Close
Menu

ਭੂਤਾਂ ਵਾਲਾ ਪਹਾਡ਼

-- 08 February,2016

ਪਹਾਡ਼ ਦੇ ਪਰਲੇ ਪਾਰ ਤੋਂ ਬਡ਼ੀਆਂ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਸਨ। ਇਹ ਸਿਲਸਿਲਾ ਸਦੀਆਂ ਤੋਂ ਚੱਲ ਰਿਹਾ ਸੀ। ਪਹਾਡ਼ੀ ਲੋਕਾਂ ਵਿੱਚ ਇਨ੍ਹਾਂ ਆਵਾਜ਼ਾਂ ਨੂੰ ਲੈ ਕੇ ਬਡ਼ਾ ਸਹਿਮ ਸੀ, ਪਰ ਇਹ ਆਵਾਜ਼ਾਂ ਕਦੇ ਕਦੇ ਹੀ ਆਉਂਦੀਆਂ ਸਨ। ਲੋਕਾਂ ਵਿੱਚ ਪੀਡ਼੍ਹੀ ਦਰ ਪੀਡ਼੍ਹੀ ਬਡ਼ੀਆਂ ਗੱਲਾਂ ਚੱਲੀਆਂ ਆ ਰਹੀਆਂ ਸਨ। ਕੋਈ ਕਹਿੰਦਾ ਕਿ ਇੱਥੇ ਇੱਕ ਜਿੰਨ ਰਹਿੰਦਾ ਸੀ। ਉਸ ਦਾ ਬਹੁਤ ਵੱਡਾ ਪਰਿਵਾਰ ਸੀ। ਫਿਰ ਇੱਕ ਅਜਿਹਾ ਵਕਤ ਆਇਆ ਕਿ ਬਰਫੀਲੇ ਤੂਫ਼ਾਨ ਨਾਲ ਜਿੰਨ ਤੇ ਉਸ ਦਾ ਸਾਰਾ ਪਰਿਵਾਰ ਮਾਰਿਆ ਗਿਆ ਅਤੇ ਉਹ ਸਾਰਾ ਪਰਿਵਾਰ ਭੂਤ ਚੁਡ਼ੇਲ ਬਣ ਗਿਆ। ਕੋਈ ਕਹਿੰਦਾ ਕਿ ਇੱਥੇ ਇੱਕ ਵੱਡੀ ਚੁਡ਼ੇਲ ਰਹਿੰਦੀ ਹੈ। ਗੱਲ ਕੀ ‘ਜਿੰਨੇ ਮੂੰਹ ਓਨੀਆਂ ਗੱਲਾਂ’। ਭੂਤਾਂ ਵਾਲੇ ਪਹਾਡ਼ ਤੋਂ ਆਵਾਜ਼ਾਂ ਦੇ ਨਾਲ ਰਾਤ ਵਾਲੇ ਕਦੇ ਅੱਗ ਦੇ ਚੰਗਿਆਡ਼ੇ ਵੀ ਨਿਕਲਦੇ। ਕਈ ਵਾਰ ਅੱਗਾਂ ਵੀ ਲੱਗ ਜਾਂਦੀਆਂ। ਅਜਿਹਾ ਵਰਤਾਰਾ ਦੇਖ ਕੇ ਲੋਕ ਸਹਿਮ ਨਾਲ ਅੰਦਰ ਵਡ਼ ਜਾਂਦੇ ਤੇ ਡਰਦੇ ਬਾਹਰ ਨਾ ਨਿਕਲਦੇ।

ਇਸ ਸਭ ਤੋਂ ਲੋਕ ਬਹੁਤ ਪ੍ਰੇਸ਼ਾਨ ਸਨ। ਆਵਾਜ਼ਾਂ ਤੋਂ ਛੁਟਕਾਰਾ ਪਾਉਣ ਲਈ ਉਹ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ, ਪਰ ਕਦੇ ਆਵਾਜ਼ਾਂ ਸ਼ਾਤ ਹੋ ਕੇ ਹਫ਼ਤੇ-ਦਸ ਦਿਨ ਬਾਅਦ ਫਿਰ ਉਸੇ ਹੀ ਤਰ੍ਹਾਂ ਜਾਂ ਉਸ ਤੋਂ ਵੀ ਭਿਆਨਕ ਰੂਪ ਵਿੱਚ ਸੁਣਾਈ ਦਿੰਦੀਆਂ ਤੇ ਲੋਕ ਸਹਿਮ ਜਾਂਦੇ। ਪਿੰਡ ਵਿੱਚ ਜੇਕਰ ਕੋਈ ਬਿਮਾਰ ਹੋ ਜਾਂਦਾ ਤਾਂ ਇਲਾਜ ਦੇ ਬਹਾਨੇ ਅਖੌਤੀ ਜੋਤਸ਼ੀ, ਸਿਆਣੇ ਤੇ ਸਾਧੂ ਬਾਬੇ ਲੋਕਾਂ ਦੀ ਖ਼ੂਬ ਲੁੱਟ ਕਰਦੇ, ਪਰ ਕਿਸੇ ਤੋਂ ਵੀ ਭੂਤਾਂ ਵਾਲੇ ਪਹਾਡ਼ ਦਾ ਮਸਲਾ ਹੱਲ ਨਹੀਂ ਸੀ ਹੋਇਆ। ਪਿੰਡ ਦੀਆਂ ਢਲਾਣਾਂ ’ਤੇ ਦੋ ਵੱਡੇ ਡੇਰੇ ਵੀ ਬਣ ਗਏ ਸਨ।
ਇੱਕ ਦਿਨ ਇੱਕ ਯਾਤਰੀ ਜੋ ਦੂਰ ਦੁਰਾਡੇ ਪਹਾਡ਼ਾਂ ਦੀ ਯਾਤਰਾ ’ਤੇ ਨਿਕਲਿਆ ਸੀ ਇਸ ਪਿੰਡ ਵਿੱਚ ਠਹਿਰਿਆ। ਲੋਕਾਂ ਨੇ ਉਸ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਭੂਤਾਂ ਵਾਲੇ ਪਹਾਡ਼ ਵੱਲ ਨਾ ਜਾਵੇ, ਨਹੀਂ ਤਾਂ ਉਨ੍ਹਾਂ ਨਾਲ ਕੁਝ ਵੀ ਵਾਪਰ ਸਕਦਾ ਹੈ।
ਪਿੰਡ ਵਾਲਿਆਂ ਕੋਲੋਂ ਇਹ ਸਭ ਸੁਣ ਕੇ ਯਾਤਰੀ ਜਿਸ ਦਾ ਨਾਮ ਨਾਜ਼ਮ ਦੇਵ ਸੀ, ਕੁਝ ਦੇਰ ਸੋਚਣ ਲੱਗ ਪਿਆ। ਫਿਰ ਉਸ ਨੇ ਲੋਕਾਂ ਨੂੰ ਕਿਹਾ ਕਿ ਜੇ ਭੂਤਾਂ ਵਾਲੇ ਪਹਾਡ਼ ਵੱਲ ਕੋਈ ਨਹੀਂ ਜਾਂਦਾ ਤਾਂ ਮੈਂ ਜ਼ਰੂਰ ਜਾਵਾਂਗਾ ਤੇ ਪਤਾ ਕਰਾਂਗਾ ਕਿ ਇਹ ਕੀ ਕਹਾਣੀ ਹੈ।
ਨਾਜ਼ਮ ਦੇਵ ਦੀ ਗੱਲ ਸੁਣ ਕੇ ਕੁਝ ਲੋਕ ਸੋਚੀਂ ਪੈ ਗਏ ਅਤੇ ਕੁਝ ਹੱਸਣ ਲੱਗ ਪਏ। ‘‘ਲੱਗਦਾ, ਇਹਦਾ ਦਿਮਾਗ ਖ਼ਰਾਬ ਹੋ ਗਿਆ ਹੈ। ਇਹਦੀ ਮੌਤ ਇਹਨੂੰ ’ਵਾਜ਼ਾਂ ਮਾਰ ਰਹੀ ਹੈ।” ਲੋਕਾਂ ਨੇ ਆਪਸ ਵਿੱਚ ਘੁਸਰ ਮੁਸਰ ਕੀਤੀ।
ਅਗਲੇ ਦਿਨ ਨਾਜ਼ਮ ਸਵੇਰੇ ਉੱਠਿਆ ਅਤੇ ਨਹਾ ਧੋ ਕੇ ਆਪਣਾ ਸਮਾਨ ਸੰਭਾਲ ਬੇਖੌਫ਼ ਭੂਤਾਂ ਵਾਲੇ ਪਹਾਡ਼ ਦੇ ਰਾਹ ਪੈ ਗਿਆ। ਤਮਾਸ਼ਾ ਦੇਖਣ ਵਾਲੇ ਲੋਕ ਕੁਝ ਦੂਰੀ ਤਕ ਤਾਂ ਉਸ ਨਾਲ ਗਏ, ਪਰ ਫਿਰ ਡਰਦੇ ਵਾਪਸ ਆ ਗਏ। ਤੁਰਦਾ ਤੁਰਦਾ ਨਾਜ਼ਮ ਭੂਤਾਂ ਵਾਲੇ ਪਹਾਡ਼ ’ਤੇ ਪਹੁੰਚ ਗਿਆ। ਉਹ ਉਸ ਦਿਨ ਵਾਪਸ ਨਾ ਆਇਆ। ਅਗਲਾ ਦਿਨ ਵੀ ਲੰਘ ਗਿਆ ਤੇ ਉਹ ਨਾ ਮੁਡ਼ਿਆ ਅਤੇ ਪਹਾਡ਼ ਵਾਲੇ ਪਾਸਿਓਂ ਅੱਗ ਦੇ ਚੰਗਿਆਡ਼ੇ ਵੀ ਨਹੀਂ ਨਿਕਲੇ ਸਨ ਤੇ ਨਾ ਹੀ ਕੋਈ ਡਰਾਉਣੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ। ਲੋਕਾਂ ਸਮਝਿਆ ਭੂਤਾਂ ਨੇ ਉਸ ਯਾਤਰੀ ਨੂੰ ਮਾਰ ਦਿੱਤਾ ਹੈ। ਇਸ ਲਈ ਪਹਾਡ਼ ਓਹਲੇ ਸ਼ਾਂਤੀ ਹੈ। ਅੱਗੇ ਵੀ ਕਈ ਵਾਰ ਕੁਝ ਦਿਨ ਸ਼ਾਂਤੀ ਹੋ ਜਾਂਦੀ ਸੀ। ਚਾਰ ਦਿਨ ਬੀਤ ਗਏ, ਪਰ ਯਾਤਰੀ ਵਾਪਸ ਨਾ ਮੁਡ਼ਿਆ। ਫਿਰ ਇੱਕ ਦਿਨ ਉੱਚੇ ਚੰਗਿਆਡ਼ੇ ਨਿਕਲੇ ਤੇ ਭਿਆਨਕ ਆਵਾਜ਼ਾਂ ਆਈਆਂ। ਇਸ ਤੋਂ ਅਗਲੇ ਦਿਨ ਨਾਜ਼ਮ ਵਾਪਸ ਪਿੰਡ ਆ ਗਿਆ। ਪਿੰਡ ਦੇ ਲੋਕਾਂ ਨੂੰ ਯਕੀਨ ਨਾ ਹੋਇਆ। ਲੋਕਾਂ ਦੀ ਭੀਡ਼ ਇਕੱਠੀ ਹੋ ਗਈ। ਨਾਜ਼ਮ ਨੇ ਉੱਚੀ ਆਵਾਜ਼ ਵਿੱਚ ਕਿਹਾ, ‘‘ਦੋਸਤੋ, ਇੱਕ ਗੱਲ ਯਾਦ ਰੱਖਣਾ ਜਿਹਡ਼ੀਆਂ ਗੱਲਾਂ ਨੂੰ ਅਸੀਂ ਸਦੀਆਂ ਤੋਂ ਸੱਚ ਮੰਨ ਰਹੇ ਹਾਂ, ਜ਼ਰੂਰੀ ਨਹੀਂ ਕਿ ਉਹ ਸੱਚ ਹੋਣ ਅਤੇ ਜਿਨ੍ਹਾਂ ਨੂੰ ਅਸੀਂ ਝੂਠ ਮੰਨਦੇ ਹਾਂ, ਜ਼ਰੂਰੀ ਨਹੀਂ ਕਿ ਉਹ ਝੂਠ ਹੋਣ।”
‘‘ਅਸੀਂ ਕੁਝ ਸਮਝੇ ਨਹੀਂ।” ਬਹੁਤ ਸਾਰੇ ਲੋਕ ਬੋਲੇ।
‘‘ਜਾਣਦੇ ਹੋ ਤੁਸੀਂ ਕੁਝ ਕਿਉਂ ਨਹੀਂ ਸਮਝੇ? ਤੁਸੀਂ ਇਸ ਲਈ ਨਹੀਂ ਸਮਝੇ ਕਿਉਂਕਿ ਤੁਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੋ ਆਪਣੇ ਦਿਮਾਗ ਨੂੰ ਖੁੱਲ੍ਹਾ ਰੱਖ ਕੇ ਕੁਝ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਉਹ ਸਮਝ ਜਾਂਦੇ ਹਨ ਤੇ ਨਵੀਆਂ ਪਿਰਤਾਂ ਪਾਉਂਦੇ ਹਨ। ਮੈਂ ਭੂਤਾਂ ਵਾਲੇ ਪਹਾਡ਼ ਦਾ ਰਹੱਸ ਜਾਣ ਲਿਆ ਹੈ। ਤੁਸੀਂ ਵੀ ਮੇਰੇ ਨਾਲ ਚੱਲ ਕੇ ਸੱਚ ਜਾਣ ਲਵੋ।’’
ਕੁਝ ਚਿਰ ਹਿਚਕਚਾਹਟ ਤੋਂ ਬਾਅਦ ਤਕਰੀਬਨ ਸਾਰਾ ਪਿੰਡ ਹੀ ਨਾਜ਼ਮ ਨਾਲ ਜਾਣ ਲਈ ਤਿਆਰ ਹੋ ਗਿਆ ਅਤੇ ਸਾਰੇ ਭੂਤਾਂ ਵਾਲੇ ਪਹਾਡ਼ ’ਤੇ ਪਹੁੰਚ ਗਏ। ਲੋਕਾਂ ਨੂੰ ਉਸ ਇਲਾਕੇ ਦੀ ਕੁਦਰਤੀ ਦਿੱਖ ਬਾਰੇ ਦੱਸਦਿਆਂ ਨਾਜ਼ਮ ਨੇ ਕਿਹਾ ਕਿ ਜਿੱਥੇ ਅਸੀਂ ਖਡ਼੍ਹੇ ਹਾਂ ਇੱਥੇ ਉੱਚੇ ਪਰਬਤਾਂ ਦੀਆਂ ਦੋ ਲਡ਼ੀਆਂ ਜੁਡ਼ਦੀਆਂ ਹਨ ਤੇ ਇੱਕ ਤਿਕੋਣ ਬਣਦੀ ਹੈ।
ਕਦੇ ਕਦੇ ਹਫ਼ਤੇ ਵਿੱਚ ਇੱਕ ਦੋ ਦਿਨ ਇਨ੍ਹਾਂ ਪਹਾਡ਼ਾਂ ਦੇ ਦਰਮਿਆਨ ਤੇਜ਼ ਹਨੇਰੀ ਚੱਲਦੀ ਹੈ ਅਤੇ ਜਿੱਥੇ ਅਸੀਂ ਖਡ਼੍ਹੇ ਹਾਂ ਇੱਥੇ ਆ ਕੇ ਹਵਾ ਦਾ ਰੁਖ਼ ਕੁਝ ਉੱਪਰ ਨੂੰ ਹੋ ਜਾਂਦਾ ਹੈ ਜਿਸ ਕਰਕੇ ਇੱਥੋਂ ਦੇ ਸਾਰੇ ਉੱਚੇ ਦਰੱਖਤਾਂ ਤੋਂ ਸਾਂ ਸਾਂ ਦੀਆਂ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਹਨ ਜੋ ਦੂਰ ਤਕ ਸੁਣਾਈ ਦਿੰਦੀਆਂ ਹਨ। ਇਸੇ ਤਰ੍ਹਾਂ ਤੇਜ਼ ਹਵਾ ਨਾਲ ਜਦੋਂ ਕੁਝ ਸੁੱਕੇ ਬਾਂਸਾਂ ਦੇ ਤਣੇ ਆਪਸ ਵਿੱਚ ਟਕਰਾਉਂਦੇ ਹਨ ਤਾਂ ਅੱਗ ਦੇ ਚੰਗਿਆਡ਼ੇ ਨਿਕਲਦੇ ਹਨ। ਇਹ ਹੈ ਭੂਤਾਂ ਵਾਲੇ ਇਸ ਪਹਾਡ਼ ਦਾ ਸੱਚ।
ਹੈਰਾਨ ਹੋਏ ਲੋਕ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ।

ਗੁਰਚਰਨ ਨੂਰਪੁਰ

Facebook Comment
Project by : XtremeStudioz