Close
Menu

ਬਹਾਦਰ ਚਰਵਾਹਾ

-- 24 February,2016

ਕਹਿੰਦੇ ਹਨ ਕਿ ਇਹ ਕਹਾਣੀ ਬਹੁਤ ਪੁਰਾਣੀ ਹੈ ਓਦੋਂ ਇਸਰਾਈਲ ਅਤੇ ਫਲਸਤੀਨੀਆਂ ਦੋਹਾਂ ਦੇਸ਼ਾਂ ਵਿਚਕਾਰ ਭਿਆਨਕ ਯੁੱਧ ਛਿਡ਼ ਪਿਆ ਸੀ। ਫਲਸਤੀਨੀ ਸੈਨਾ ਇੱਕ ਪਹਾਡ਼ੀ ’ਤੇ ਅਤੇ ਇਸਰਾਈਲ ਦੀ ਸੈਨਾ ਦੂਜੀ ਪਹਾਡ਼ੀ ’ਤੇ ਮੋਰਚੇ ਸੰਭਾਲ ਕੇ ਬੈਠੀ ਹੋਈ ਸੀ। ਇਸ ਤਰ੍ਹਾਂ ਕਈ ਮਹੀਨੇ ਲਡ਼ਾਈ ਹੁੰਦੀ ਰਹੀ ਅਤੇ ਹਜ਼ਾਰਾਂ ਸੈਨਿਕ ਮਾਰੇ ਗਏ। ਇਸ ਲਡ਼ਾਈ ਦੀ ਜਿੱਤ-ਹਾਰ ਦਾ ਕੋਈ ਫ਼ੈਸਲਾ ਨਹੀਂ ਸੀ ਹੋ ਰਿਹਾ।
ਇੱਕ ਦਿਨ ਅਚਾਨਕ ਡਰਾਉਣੀ ਤੇ ਭਾਰੀ ਆਵਾਜ਼ ਦੀ ਗਰਜ਼ ਸੁਣ ਕੇ ਇਸਰਾਈਲੀ ਤੰਬੂਆਂ ਤੋਂ ਬਾਹਰ ਆ ਗਏ। ਉਨ੍ਹਾਂ ਨੇ ਦੇਖਿਆ ਕਿ ਇੱਕ ਦਿਓ-ਕੱਦ ਆਕਾਰ ਦਾ ਫਲਸਤੀਨੀ ਯੋਧਾ ਉਨ੍ਹਾਂ ਵੱਲ ਆ ਰਿਹਾ ਹੈ। ਉਸ ਨੇ ਕੋਲ ਆ ਕੇ ਵੈਰੀ ਦੀ ਸੈਨਾ ਨੂੰ ਲਲਕਾਰਦੇ ਹੋਏ ਕਿਹਾ, ‘‘ਮੇਰਾ ਨਾਂ ਗੋਲਾਇੱਥ ਹੈ। ਤੁਹਾਡੀ ਸੈਨਾ ’ਚੋਂ ਅਜਿਹਾ ਕੋਈ ਯੋਧਾ ਹੈ ਜੋ ਮੇਰਾ ਮੁਕਾਬਲਾ ਕਰ ਸਕੇ। ਜੇਕਰ ਮੈਂ ਹਾਰ ਗਿਆ ਤਾਂ ਫਲਸਤੀਨ ਤੁਹਾਡਾ ਗੁਲਾਮ ਹੋ ਜਾਵੇਗਾ ਅਤੇ ਜੇਕਰ ਤੁਹਾਡਾ ਯੋਧਾ ਹਾਰ ਗਿਆ ਤਾਂ ਇਸਰਾਈਲ ਸਾਡਾ ਗੁਲਾਮ ਹੋ ਜਾਵੇਗਾ।’’ ਇਸ ਤਰ੍ਹਾਂ ਦੀ ਚਿਤਵਾਨੀ ਦਿੰਦਾ ਹੋਇਆ ਗੋਲਾਇੱਥ ਠਹਾਕਾ ਮਾਰ ਕੇ ਐਨਾ ਉੱਚੀ ਹੱਸਿਆ ਕਿ ਜਿਵੇਂ ਜੰਗਲ ਦੀ ਸ਼ਾਂਤੀ ਭੰਗ ਹੋ ਗਈ ਹੋਵੇ।
ਉਸ ਦੇ ਭਾਰੀ ਕੱਦਾਵਰ ਸਰੀਰ ਅਤੇ ਤਾਕਤ ਨੂੰ ਦੇਖ ਕੇ ਇਸਰਾਈਲੀ ਬਹੁਤ ਡਰ ਗਏ। ਉਸ ਦੇ ਸਾਹਮਣੇ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ ਹੋ ਰਹੀ ਸੀ। ਇਸ ਤਰ੍ਹਾਂ ਗੋਲਾਇੱਥ ਰੋਜ਼ ਇਸਰਾਈਲੀ ਸੈਨਾ ਨੂੰ ਲਲਕਾਰਦਾ ਅਤੇ ਉਨ੍ਹਾਂ ਦੀ ਰਸਦ ਆਦਿ ਲੁੱਟ ਕੇ ਲੈ ਜਾਂਦਾ। ਕੋਈ ਵੀ ਉਸ ਦੇ ਸਾਹਮਣੇ ਨਾ ਆਉਂਦਾ।
ਇੱਕ ਦਿਨ ਡੇਵਿਡ ਨਾਂ ਦਾ ਇੱਕ ਚਰਵਾਹਾ ਇਸਰਾਈਲੀ ਸੈਨਾ ਦੇ ਤੰਬੂਆਂ ’ਚ ਆਪਣੇ ਭਰਾਵਾਂ ਨੂੰ ਮਿਲਣ ਲਈ ਆਇਆ। ਉਹ ਵੀ ਇਸਰਾਈਲੀ ਸੈਨਾ ਵਿੱਚ ਸੀ। ਡੇਵਿਡ ਅਜੇ ਆਪਣੇ ਭਰਾਵਾਂ ਨਾਲ ਗੱਲਬਾਤ ਹੀ ਕਰ ਰਿਹਾ ਸੀ ਕਿ ਉਸ ਨੂੰ ਗਰਜਵੀਂ ਆਵਾਜ਼ ਸੁਣਾਈ ਦਿੱਤੀ, ‘‘ਐ ਕਾਇਰੋ! ਤੁਹਾਡੇ ’ਚ ਅਜਿਹਾ ਕੋਈ ਯੋਧਾ ਹੈ ਜੋ ਮੇਰਾ ਮੁਕਾਬਲਾ ਕਰ ਸਕੇ। ਹਾ…ਹਾ…ਹਾ।’’
ਇਹ ਸੁਣ ਕੇ ਡੇਵਿਡ ਨੇ ਆਪਣੇ ਭਾਈਆਂ ਤੋਂ ਪੁੱਛਿਆ ਕਿ, ‘‘ਇਹ ਕੌਣ ਹੈ? ਇਸ ਤਰ੍ਹਾਂ ਕਿਉਂ ਲਲਕਾਰ ਰਿਹਾ ਹੈ?’’ ‘‘ਇਹ ਫਲਸਤੀਨੀ ਸੈਨਾ ਦਾ ਮਹਾਂਬਲੀ ਯੋਧਾ ਹੈ।’’ ਇਸ ਦਾ ਨਾਂ ਗੋਲਾਇੱਥ ਹੈ ਜੋ ਸਾਨੂੰ ਰੋਜ਼ਾਨਾ ਯੁੱਧ ਲਈ ਲਲਕਾਰਦਾ ਹੈ।’’ ਭਾਈਆਂ ਨੇ ਡੇਵਿਡ ਨੂੰ ਦੱਸਿਆ।
‘‘ਕੋਈ ਇਸ ਦਾ ਮੁਕਾਬਲਾ ਕਿਉਂ ਨਹੀਂ ਕਰਦਾ? ਡੇਵਿਡ ਨੇ ਕਿਹਾ ਇਹ ਤਾਂ ਇੱਕ ਦਿਨ ਤੁਹਾਡੀ ਸੈਨਾ ਨੂੰ ਹਰਾ ਕੇ ਦੇਸ਼ ’ਤੇ ਕਬਜ਼ਾ ਕਰ ਲਵੇਗਾ।’’  ਭਰਾਵਾਂ ਨੇ ਜਵਾਬ ਦਿੱਤਾ, ‘‘ਡੇਵਿਡ ਇਸ ਦਾ ਸਰੀਰ ਐਨਾ ਭਾਰਾ ਹੈ ਕਿ ਜੇਕਰ ਕਿਸੇ ’ਤੇ ਡਿੱਗ ਪਿਆ ਤਾਂ ਹੱਡੀ ਪਸਲੀ ਤੋਡ਼ ਦੇਵੇਗਾ। ਇਸ ਕਰਕੇ ਹੀ ਡਰਦਾ ਇਸ ਨਾਲ ਕੋਈ ਮੁਕਾਬਲਾ ਨਹੀਂ ਕਰਦਾ। ਇਹ ਤਾਂ ਇੱਕ ਤਰ੍ਹਾਂ ਜਿੰਨ ਹੈ।’’
ਇਹ ਗੱਲ ਡੇਵਿਡ ਨੂੰ ਬਹੁਤ ਬੁਰੀ ਲੱਗੀ। ਉਸ ਨੇ ਮਨ ਹੀ ਮਨ ਫ਼ੈਸਲਾ ਕੀਤਾ ਕਿ ਉਹ ਗੋਲਾਇੱਥ ਨਾਲ ਜ਼ਰੂਰ ਲਡ਼ੇਗਾ। ਉਹ ਚੁੱਪਚਾਪ ਪਹਾਡ਼ੀ ਤੋਂ ਉੱਤਰ ਆਇਆ ਤੇ ਹੇਠਾਂ ਆ ਕੇ ਪਹਾਡ਼ੀ ਦੇ ਛੋਟੇ-ਤਿੱਖੇ ਪੱਥਰ ਆਪਣੇ ਝੋਲੇ ’ਚ ਭਰ ਲਏ।
ਡੇਵਿਡ ਨੇ ਉੱਪਰ ਆ ਕੇ ਗੋਲਾਇੱਥ ਨੂੰ ਲਲਕਾਰਦੇ ਹੋਏ ਕਿਹਾ, ‘‘ਗੋਲਾਇੱਥ! ਮੈਂ ਤੇਰੇ ਨਾਲ ਲਡ਼ਾਂਗਾ। ਤੂੰ ਮੇਰੇ ਸਾਹਮਣੇ ਆ।’’ ‘‘ਡੇਵਿਡ ਉਸ ਦੇ ਸਾਹਮਣੇ ਨਾ ਜਾ। ਉਹ ਤੈਨੂੰ ਪੈਰਾਂ ਹੇਠਾਂ ਲਤਾਡ਼ ਕੇ ਮਾਰ ਦੇਵੇਗਾ। ਤੂੰ ਹੁਣੇ ਆਪਣੇ ਪਿੰਡ ਚਲਾ ਜਾ।’’ ਭਰਾਵਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨਿਆ।
ਗੋਲਾਇੱਥ ਨੇ ਇੱਕ ਲਡ਼ਕੇ ਨੂੰ ਲਲਕਾਰਦੇ ਹੋਏ ਦੇਖਿਆ ਤਾਂ ਉਸ ਨੇ ਕਟਾਖ਼ਸ਼ ਕਰਦੇ ਹੋਏ ਕਿਹਾ, ‘‘ਹਾ-ਹਾ-ਹਾ ਕੀ ਤੂੰ ਮੇਰੇ ਨਾਲ ਲਡ਼ਾਈ ਕਰੇਂਗਾ? ਕੀ ਪਿੱਦੀ, ਕੀ ਪਿੱਦੀ ਕਾ ਸ਼ੋਰਬਾ। ਹਾ-ਹਾ-ਹਾ।’’
‘‘ ਹਾਂ, ਮੈਂ ਤੇਰਾ ਮੁਕਾਬਲਾ ਕਰਾਂਗਾ…।’’ ਕਹਿੰਦੇ ਹੋਏ ਡੇਵਿਡ ਨੇ ਆਪਣੇ ਗੋਪੀਏ (ਖੇਤਾਂ ’ਚ ਜਾਨਵਰਾਂ ਨੂੰ ਉਡਾਉਣ ਦੇ ਕੰਮ ਆਉਂਦਾ ਹੈ, ਜਿਹਡ਼ਾ ਰੱਸੀ ਨਾਲ ਬੰਨ੍ਹਿਆ ਹੁੰਦਾ ਹੈ। ਇਸ ’ਚ ਪੱਥਰ ਰੱਖ ਕੇ ਘੁਮਾ ਕੇ ਮਾਰਿਆ ਜਾਂਦਾ ਹੈ)  ’ਚ ਇੱਕ ਤਿੱਖਾ ਪੱਥਰ ਰੱਖ ਲਿਆ। ‘‘ਮੈਂ ਤੇਰਾ ਪਲਾਂ ’ਚ ਕੰਮ ਤਮਾਮ ਕਰ ਦਿੰਦਾ ਹਾਂ।’’ ਗਰਜ਼ਦੇ ਹੋਏ ਗੋਲਾਇੱਥ ਡੇਵਿਡ ਵੱਲ ਵਧਿਆ। ਇਸ ਤੋਂ ਪਹਿਲਾਂ ਕਿ ਉਹ ਨਜ਼ਦੀਕ ਆਉਂਦਾ ਡੇਵਿਡ ਨੇ ਬਿਜਲੀ ਦੀ ਤੇਜ਼ੀ ਵਾਂਗ ਗੋਪੀਆ ਘੁਮਾਇਆ ਅਤੇ ਤਿੱਖਾ ਪੱਥਰ ਗੋਲਾਇੱਥ ਵੱਲ ਛੱਡ ਦਿੱਤਾ। ਪੱਥਰ ਉਸ ਦੇ ਮੱਥੇ ’ਤੇ ਵੱਜਿਆ ਤੇ ਉਹ ਪੈਰੋਂ ਉੱਖਡ਼ ਗਿਆ। ਡੇਵਿਡ ਨੇ ਮੌਕਾ ਸੰਭਾਲਦੇ ਦੋ-ਤਿੰਨ ਪੱਥਰ ਉਸ ਦੇ ਹੋਰ ਮਾਰ ਦਿੱਤੇ। ਗੋਲਾਇੱਥ ਚੀਕ ਕੇ ਡਿੱਗ ਪਿਆ ਅਤੇ ਪਹਾਡ਼ਾਂ ਤੋਂ ਹੇਠਾਂ ਰੁਡ਼੍ਹ ਕੇ ਡੂੰਘੀ ਖੱਡ ’ਚ ਡਿੱਗ ਕੇ ਮਰ ਗਿਆ।
ਇਸ ਤਰ੍ਹਾਂ ਗੋਲਾਇੱਥ ਨੂੰ ਹਾਰਦੇ ਹੋਏ ਦੇਖ ਕੇ ਫਲਸਤੀਨੀ ਸੈਨਾ ਭੱਜ ਚੱਲੀ। ਵੈਰੀ ਸੈਨਾ ਨੂੰ ਭੱਜਦੇ ਹੋਏ ਦੇਖ ਕੇ ਇਸਰਾਈਲੀਆਂ ਨੇ ਅਨੇਕਾਂ ਨੂੰ ਬੰਦੀ ਬਣਾ ਲਿਆ ਅਤੇ ਸਭ ਕੁਝ ਲੁੱਟ ਲਿਆ। ਇਸ ਤਰ੍ਹਾਂ ਆਪਣੀ ਦਲੇਰੀ ਤੇ ਸੂਝ ਨਾਲ ਇਕੱਲੇ ਡੇਵਿਡ ਨੇ ਸਦੀਆਂ ਤੋਂ ਆਪਣੇ ਦੁਸ਼ਮਣ ਫਲਸਤੀਨੀਆਂ ਨੂੰ ਹਰਾ ਦਿੱਤਾ। ਅੱਗੇ ਚੱਲ ਕੇ ਇਹ ਚਰਵਾਹਾ ਡੇਵਿਡ, ਇਸਰਾਈਲੀਆਂ ਦਾ ਰਾਜਾ ਬਣਿਆ ਅਤੇ ਬਹੁਤ ਕੁਸ਼ਲ ਤਰੀਕੇ ਨਾਲ ਉਸ ਨੇ ਕਾਫ਼ੀ ਸਮਾਂ ਰਾਜ ਕੀਤਾ। ਕਹਿੰਦੇ ਹਨ ਕਿ ਜਦੋਂ ਤਕ ਉਹ ਜਿਉਂਦਾ ਰਿਹਾ ਉਸ ਨੇ ਫਲਸਤੀਨੀਆਂ ਨੂੰ ਕਦੇ ਵੀ ਤੰਗ ਨਾ ਕੀਤਾ।

Facebook Comment
Project by : XtremeStudioz