Close
Menu

ਪੱਛਮੀ ਬੰਗਾਲ: ਚੋਣ ਪ੍ਰਚਾਰ ਅਗਾਊਂ ਬੰਦ ਕਰਨ ਦੇ ਹੁਕਮ

-- 16 May,2019

ਨਵੀਂ ਦਿੱਲੀ, 16 ਮਈ
ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ 9 ਸੰਸਦੀ ਹਲਕਿਆਂ ਵਿੱਚ ਭਲਕੇ ਵੀਰਵਾਰ ਰਾਤ ਦਸ ਵਜੇ ਤੋਂ ਚੋਣ ਪ੍ਰਚਾਰ ’ਤੇ ਰੋਕ ਲਾ ਦਿੱਤੀ ਹੈ। ਚੋਣ ਪ੍ਰਚਾਰ ’ਤੇ ਅਗਾਊਂ ਰੋਕ (ਨਿਰਧਾਰਿਤ ਮਿਆਦ ਤੋਂ ਇਕ ਦਿਨ ਪਹਿਲਾਂ) ਦਾ ਫ਼ੈਸਲਾ ਕੋਲਕਾਤਾ ਵਿੱਚ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦਰਮਿਆਨ ਝੜਪਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਚੋਣ ਕਮਿਸ਼ਨ ਨੇ 19 ਮਈ ਨੂੰ ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਗੇੜ ਦੇ ਚੋਣ ਪ੍ਰਚਾਰ ’ਤੇ ਲਾਈ ਰੋਕ ਲਈ ਸੰਵਿਧਾਨ ਦੀ ਧਾਰਾ 324 ਦਾ ਹਵਾਲਾ ਦਿੱਤਾ ਹੈ। ਕਮਿਸ਼ਨ ਨੇ ਪੱੱਛਮੀ ਬੰਗਾਲ ਦੇ ਪ੍ਰਮੁੱਖ ਸਕੱਤਰ (ਗ੍ਰਹਿ) ਅਤਰੀ ਭੱਟਾਚਾਰੀਆ ਤੇ ਸੀਆਈਡੀ ਦੇ ਵਧੀਕ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਨੂੰ ਵੀ ਅਹੁਦਿਆਂ ਤੋਂ ਹਟਾਉਣ ਦੇ ਹੁਕਮ ਕੀਤੇ ਹਨ। ਲੰਘੇ ਦਿਨ ਕੋਲਕਾਤਾ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਹੋਈਆਂ ਝੜਪਾਂ ਮਗਰੋਂ ਹੋਈ ਹਿੰਸਾ ਲਈ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਇਲਜ਼ਾਮਤਰਾਸ਼ੀ ਕੀਤੀ ਹੈ। ਹਿੰਸਾ ਦੌਰਾਨ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦੇ ਬੁੱਤ ਦੀ ਵੀ ਤੋੜ-ਭੰਨ ਕੀਤੀ ਗਈ ਸੀ। ਇਥੇ ਕਾਹਲੀ ’ਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਉਪ ਚੋਣ ਕਮਿਸ਼ਨਰ ਚੰਦਰ ਭੂਸ਼ਣ ਕੁਮਾਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਚੋਣ ਪੈਨਲ ਨੇ ਆਪਣੀ ਸੰਵਿਧਾਨਕ ਤਾਕਤਾਂ ਦਾ ਇਸਤੇਮਾਲ ਕੀਤਾ ਹੈ। ਚੋਣ ਕਮਿਸ਼ਨ ਨੇ ਸਮਾਜ ਸੁਧਾਰ ਵਿਦਿਆਸਾਗਰ ਦੇ ਬੁੱਤ ਦੀ ਭੰਨਤੋੜ ’ਤੇ ਗੁੱਸਾ ਜ਼ਾਹਿਰ ਕਰਦਿਆਂ ਆਸ ਜਤਾਈ ਕਿ ਮੁਲਜ਼ਮ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ। ਜਿਨ੍ਹਾਂ ਨੌਂ ਸੰਸਦੀ ਹਲਕਿਆਂ ’ਚ ਭਲਕ ਰਾਤ ਤੋਂ ਪ੍ਰਚਾਰ ਉੱਤੇ ਰੋਕ ਲੱਗੀ ਹੈ, ਉਨ੍ਹਾਂ ਵਿੱਚ ਡਮਡਮ, ਬਾਰਾਸਾਤ, ਬਸੀਰਹਾਤ, ਜੇਨਗਰ, ਮਥੁਰਾਪੁਰ, ਡਾਇਮੰਡ ਹਾਰਬਰ, ਜਾਦਵਪੁਰ, ਕੋਲਕਾਤਾ ਦੱਖਣੀ ਤੇ ਕੋਲਕਾਤਾ ਉੱਤਰੀ ਸ਼ਾਮਲ ਹਨ। ਚੋਣ ਪ੍ਰਚਾਰ ’ਤੇ ਰੋਕ ਸਬੰਧੀ ਹੁਕਮਾਂ ’ਤੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਤੇ ਦੋ ਕਮਿਸ਼ਨਰਾਂ ਅਸ਼ੋਕ ਲਵਾਸਾ ਤੇ ਸੁਸ਼ੀਲ ਚੰਦਰਾ ਨੇ ਸਹੀ ਪਾਈ ਹੈ।
ਰਾਜਪਾਲ ਵੱਲੋਂ ਨਿਖੇਧੀ: ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਈਸ਼ਵਰਚੰਦਰ ਵਿਦਿਆਸਾਗਰ ਦੇ ਬੁੱਤ ਦੀ ਤੋੜ-ਭੰਨ੍ਹ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Facebook Comment
Project by : XtremeStudioz