Close
Menu

ਬਦਨਸੀਬ ਉਹ ਨਹੀਂ, ਬਦਨਸੀਬ ਸੌੜੀ ਸੋੋਚ ਵਾਲੇ ਸਨ…

-- 04 March,2017

ਇਹ ਗੱਲ ਮਾਰਚ 1995 ਦੇ ਪਹਿਲੇ ਹਫ਼ਤੇ ਦੀ ਹੈ। ਮੇਰੇ ਇੱਕ ਦੋਸਤ ਦਾ ਵਿਆਹ ਲੁਧਿਆਣਾ ਵਿਖੇ ਤੈਅ ਹੋਇਆ। ਵਿਆਹ ਵਾਲੇ ਦਿਨ ਲੜਕੇ ਦੇ ਘਰੋਂ ਬਾਰਾਤ ਪੂਰੀ ਧੂਮਧਾਮ ਨਾਲ ਲੁਧਿਆਣੇ ਨੂੰ ਰਵਾਨਾ ਹੋਈ। ਬਾਰਾਤ ਦੀ ਇੱਕ ਗੱਡੀ ਜਿਉਂ ਹੀ ਮਾਨਸਾ-ਬਰਨਾਲਾ ਦੇ ਵਿਚਕਾਰ ਪਹੁੰਚੀ ਤਾਂ ਉਨ੍ਹਾਂ ਦੀ ਗੱਡੀ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਵਿੱਚ ਸਵਾਰ ਵਿਆਂਦੜ ਦੇ ਦੋ ਕਰੀਬੀ ਰਿਸ਼ਤੇਦਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੋਰ ਰਿਸ਼ਤੇਦਾਰਾਂ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ। ਇਸ ਦੁਰਘਟਨਾ ਦੀ ਖ਼ਬਰ ਮਿਲਣ ’ਤੇ ਬਹੁਤੀ ਬਾਰਾਤ ਘਟਨਾ ਸਥਾਨ ਤੋਂ ਹੀ ਵਾਪਸ ਮੁੜ ਗਈ। ਕੁਝ ਖ਼ਾਸ ਰਿਸ਼ਤੇਦਾਰ ਹੀ ਲਾੜੇ ਨਾਲ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਲੜਕੀ ਨੂੰ ਵਿਆਹੁਣ ਲਈ ਲੁਧਿਆਣੇ ਗਏ। ਇਸ ਘਟਨਾ ਦੀ ਜਾਣਕਾਰੀ ਲੜਕੇ ਅਤੇ ਲੜਕੀ ਦੇ ਘਰਾਂ ਤਕ ਪਹੁੰਚਣ ’ਤੇ ਦੋਵੇਂ ਪਾਸੇ ਖ਼ੁਸ਼ੀ ਦਾ ਮਾਹੌਲ ਗ਼ਮੀ ਵਿੱਚ ਬਦਲ ਗਿਆ। ਜ਼ਿਆਦਾਤਰ ਰਿਸ਼ਤੇਦਾਰ ਇਸ ਹਾਦਸੇ ਵਿੱਚ ਮਰ ਚੁੱਕੇ ਆਪਣੇ ਰਿਸ਼ਤੇਦਾਰਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਉਨ੍ਹਾਂ ਦੇ ਪਿੰਡਾਂ ਵੱਲ ਚਲੇ ਗਏ। ਜਿਸ ਘਰ ਵਿੱਚ ਇੱਕ ਦਿਨ ਪਹਿਲਾਂ ਰੌਣਕਾਂ ਲੱਗੀਆਂ ਹੋਈਆਂ ਸਨ ਅਤੇ ਮਿਠਾਈਆਂ ਬਣ ਰਹੀਆਂ ਸਨ; ਅੱਜ ਉਸੇ ਘਰ ਵਿੱਚ ਰੋਟੀ ਵੀ ਨਹੀਂ ਸੀ ਬਣ ਰਹੀ ਤੇ ਕੀਰਨੇ ਪੈ ਰਹੇ ਸਨ।
ਗ਼ਮਗੀਨ ਮਾਹੌਲ ਵਿੱਚ ਮੇਰਾ ਦੋਸਤ ਆਪਣੀ ਹਮਸਫ਼ਰ ਨੂੰ ਲੈ ਕੇ ਆਥਣ ਵੇਲੇ ਹੋਰ ਰਿਸ਼ਤੇਦਾਰਾਂ ਨਾਲ ਆਪਣੇ ਘਰ ਪਰਤ ਆਇਆ ਸੀ। ਘਰ ਵਿੱਚ ਆਈ ਨਵੀਂ ਨੂੰਹ ਅਜੇ ਗੱਡੀ ਵਿੱਚ ਹੀ ਬੈਠੀ ਸੀ ਕਿ ਆਂਢ-ਗੁਆਂਢ ਅਤੇ ਰਿਸ਼ਤੇਦਾਰੀ ਵਿੱਚੋਂ ਇੱਕਠੀਆਂ ਹੋਈਆਂ ਔਰਤਾਂ ਵਿਚਕਾਰ ਘੁਸਰ-ਮੁਸਰ ਸ਼ੁਰੂ ਹੋ ਗਈ। ਉਹ ਇਸ ਘਰ ਵਿੱਚ ਆਈ ਨਵੀਂ ਨੂੰਹ ਵੱਲ ਇੰਜ ਦੇਖ ਰਹੀਆਂ ਸਨ ਜਿਵੇਂ ਉਹ ਕੋਈ ਵੱਡੀ ਗੁਨਾਹਗਾਰ ਹੋਵੇ। ਔਰਤਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਕਿ ਇਹ ਕਿਹੜੀ ਚੰਦਰੀ ਨੂੰਹ ਇਸ ਘਰ ਵਿੱਚ ਆਈ ਹੈ, ਆਉਣ ਤੋਂ ਪਹਿਲਾਂ ਹੀ ਦੋ ਜਣਿਆਂ ਦੀ ਬਲੀ ਲੈ ਲਈ। ਕੋਈ ਕਹਿ ਰਹੀ ਸੀ: ਭੈਣੇ,    ਇਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਕਿਸੇ ‘ਸਿਆਣੇ’ ਨੂੰ ਵਿਖਾ    ਲੈਣਾ ਚਾਹੀਦਾ ਸੀ। ਕੋਈ ਕਹਿ ਰਹੀ ਸੀ: ਮੈਂ ਤਾਂ ਸੁਣਿਆ ਕਿ ਇਨ੍ਹਾਂ ਵਿਆਹ ਵੀ ਕਿਸੇ ਤੋਂ ਨਹੀਂ ਕਢਵਾਇਆ, ਆਪ ਹੀ ਦਿਨ ਰੱਖ ਲਿਆ।
ਦਰਅਸਲ, ਮੇਰੇ ਦੋਸਤ ਦਾ ਪੂਰਾ ਪਰਿਵਾਰ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਅਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਵਾਲਾ ਸੀ। ਦੋਸਤ ਦੇ ਮਾਪੇ ਧਾਰਮਿਕ ਵਿਚਾਰਾਂ ਵਾਲੇ ਸਨ ਅਤੇ ਸਾਰਾ ਪਰਿਵਾਰ ਸਾਹਿਤਕ ਰੁਚੀਆਂ ਵਾਲਾ ਸੀ। ਇਹ ਘਟਨਾ ਵਾਪਰਨ ਨਾਲ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਔਰਤਾਂ ਨੂੰ ਇਸ ਪਰਿਵਾਰ ਖ਼ਿਲਾਫ਼ ਇੱਕ ਵੱਡਾ ਮੁੱਦਾ ਮਿਲ ਗਿਆ ਸੀ। ਪਿੰਡ ਵਿੱਚ ਇਸ ਗੱਲ ਦੀ ਕਾਫ਼ੀ ਦਿਨ ਚਰਚਾ ਚਲਦੀ ਰਹੀ। ਅਨਪੜ੍ਹ ਲੋਕ ਇਸ ਸਾਰੀ ਘਟਨਾ ਲਈ ਨਵੀਂ ਨੂੰਹ ਨੂੰ ਦੋਸ਼ੀ ਮੰਨਦੇ ਰਹੇ। ਪਿੰਡ ਵਿੱਚ ਇਹ ਗੱਲ ਆਮ ਸੁਣੀ ਜਾਣ ਲੱਗੀ ਕਿ ਇਹ ਇਸ ਕੁੜੀ ਨੂੰ ਵਿਆਹ ਤਾਂ ਲਿਆਏ ਹਨ, ਪਰ ਇਹ ਇਨ੍ਹਾਂ ਦੇ ਘਰ ਲਈ ਸ਼ੁਭ ਨਹੀਂ। ਇਸ ਸਾਰੀ ਘਟਨਾ ਕਾਰਨ ਨਵੀਂ ਨੂੰਹ ਵੀ ਕਾਫ਼ੀ ਭੈਅ-ਭੀਤ ਸੀ। ਭਾਵੇਂ ਉਹ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਾ ਕਰਦੀ, ਪਰ ਉਸ ਦੀ ਉਦਾਸੀ ਅਤੇ ਚੁੱਪ ਦੇ ਕਾਰਨ ਨੂੰ ਪਰਿਵਾਰ ਚੰਗੀ ਤਰ੍ਹਾਂ ਸਮਝਦਾ ਸੀ। ਪਿੰਡ ਦੀਆਂ ਔਰਤਾਂ ਵੀ ਕਈ ਵਾਰ ਘਰਦਿਆਂ ਦੀ ਗ਼ੈਰਹਾਜ਼ਰੀ ਵਿੱਚ ਉਸ ਕੋਲ ਅਜਿਹੀਆਂ ਗੱਲਾਂ ਕਰ ਜਾਂਦੀਆਂ ਜਿਨ੍ਹਾਂ ਨਾਲ ਉਸ ਦਾ ਮਨੋਬਲ ਹੋਰ ਵੀ ਡਿੱਗ ਜਾਂਦਾ।
ਇੱਕ ਦਿਨ ਮੇਰੇ ਉਸ ਦੋਸਤ ਨੇ ਸਾਡੇ ਨਾਲ ਇਸ ਸਮੱਸਿਆ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਅਸੀਂ ਆਪਣੇ ਦੋਸਤ ਨੂੰ ਆਪਣੇ ਪਰਿਵਾਰ ਵਿੱਚ ਵਹੁਟੀ ਨੂੰ ਬਿਠਾ ਕੇ ਉਸ ਦੇ ਦਿਲ ਦੀ ਸਾਰੀ ਗੱਲ ਸਮਝਣ ਅਤੇ ਸਮਝਾਉਣ ਦੀ ਸਲਾਹ ਦਿੱਤੀ। ਇੱਕ ਦੋ ਦਿਨ ਬਾਅਦ ਸਾਰਾ ਪਰਿਵਾਰ ਇਕੱਠਾ ਹੋਇਆ ਤਾਂ ਨੂੰਹ ਨੂੰ ਉਸ ਦੀ ਉਦਾਸੀ ਅਤੇ ਚੁੱਪ ਰਹਿਣ ਬਾਰੇ ਪੁੱਛਿਆ ਗਿਆ। ਉਸ ਨੇ ਆਪਣੀ ਸਾਰੀ ਗੱਲ ਪਰਿਵਾਰ ਨਾਲ ਸਾਂਝੀ ਕੀਤੀ ਅਤੇ ਪਿੰਡ ਦੀਆਂ ਔਰਤਾਂ ਵੱਲੋਂ ਸਮੇਂ-ਸਮੇਂ ਉਸ ਖ਼ਿਲਾਫ਼ ਕੀਤੀਆਂ ਜਾਂਦੀਆਂ ਟਕੋਰਾਂ ਦਾ ਜ਼ਿਕਰ ਵੀ ਕੀਤਾ। ਪਰਿਵਾਰ ਉਸ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਹੈਰਾਨ ਰਹਿ ਗਿਆ ਕਿ ਜਿਸ ਪਰਿਵਾਰ ਵਿੱਚ ਉਹ ਰਹਿ ਰਹੀ ਹੈ, ਉਸ ਨੂੰ ਉਸ ਪਰਿਵਾਰ ਦੀ ਕੁਲਹਿਣੀ ਨੂੰਹ ਆਖਿਆ ਜਾਂਦਾ ਹੈ ਜਦੋਂਕਿ ਪਰਿਵਾਰ ਦੇ ਕਿਸੇ ਜੀਅ ਨੇ ਤਾਂ ਕਦੇ ਅਜਿਹੀ ਗੱਲ ਸੋਚੀ ਤਕ ਨਹੀਂ ਸੀ। ਮੇਰੇ ਦੋਸਤ ਅਤੇ ਉਸ ਦੇ ਪੂਰੇ ਪਰਿਵਾਰ ਨੇ ਲੜਕੀ ਦੇ ਦਿਮਾਗ਼ ਵਿੱਚ ਘਰ ਕਰ ਗਈਆਂ ਅਜਿਹੀਆਂ ਗੱਲਾਂ ਨੂੰ ਪੂਰੀ ਤਸੱਲੀ ਨਾਲ ਬਾਹਰ ਕੱਢਿਆ। ਦੋਸਤ ਦੇ ਮਾਪਿਆਂ ਨੇ ਨਵੀਂ ਨੂੰਹ ਨੂੰ ਸਮਝਾਇਆ, ‘‘ਬੇਟਾ, ਅੱਜ ਤੋਂ ਬਾਅਦ ਤੁਸੀਂ ਇਸ ਘਟਨਾ ਨੂੰ ਕਦੇ ਵੀ ਇਸ ਗੱਲ ਨਾਲ ਨਹੀਂ ਜੋੜਨਾ ਕਿ ਇਹ ਤੇਰੇ ਬੁਰੇ ਨਸੀਬ ਕਾਰਨ ਹੋਇਆ ਹੈ ਜਾਂ ਤੂੰ ਸਾਡੇ ਲਈ ਬਦਨਸੀਬ ਹੈਂ। ਇਹ ਘਟਨਾ ਇੱਕ ਕੁਦਰਤੀ ਵਰਤਾਰਾ ਸੀ। ਇਸ ਵਿੱਚ ਤੇਰਾ ਕੋਈ ਦੋਸ਼ ਨਹੀਂ। ਹਾਦਸੇ ਤਾਂ ਰੋਜ਼ਾਨਾ ਹੀ ਸੜਕਾਂ ’ਤੇ ਹੋ ਰਹੇ ਹਨ।’’ ਪਰਿਵਾਰ ਨੇ ਉਸ ਦੇ ਸਾਰੇ ਭਰਮ-ਭੁਲੇਖੇ ਦੂਰ ਕੀਤੇ। ਹੌਲੀ ਹੌਲੀ ਉਹ ਮਾਨਸਿਕ ਤਣਾਅ ਵਿੱਚੋਂ ਨਿਕਲ ਗਈ ਅਤੇ ਘਰ ਵਿੱਚ ਖ਼ੁਸ਼ੀਆਂ ਪਰਤ ਆਈਆਂ। ਹੁਣ ਸਾਰਾ ਪਰਿਵਾਰ ਖ਼ੁਸ਼ਹਾਲ ਜੀਵਨ ਬਸਰ ਕਰ ਰਿਹਾ ਹੈ।

ਜਗਤਾਰ ਸਮਾਲਸਰ

Facebook Comment
Project by : XtremeStudioz