Close
Menu

ਭਾਰਤੀ ਮੂਲ ਦੀ ਮਤਰੇਈ ਮਾਂ ਬੱਚੀ ਦੇ ਕਤਲ ਦੀ ਦੋਸ਼ੀ ਕਰਾਰ

-- 15 May,2019

ਨਿਊਯਾਰਕ, 15 ਮਈ
ਅਮਰੀਕਾ ਵਿੱਚ ਭਾਰਤੀ ਮੂਲ ਦੀ ਮਹਿਲਾ ਨੂੰ ਆਪਣੀ ਨੌਂ ਵਰ੍ਹਿਆਂ ਦੀ ਮਤਰੇਈ ਧੀ ਦੀ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਉਸ ਨੇ ਇਹ ਕਾਰਾ ਅਗਸਤ 2016 ਵਿੱਚ ਕੀਤਾ ਸੀ।
ਨਿਊਯਾਰਕ ਦੀ ਕੁਈਨਜ਼ ਸੁਪਰੀਮ ਕੋਰਟ ਦੀ ਜਸਟਿਸ ਕੈਨੇਥ ਹੋਲਡਰ ਦੀ ਅਦਾਲਤ ਨੇ ਕੁਈਨਜ਼ ਖੇਤਰ ਦੀ ਰਹਿਣ ਵਾਲੀ ਸ਼ਮਦਾਈ ਅਰਜੁਨ (55 ਸਾਲ) ਨੂੰ ਘੰਟੇ ਤੋਂ ਵੀ ਘੱਟ ਸਮੇਂ ਲਈ ਚੱਲੀ ਬਹਿਸ ਦੌਰਾਨ ਦੂੁਜੇ ਦਰਜੇ ਦੇ ਕਤਲ ਦੀ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਸੰਕੇਤ ਦਿੱਤਾ ਕਿ 3 ਜੂਨ ਨੂੰ ਸਜ਼ਾ ਸਬੰਧੀ ਫੈਸਲਾ ਸੁਣਾਇਆ ਜਾਵੇਗਾ। ਅਦਾਲਤ ਨੇ ਕਿਹਾ, ‘‘ਸਵੈ-ਰੱਖਿਆ ਨਾ ਕਰ ਸਕਣ ਵਾਲੀ ਨੌਂ ਵਰ੍ਹਿਆਂ ਦੀ ਬੱਚੀ, ਜਿਸ ਨੂੰ ਮਤਰੇਈ ਮਾਂ ਕੋਲ ਸੰਭਾਲ ਲਈ ਛੱਡਿਆ ਗਿਆ ਸੀ, ਦਾ ਉਸੇ ਮਾਂ ਨੇ ਬੇਰਹਿਮੀ ਨਾਲ ਗਲ ਘੁੱਟ ਦਿੱਤਾ। ਇਸ ਔਰਤ ਵਲੋਂ ਕੀਤਾ ਕਾਰਾ ਬਹੁਤ ਭਿਆਨਕ ਹੈ ਅਤੇ ਕਾਨੂੰਨ ਅਨੁਸਾਰ ਇਸ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਣੀ ਬਣਦੀ ਹੈ।’’
ਅਰਜੁਨ ਨੇ ਅਗਸਤ 2016 ਵਿੱਚ ਆਪਣੀ ਨੌਂ ਵਰ੍ਹਿਆਂ ਦੀ ਮਤਰੇਈ ਧੀ ਅਸ਼ਦੀਪ ਕੌਰ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਬੱਚੀ ਤਿੰਨ ਮਹੀਨੇ ਪਹਿਲਾਂ ਹੀ ਭਾਰਤ ਤੋਂ ਅਮਰੀਕਾ ਗਈ ਸੀ। ਅਸ਼ਦੀਪ ਕੌਰ ਦਾ ਪਿਤਾ ਸੁਖਜਿੰਦਰ ਸਿੰਘ ਅਮਰੀਕਾ ਦੇ ਰੈਸਤਰਾਂ ਵਿੱਚ ਕੰਮ ਕਰਦਾ ਸੀ ਅਤੇ ਉਹ ਆਪਣੀ ਮਤਰੇਈ ਮਾਂ ਸਮੇਤ ਘਰ ਵਿੱਚ ਰਹਿੰਦੀ ਸੀ। ਉਸੇ ਘਰ ਵਿੱਚ ਰਹਿੰਦੇ ਵੱਖਰੇ ਪਰਿਵਾਰ ਦੀ ਮਹਿਲਾ (ਚਸ਼ਮਦੀਦ) ਨੇ ਦੱਸਿਆ ਕਿ ਘਟਨਾ ਵਾਲੇ ਦਿਨ ਅਰਜੁਨ ਇਸ ਬੱਚੀ ਨੂੰ ਬਾਥਰੂਮ ਵਿੱਚ ਲੈ ਕੇ ਗਈ ਅਤੇ ਕੁਝ ਸਮੇਂ ਬਾਅਦ ਇੱਕਲੀ ਬਾਹਰ ਆਈ। ਇਸ ਮਗਰੋਂ ਅਰਜੁਨ ਤੁਰੰਤ ਆਪਣੇ ਸਾਬਕਾ ਪਤੀ ਨਾਲ ਘਰੋਂ ਚਲੀ ਗਈ। ਜਦੋਂ ਕਾਫੀ ਸਮੇਂ ਬਾਅਦ ਬੱਚੀ ਬਾਥਰੂਮ ਵਿਚੋਂ ਬਾਹਰ ਨਾ ਆਈ ਤਾਂ ਚਸ਼ਮਦੀਦ ਨੇ ਬੱਚੀ ਦੇ ਪਿਤਾ ਸੁਖਜਿੰਦਰ ਸਿੰਘ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ।
ਬੱਚੀ ਦੇ ਪਿਤਾ ਨੇ ਚਸ਼ਮਦੀਦ ਨੂੰ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਦੇਖਣ ਲਈ ਕਿਹਾ ਤਾਂ ਬਾਥਟੱਬ ਵਿੱਚ ਅਸ਼ਦੀਪ ਦੀ ਲਾਸ਼ ਪਈ ਸੀ। ਮੈਡੀਕਲ ਰਿਪੋਰਟ ਵਿੱਚ ਬੱਚੀ ਦਾ ਗਲ ਘੁੱਟ ਕੇ ਕਤਲ ਕੀਤੇ ਜਾਣ ਦਾ ਖੁਲਾਸਾ ਹੋਇਆ ਸੀ।

Facebook Comment
Project by : XtremeStudioz