Close
Menu

ਪੰਜਾਬ ਵਿੱਚ ਕਾਂਗਰਸ ਦੀ ਨਹੀਂ, ਅਮਰਿੰਦਰ ਸਿੰਘ ਦੀ ਜਿੱਤ

-- 17 March,2017

ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਰਥ ਸਮਝਣ ਲਈ ਇੱਕ-ਦੂਜੇ ਨਾਲ ਜੁੜੇ ਤਿੰਨ ਸਵਾਲ ਪੁੱਛੇ ਜਾ ਸਕਦੇ ਹਨ। ਪਹਿਲਾ, ਅਕਾਲੀ-ਭਾਜਪਾ ਗੱਠਜੋੜ ਕਿਉਂ ਹਾਰ ਗਿਆ? ਦੂਜਾ, ‘ਆਪ’ ਦੀ ਜਿੱਤ ਕਿਉਂ ਨਹੀਂ ਹੋਈ? ਅਤੇ ਤੀਜਾ, ਕਾਂਗਰਸ ਕਿਉਂ ਜਿੱਤੀ? ਮੈਂ ਇਸ ਬਾਰੇ ਅਸਹਿਜ-ਅਨੁਭਵੀ ਬਿਆਨ ਨਾਲ ਥੋੜ੍ਹਾ ਵੱਖਰੇ ਤਰੀਕੇ ਇਹ ਗੱਲ ਕਹਾਂਗਾ ਕਿ ਪੰਜਾਬ ਵਿੱਚ ਇਹ ਕਾਂਗਰਸ ਪਾਰਟੀ ਦੀ ਜਿੱਤ ਨਹੀਂ ਹੈ। ਇਹ ਕਾਂਗਰਸ ਦੀ ਪੁਨਰ-ਸੁਰਜੀਤੀ ਵੀ ਨਹੀਂ ਹੈ ਕਿਉਂਕਿ ਲੰਮੇ ਸਮੇਂ ਤੋਂ ਚਲੇ ਆ ਰਹੇ ਰੁਝਾਨ ਮੁਤਾਬਿਕ ਭਾਰਤ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਕਾਂਗਰਸ ਪਾਰਟੀ ਨਿਵਾਣਾਂ ਵੱਲ ਜਾ ਰਹੀ ਹੈ। ਪੰਜਾਬ ਵਿੱਚ ਇਹ ਮੂਲ ਰੂਪ ਵਿੱਚ ਅਮਰਿੰਦਰ ਸਿੰਘ ਦੀ ਜਿੱਤ ਹੈ। ਸਮੁੱਚੇ ਰੂਪ ਵਿੱਚ ਉਹ ਪੰਜਾਬ ਤੋਂ ਇੱਕ ਵਿਲੱਖਣ ਕਾਂਗਰਸ ਆਗੂ ਹਨ।
ਪੰਜਾਬ ਨਾਲ ਸਬੰਧਤ ਸਾਰੇ ਕਾਂਗਰਸੀ ਆਗੂ ਅਤੇ ਇੱਥੋਂ ਤਕ ਕਿ ਪੰਜਾਬ ਦੇ ਹੁਣ ਤਕ ਦੇ ਸਭ ਤੋਂ ਵੱਧ ਕੱਦਾਵਰ ਆਗੂ ਵਜੋਂ ਪੇਸ਼ ਕੀਤੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੀ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਦੇ ਜੀ-ਹਜ਼ੂਰੀਏ ਬਣੇ ਰਹੇ ਹਨ। ਅਮਰਿੰਦਰ ਸਿੰਘ ਇਸ ਪੱਖ ਤੋਂ ਵੱਖਰੇ ਹਨ। ਉਨ੍ਹਾਂ ਨੇ ਜੀ ਹਜ਼ੂਰੀਆਂ ਵਾਲੀ ਕਲਚਰ ਤੋਂ ਖ਼ੁਦ ਨੂੰ ਲਾਂਭੇ ਰੱਖਿਆ ਹੈ। ਉਨ੍ਹਾਂ ਨੇ ਜੂਨ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤਹਿਤ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੌਰਾਨ ਕੀਤੀ ਗਈ ਫ਼ੌਜੀ ਕਾਰਵਾਈ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਾਂਗਰਸ ਪਾਰਟੀ ਅਤੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇੰਦਰਾ ਗਾਂਧੀ ਨੇ ਇਹ ਕਦਮ ਚੁੱਕਣ ਕਾਰਨ ਉਨ੍ਹਾਂ ਨੂੰ ‘ਜਜ਼ਬਾਤੀ ਮੂਰਖ’ ਕਿਹਾ ਸੀ ਜਦੋਂਕਿ ਇਸ ਖ਼ੌਫ਼ਨਾਕ ਅਪਰੇਸ਼ਨ ਕਾਰਨ ਸਦਮੇ ਵਿੱਚ ਆਏ ਪੂਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਨੇ ਅਮਰਿੰਦਰ ਸਿੰਘ ਦੇ ਕਦਮ ਦੀ ਕੌਮ ਦੀ ਸ਼ਾਨ ਅਤੇ ਸਾਂਝੇ ਮਾਣ ਨੂੰ ਦਿੜ੍ਹ ਕਰਵਾਉਣ ਵਾਲੀ ਕਾਰਵਾਈ ਵਜੋਂ ਸ਼ਲਾਘਾ ਕੀਤੀ ਸੀ। ਫਿਰ, ਪੰਜਾਬ ਦੇ ਮੁੱਖ ਮੰਤਰੀ (2002-07) ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੰਜਾਬ ਨਾਲ ਸਬੰਧਿਤ ਦਰਿਆਈ ਪਾਣੀਆਂ ਦੀ ਵਰਤੋਂ ਸਬੰਧੀ ਉਨ੍ਹਾਂ ਸਾਰੇ ਸਮਝੌਤਿਆਂ ਨੂੰ ਵਿਧਾਨ ਸਭਾ ਰਾਹੀਂ ਰੱਦ ਕਰਵਾ ਦਿੱਤਾ ਸੀ, ਜਿਨ੍ਹਾਂ ਨੂੰ ਉਹ ਪੰਜਾਬ ਨਾਲ ਸਿੱਧਾ ਅਨਿਆਂ ਸਮਝਦੇ ਸਨ। ਪੰਜਾਬ ਵਿੱਚ ਇਸ ਨੂੰ ਅਤਿਅੰਤ ਸਾਹਸੀ ਕਦਮ ਸਮਝਦਿਆਂ ਇਸ ਕਾਰਵਾਈ ਦੀ ਸ਼ਲਾਘਾ ਹੋਈ। ਦੂਜੇ ਪਾਸੇ, ਇਸ ਕਾਰਵਾਈ ਕਾਰਨ ਦਿੱਲੀ ਦੇ ਸਿਆਸੀ ਹਲਕਿਆਂ ਅਤੇ ਮੀਡੀਆ ਵਿੱਚ ਉਨ੍ਹਾਂ ਖ਼ਿਲਾਫ਼ ਵਾਵੇਲਾ ਖੜ੍ਹਾ ਹੋ ਗਿਆ, ਪਰ ਉਹ ਮੈਦਾਨ ਵਿੱਚ ਡਟੇ ਰਹੇ। ਉਸ ਸਮੇਂ ਕੇਂਦਰ ਵਿੱਚ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਦੀ ਸਰਕਾਰ ਸੀ। ਜਿਵੇਂ ਕਿ ਹਾਲ ਹੀ ਵਿੱਚ ਅਮਰਿੰਦਰ ਸਿੰਘ ਨੇ ਖ਼ੁਲਾਸਾ ਕੀਤਾ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਛੇ ਮਹੀਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਖ਼ਾਸਕਰ ਇਨ੍ਹਾਂ ਦੋ ਬਾਗ਼ੀਆਨਾ ਕਾਰਵਾਈਆਂ ਕਾਰਨ ਪੰਜਾਬ ਅਤੇ ਬਾਹਰ ਦੇ ਸਿੱਖਾਂ ਦੀ ਬਹੁਗਿਣਤੀ ਉਨ੍ਹਾਂ ਦਾ ਸਤਿਕਾਰ ਕਰਦੀ ਹੈ। ਪੰਜਾਬ ਵਿੱਚ ਅਜਿਹਾ ਹੋਰ ਕੋਈ ਕਾਂਗਰਸੀ ਆਗੂ ਨਹੀਂ ਹੈ ਜਿਸ ਬਾਰੇ ਇਹ ਕਿਹਾ ਜਾ ਸਕੇ ਕਿ ਲੋਕਾਂ ਦੇ ਮਨਾਂ ਵਿੱਚ ਉਸ ਦੀ ਇੰਨੀ ਇੱਜ਼ਤ ਹੈ।
ਇਸ ਦੇ ਨਾਲ ਹੀ ਨਿੱਜੀ ਰਿਸ਼ਤਿਆਂ ਸਮੇਤ ਗ਼ੈਰ-ਰਵਾਇਤੀ ਜੀਵਨ ਸ਼ੈਲੀ ਦੇ ਕੁਝ ਪੱਖ ਉਨ੍ਹਾਂ ਨੂੰ ਆਧੁਨਿਕ ਅਤੇ ਖੁੱਲ੍ਹੇ-ਡੁੱਲ੍ਹੇ ਵਿਚਾਰਾਂ ਵਾਲੇ ਵਿਅਕਤੀ ਵਜੋਂ ਪੇਸ਼ ਕਰਦੇ ਹਨ। ਉਨ੍ਹਾਂ ਵੱਲੋਂ ਸਾਕਾ ਨੀਲਾ ਤਾਰਾ ਖ਼ਿਲਾਫ਼ ਰੋਸ ਪ੍ਰਗਟਾਏ ਜਾਣ ਦੇ ਬਾਵਜੂਦ ਸ਼ਹਿਰੀ ਹਿੰਦੂ ਵੋਟਰ ਵੀ ਉਨ੍ਹਾਂ ਨੂੰ ਕੱਟੜਪੰਥੀ ਨਹੀਂ ਸਮਝਦੇ। ਪੰਜਾਬ ਦੇ ਦੋ ਪ੍ਰਮੁੱਖ ਧਾਰਮਿਕ ਭਾਈਚਾਰਿਆਂ ਨੂੰ ਪ੍ਰਵਾਨ ਹੋਣ ਦੇ ਇਸ ਵਿਲੱਖਣ ਸੁਮੇਲ ਕਾਰਨ ਹੀ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਨੇ ਸਿੱਖ ਬਹੁਗਿਣਤੀ ਵਾਲੇ ਪੇਂਡੂ ਹਲਕਿਆਂ ਦੇ ਨਾਲ ਨਾਲ ਹਿੰਦੂ ਬਹੁਗਿਣਤੀ ਵਾਲੇ ਸ਼ਹਿਰੀ ਹਲਕਿਆਂ ਵਿੱਚ ਪ੍ਰਭਾਵਸ਼ਾਲੀ ਜਿੱਤ ਹਾਸਲ ਕੀਤੀ ਹੈ। ਉਹ ਆਪਣੇ ਆਖੇ ਮੁਤਾਬਿਕ ਜੇ ਪੰਜ ਸਾਲਾਂ ਬਾਅਦ ਸਿਆਸੀ ਦ੍ਰਿਸ਼ ਤੋਂ ਲਾਂਭੇ ਹੋ ਜਾਣਗੇ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਹੋਰ ਕੋਈ ਨਹੀਂ ਜੋ ਉਨ੍ਹਾਂ ਦੀ ਥਾਂ ਲੈ ਸਕੇ। ਇਸ ਲਈ ਉਹ ਭਾਰਤ ਦੇ ਬਾਕੀ ਹਿੱਸਿਆਂ ਵਾਂਗ ਸੂਬੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਪਤਨ ਅਤੇ ਖੇਰੂੰ ਖੇਰੂੰ ਹੋਣ ਤੋਂ ਬਚਾਉਣ ਲਈ ਆਰਜ਼ੀ ਪ੍ਰਬੰਧ ਦੀ ਨੁਮਾਇੰਦਗੀ ਕਰਦੇ ਹਨ।
ਇਹ ਪ੍ਰਤੱਖ ਹੈ ਕਿ ਪੰਜਾਬ ਦੀਆਂ ਹਾਲੀਆ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਜਿੱਤ ਨੂੰ ਅਮਰਿੰਦਰ ਸਿੰਘ ਨੇ ਯਕੀਨੀ ਬਣਾਇਆ ਹੈ ਪਰ ਇਹ ਦੁੱਖ ਦੀ ਗੱਲ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਕਾਂਗਰਸ ਦੀ ਚਾਪਲੂਸੀ ਦੀ ਸੰਸਕ੍ਰਿਤੀ ਨੂੰ ਨਹੀਂ ਛੱਡ ਸਕੇ। ਉਨ੍ਹਾਂ ਨੇ ਜਿੱਤ ਤੋਂ ਤੁਰੰਤ ਬਾਅਦ ਸਮਰਥਨ ਕਰਨ ਲਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ। ਪੰਜਾਬ ਦੇ ਚੋਣ ਦ੍ਰਿਸ਼ ਨੂੰ ਦੇਖਣ ਵਾਲਾ ਹਰ ਕੋਈ ਇਹ ਜਾਣਦਾ ਹੈ ਕਿ ਇਨ੍ਹਾਂ ਦੋਨਾਂ ਦਾ ਵੋਟਰਾਂ ਵਿੱਚ ਕੋਈ ਦਬਦਬਾ ਨਹੀਂ ਸੀ ਪਰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਉਨ੍ਹਾਂ ਦੋਨਾਂ ਨੇ ਆਪਣੇ ਆਪ ਨੂੰ ਇੰਦਰਾ ਗਾਂਧੀ ਤੋਂ ਦੂਰ ਰੱਖਿਆ (ਘੱਟੋ ਘੱਟ ਜਦੋਂ ਉਹ ਪੰਜਾਬ ਆਉਂਦੇ ਹਨ) ਅਤੇ ਇਹ ਨਾ ਭੁੱਲੋ ਕਿ ਉਸਦੇ ਦਰਬਾਰ ਸਾਹਿਬ ’ਤੇ ਕਾਰਵਾਈ ਦੇ ਫ਼ੈਸਲੇ ਨੇ ਸਿੱਖਾਂ ਵਿੱਚ ਨਫ਼ਰਤ ਪੈਦਾ ਕੀਤੀ। ਫਿਲਹਾਲ ਕਾਂਗਰਸ ਨੂੰ ਦੇਸ਼ ਵਿੱਚ ਹਰ ਜਗ੍ਹਾ ਹਤਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤਰੀ ਲੀਡਰਸ਼ਿਪ ਦੇ ਕੇਂਦਰੀ ਲੀਡਰਸ਼ਿਪ ਅੱਗੇ ਝੁਕਣ ਦੀ ਬਜਾਏ ਪਾਰਟੀ ਦੀ ਜੋ ਵੀ ਸਿਆਸੀ ਭਰੋਸੇਯੋਗਤਾ ਬਚੀ ਹੈ, ਉਸ ਲਈ ਕੇਂਦਰੀ ਲੀਡਰਸ਼ਿਪ ਨੂੰ ਅਮਰਿੰਦਰ ਸਿੰਘ ਦੀ ਪੰਜਾਬ ਦੀ ਖੇਤਰੀ ਲੀਡਰਸ਼ਿਪ ਲਈ ਰਿਣੀ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਸਿਆਸੀ ਦ੍ਰਿਸ਼ ਤੋਂ ਲਾਂਭੇ ਹੋਣ ਮਗਰੋਂ ਕਾਂਗਰਸ ਪਾਰਟੀ ਵਿੱਚ ਮਚੀ ਉੱਥਲ ਪੁਥਲ ਕਾਰਨ ਪੰਜਾਬ ਵਿੱਚ ਨਵੀਂ ਖੇਤਰੀ ਪਾਰਟੀ ਦੀ ਲੋੜ ਉੱਭਰਕੇ ਸਾਹਮਣੇ ਆਏਗੀ। ਅਜਿਹੀ ਖੇਤਰੀ ਪਾਰਟੀ ਨੂੰ ਕਾਰਕੁੰਨਾਂ ਨੂੰ ਇਕੱਠੇ ਕਰਨਾ ਚਾਹੀਦਾ ਹੈ ਜਿਹੜੇ ਇਸ ਸਮੇਂ ਇਕੱਠੇ ਨਹੀਂ ਹਨ ਬਲਕਿ ਸਾਰੀਆਂ ਅਲੱਗ ਅਲੱਗ ਪਾਰਟੀਆਂ ਵਿੱਚ ਕਿਤੇ ਨਾ ਕਿਤੇ ਮੌਜੂਦ ਹਨ।
ਇਸ ਨੇ ਸ਼ੁਰੂਆਤ ਵਿੱਚ ਪੈਦਾ ਹੋਏ ਦੋ ਸੁਆਲਾਂ ਦਾ ਉੱਤਰ ਦੇਣ ਲਈ ਸਾਨੂੰ ਸੁਰਾਗ ਦੇ ਦਿੱਤਾ ਹੈ।  ਇੱਕ ਮੁੱਖ ਕਾਰਨ ਕਿ ਆਪ ਜਿੱਤ ਨਹੀਂ ਸਕੀ ਕਿਉਂਕਿ ਇਹ ਹੋ ਸਕਦਾ ਹੈ ਕਿ ਦਿੱਲੀ ਤੋਂ ਜ਼ਿਆਦਾ ਕੇਂਦਰੀਕ੍ਰਿਤ ਸੰਚਾਲਨ ਨੇ ਪਾਰਟੀ ਦੇ ਪੰਜਾਬ ਸੰਗਠਨ ਦਾ ਨੁਕਸਾਨ ਕੀਤਾ ਅਤੇ ਇਸ ਦੇ ਵਿਚਾਰਧਾਰਕ ਅਤੇ ਰਾਜਨੀਤਕ ਵਿਕਾਸ ਨੂੰ ਪ੍ਰਭਾਵਿਤ ਕੀਤਾ। ਇਸ ਦੇ ਜ਼ਿਆਦਾਤਰ ਲੀਡਰਾਂ ਜਿਨ੍ਹਾਂ ਨੇ ਜਿੱਤ ਦਰਜ ਕੀਤੀ ਉਨ੍ਹਾਂ ਵਿੱਚ ਫੂਲਕਾ, ਸੰਧੂ, ਖਹਿਰਾ ਅਤੇ ਬਲਜਿੰਦਰ ਕੌਰ ਨੇ ਆਪਣੇ ਮਜ਼ਬੂਤ ਰਾਜਨੀਤਕ ਅਕਸ ਅਤੇ ਹਲਕਾ ਪੱਧਰ ਦੇ ਕੰਮਾਂ ਕਾਰਨ ਜਿੱਤ ਹਾਸਲ ਕੀਤੀ ਹੈ। ਇਸ ਤਰ੍ਹਾਂ ਹੀ ਅਕਾਲੀ ਦਲ ਨੂੰ ਇੰਨੀ ਬੁਰੀ ਤਰ੍ਹਾਂ ਹਾਰ ਮਿਲੀ ਹੈ ਜਿਸ ਤਰ੍ਹਾਂ ਦੀ ਪਹਿਲਾਂ ਕਦੇ ਨਹੀਂ ਹੋਈ, ਕੇਂਦਰੀ ਭਾਜਪਾ ਨਾਲ ਇਸਦਾ ਗਠਜੋੜ ਹੋਣ ਕਾਰਨ ਮੁੱਖ ਰੂਪ ਵਿੱਚ ਪਾਰਟੀ ਦੇ ਵਿਲੱਖਣ ਰਾਜਨੀਤਕ ਅਕਸ ਦੀ ਕਮਜ਼ੋਰੀ ਕਾਰਨ ਇਹ ਹੋਈ ਹੈ। ਇਹ ਪੰਜਾਬ ਦੀ ਰਾਜਨੀਤਕ ਵਿਸ਼ੇਸ਼ਤਾ ਕਾਰਨ ਹੈ ਕਿ ਇਸਨੂੰ ਮੋਦੀ ਲਹਿਰ ਦੀ ਗ਼ੈਰ-ਮੌਜਦੂਗੀ ਸਮਝਿਆ ਜਾ ਸਕਦਾ ਹੈ ਜਿਹੜੀ ਕਿ ਹੋਰ ਰਾਜਾਂ ਵਿੱਚ ਦੇਖੀ ਗਈ ਹੈ, ਉਹ ਲਹਿਰ ਜਿਸ ਨੇ ਅਕਾਲੀ ਦਲ ਨੂੰ ਪਾਰਟੀ ਅਤੇ ਸਰਕਾਰ ਦੀਆਂ ਕਈ ਹੋਰ ਅਸਫਲਤਾਵਾਂ ਸਮੇਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਵਿਸ਼ੇਸ਼ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ। ਪਾਰਟੀ ਨੇ ਆਪਣੀ ਸਰਕਾਰ ਲਈ ਉਸ ਦਿਨ ਹੀ ਕੁਬਰ ਖੋਦ ਲਈ ਸੀ ਜਦੋਂ ਉਨ੍ਹਾਂ ਨੇ ਬੇਅਦਬੀ ਖਿਲਾਫ਼ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ ਸਨ। ਇਸ ਨੇ ਇੱਕ ਤੋਂ ਬਾਅਦ ਇੱਕ ਗ਼ਲਤੀਆਂ ਨਾਲ ਠੋਕਰ ਖਾਧੀ ਅਤੇ ਆਪਣੇ ਰਸਤੇ ਤੋਂ ਭਟਕ ਗਿਆ।ਹਰ ਚੋਣ ਵਿੱਚ ਇੱਕ ਨਵਾਂ ਸਿਆਸੀ ਮੰਥਨ ਹੁੰਦਾ ਹੈ ਅਤੇ ਇਹ ਇੱਕ ਵੱਡਾ ਰਾਜਨੀਤਕ ਉੱਥਲ-ਪੁਥਲ ਹੈ ਜਿਸ ਲਈ ਵੱਡੇ ਪੱਧਰ ’ਤੇ ਮੰਥਨ ਦੀ ਲੋੜ ਹੈ। ਇਸ ਤੋਂ ਉਮੀਦ ਹੈ ਕਿ ਉਹ ਪੰਜਾਬ ਵਿੱਚ ਮੁਕਾਬਲਾਕੁਨ ਅਤੇ ਰਾਜਨੀਤਕ, ਆਰਥਿਕ ਅਤੇ ਵਧੀਆ ਸ਼ਾਸਨ ਦੀ ਪ੍ਰਗਤੀਸ਼ੀਲ ਪਹੁੰਚ ਨੂੰ ਜਨਮ ਦੇਏਗਾ। ਪੰਜਾਬ ਅਜਿਹੇ ਪ੍ਰਗਤੀਸ਼ੀਲ ਅਤੇ ਲੋਕ ਪੱਖੀ ਸ਼ਾਸਨ ਦਾ ਹੱਕਦਾਰ ਹੈ ਅਤੇ ਇਸਨੂੰ ਅਜਿਹੀ ਰਾਜਨੀਤਕ ਸਫ਼ਬੰਦੀ ਦੀ ਲੋੜ ਹੈ ਜੋ ਇਸਦੀਆਂ ਵਿਸ਼ੇਸ਼ ਖੇਤਰੀ ਲੋੜਾਂ ਅਤੇ ਚੁਣੌਤੀਆਂ ਨੂੰ ਸਹੀ ਹੁੰਗਾਰਾ ਦੇਣ ਦੇ ਸਮਰੱਥ ਹੋਵੇ।

ਪ੍ਰੀਤਮ ਸਿੰਘ (ਪ੍ਰੋ.)

Facebook Comment
Project by : XtremeStudioz