ ਦੀ ਪਾਰਟੀ ਬਣਾ ਕੇ ਚੰਗੀ ਸੋਚ ਵਾਲੇ ਬੰਦੇ ਇਕੱਠੇ ਕਰਨ ਦਾ ਬੀੜਾ ਚੁੱਕਿਆ ਹੈ। ਇਸ ਮੌਕੇ ਉਨ੍ਹਾਂ ਮੈਨੀਫੈਸਟੋ ਜਾਰੀ ਕਰਕੇ ਪੰਜਾਬੀਆਂ ਨਾਲ ਕਈ ਵੱਡੇ ਵਾਅਦੇ ਵੀ ਕੀਤੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਪਾਰਟੀ, ਜੈ ਜਵਾਨ ਜੈ ਕਿਸਾਨ ਪਾਰਟੀ, ਡੈਮੋਕ੍ਰੇਟਿਕ ਸਵਰਾਜ ਪਾਰਟੀ ਤੇ ਡੈਮੋਕ੍ਰੇਟਿਕ ਪੰਜਾਬ ਪਾਰਟੀ ਆਦਿ ਹੋਂਦ ਵਿੱਚ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਵੀ ਕੁਝ ਹੋਰ ਧਿਰਾਂ ਸਮੇਤ ਸਿਆਸੀ ਧਿਰ ਬਣਾਉਣ ਦਾ ਐਲਾਨ ਕਰ ਚੁੱਕੇ ਹਨ।
ਇਸੇ ਤਰ੍ਹਾਂ ‘ਆਪ’ ਦੇ ਸੂਬਾ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਵੀ ਆਪਣੇ ਸਾਥੀਆਂ ਸਮੇਤ ਨਵੇਂ ਸਿਆਸੀ ਫਰੰਟ ਲਈ ਪੱਬਾਂ ਭਾਰ ਹਨ। ਇਸ ਤੋਂ ਇਲਾਵਾ ਆਵਾਜ਼-ਏ-ਪੰਜਾਬ ਦਾ ਐਲਾਨ ਕਰ ਚੁੱਕੇ ਭਾਜਪਾ ਨੂੰ ਅਲਵਿਦਾ ਕਹਿਣ ਵਾਲੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ, ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਤੇ ਪ੍ਰਗਟ     ਸਿੰਘ ਵੀ ਨਵੀਂ ਸਿਆਸੀ ਪਾਰਟੀ ਦੀ ਰੂਪ-ਰੇਖਾ ਤਿਆਰ ਕਰ ਚੁੱਕੇ ਹਨ। ਦਿਲਚਸਪ    ਗੱਲ ਇਹ ਹੈ ਕਿ ਨਵੀਆਂ ਪਾਰਟੀਆਂ ਇਸ ਵਾਰ ਪੁਰਾਣੀਆਂ ਰਵਾਇਤੀ ਪਾਰਟੀਆਂ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਅਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀਪੀਆਈਐਮ) ਤੋਂ ਵੱਧ ਚਰਚਾ  ’ਚ ਹਨ।

Facebook Comment
Project by : XtremeStudioz